ਮੈਡੀਕਲ ਵੈਨਾਂ ਰਾਹੀਂ 144 ਮਰੀਜ਼ਾਂ ਦੀ ਜਾਂਚ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਨਵੰਬਰ
ਸੰਸਦ ਮੈਂਬਰ ਨਵੀਨ ਜਿੰਦਲ ਨੇ ਲੋਕ ਸਭਾ ਹਲਕਾ ਕੁਰੂਕਸ਼ੇਤਰ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਤਿੰਨ ਮੈਡੀਕਲ ਯੂਨਿਟ ਸ਼ੁਰੂ ਕੀਤੇ ਹਨ, ਜਿਨ੍ਹਾਂ ਰਾਹੀਂ ਖੇਤਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸ਼ਨਿਚਰਵਾਰ ਨੂੰ ਬਾਬੈਨ ਬਲਾਕ ਦੇ ਪਿੰਡ ਸੈਣੀ ਮਾਜਰਾ ਅਤੇ ਬਾਅਦ ਦੁਪਹਿਰ ਪਿੰਡ ਮੰਗੋਲੀ ਜਟਾਣਾਂ ਵਿੱਚ ਮੈਡੀਕਲ ਵੈਨ ਪਹੁੰਚੀ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ। ਨਵੀਨ ਜਿੰਦਲ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਇਸ ਮੋਬਾਈਲ ਮੈਡੀਕਲ ਯੂਨਿਟ ਵਿੱਚ ਐਮਬੀਬੀਐਸ ਡਾਕਟਰ ਵੱਲੋਂ ਸਲਾਹ-ਮਸ਼ਵਰੇ ਅਤੇ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਡਾਕਟਰ ਨੇ ਲੋਕਾਂ ਦੇ ਖੂਨ ਅਤੇ ਪਿਸ਼ਾਬ ਦੇ ਟੈਸਟ ਵੀ ਕੀਤੇ। ਇਨ੍ਹਾਂ ਮੋਬਾਈਲ ਮੈਡੀਕਲ ਯੂਨਿਟਾਂ ਦੇ ਸੰਚਾਲਨ ਬਾਰੇ ਚਾਨਣਾ ਪਾਉਂਦਿਆਂ ਸੰਸਦ ਮੈਂਬਰ ਨਵੀਨ ਜਿੰਦਲ ਦੇ ਦਫ਼ਤਰ ਇੰਚਾਰਜ ਧਰਮਵੀਰ ਸਿੰਘ ਨੇ ਦੱਸਿਆ ਕਿ ਸੰਸਦ ਮੈਂਬਰ ਨਵੀਨ ਜਿੰਦਲ ਵੱਲੋਂ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਹ ਮੋਬਾਈਲ ਮੈਡੀਕਲ ਯੂਨਿਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਾਬੈਨ ਬਲਾਕ ਦੇ ਦੋਵੇਂ ਪਿੰਡਾਂ ਵਿੱਚ 144 ਮਰੀਜ਼ਾਂ ਨੂੰ ਸਿਹਤ ਸਲਾਹ ਅਤੇ ਸਿਹਤ ਜਾਂਚ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਟੀਮ ਵੱਲੋਂ 34 ਵਿਅਕਤੀਆਂ ਦੇ ਟੈਸਟ ਵੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਬਾਈਲ ਮੈਡੀਕਲ ਯੂਨਿਟਾਂ ਰਾਹੀਂ ਲੋਕਾਂ ਨੂੰ ਖਾਣ-ਪੀਣ ਸਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੀ ਤਰਫੋਂ ਸਿਹਤ ਦੇ ਖੇਤਰ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਲਈ ਅਜਿਹੇ ਉਪਰਾਲੇ ਜਾਰੀ ਰਹਿਣਗੇ।