ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਵਾਰ ਇਮਤਿਹਾਨ

07:33 AM Jan 22, 2024 IST

ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ (ਸੀਬੀਐੱਸਈ) 2024-25 ਦੇ ਅਕਾਦਮਿਕ ਸੈਸ਼ਨ ਤੋਂ ਦਸਵੀਂ ਅਤੇ ਬਾਰ੍ਹਵੀਂ ਦੇ ਇਮਤਿਹਾਨ ਸਾਲ ਵਿਚ ਦੋ ਵਾਰ ਲੈਣ ਦੀ ਵਿਵਸਥਾ ਕਰਨ ਵਾਲਾ ਦੇਸ਼ ਦਾ ਪਹਿਲਾ ਸਕੂਲ ਬੋਰਡ ਬਣ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਇਮਤਿਹਾਨ ਨਵੰਬਰ ਦਸੰਬਰ ਵਿਚ ਲਏ ਜਾਣਗੇ ਅਤੇ ਜੇ ਕਿਸੇ ਵਿਦਿਆਰਥੀ/ਵਿਦਿਆਰਥਣ ਨੂੰ ਅਗਲੀ ਵਾਰ ਬਿਹਤਰ ਕਾਰਗੁਜ਼ਾਰੀ ਦਿਖਾਉਣ ਦੀ ਲੋੜ ਮਹਿਸੂਸ ਹੋਵੇ ਤਾਂ ਉਹ ਦੂਜੀ ਵਾਰ ਫਰਵਰੀ ਮਾਰਚ ਵਿਚ ਪ੍ਰੀਖਿਆ ਦੇ ਸਕਣਗੇ। ਦੋਵੇਂ ਵਾਰ ਦੇ ਇਮਤਿਹਾਨਾਂ ਵਿੱਚੋਂ ਬਿਹਤਰ ਕਾਰਗੁਜ਼ਾਰੀ ਵਾਲੀ ਪ੍ਰੀਖਿਆ ਦੇ ਨਤੀਜੇ ਅੰਤਿਮ ਮੰਨੇ ਜਾਣਗੇ। ਇਹ ਤਬਦੀਲੀ ਨਵੀਂ ਸਿੱਖਿਆ ਨੀਤੀ-2020 ਤਹਿਤ ਬਣਾਏ ਕੌਮੀ ਪਾਠਕ੍ਰਮ ਵਾਲੇ ਢਾਂਚੇ ਮੁਤਾਬਿਕ ਕੀਤੀ ਗਈ ਹੈ।
ਇਨ੍ਹਾਂ ਦੋ ਬਦਲਾਂ ਸਦਕਾ ਮੌਜੂਦਾ ਪ੍ਰਣਾਲੀ ਦੇ ਦੋ ਮਾੜੇ ਪ੍ਰਭਾਵ ਘਟਣਗੇ: ਇੱਕੋ ਵਾਰ ਦੇ ਇਮਤਿਹਾਨਾਂ ਦੇ ਨਤੀਜੇ ਅੰਤਿਮ ਮੰਨਣ ਅਤੇ ਇਸ ਕਾਰਨ ਬੱਚਿਆਂ ’ਤੇ ਪੈਂਦਾ ਬੇਲੋੜਾ ਬੋਝ ਤੇ ਉਪਜਦੀ ਬੇਚੈਨੀ। ਇਹ ਕਦਮ ਇਸੇ ਸਦਮੇ ਨੂੰ ਘਟਾਉਣ ਲਈ ਚੁੱਕਿਆ ਗਿਆ ਹੈ ਕਿਉਂਕਿ ਦਮਘੋਟੂ ਮਾਹੌਲ ਦੀ ਝਾਲ ਨਾ ਝੱਲ ਸਕਣ ਕਾਰਨ ਕੁਝ ਵਿਦਿਆਰਥੀ ਖ਼ੁਦਕੁਸ਼ੀ ਵੀ ਕਰ ਜਾਂਦੇ ਹਨ। ਵਿਗਿਆਨ, ਕਾਮਰਸ ਅਤੇ ਆਰਟਸ ਜਿਹੇ ਸੀਮਿਤ ਰਵਾਇਤੀ ਵਿਸ਼ਿਆਂ ਦੀ ਥਾਂ ਵਿਦਿਆਰਥੀਆਂ ਨੂੰ ਆਪਣੀ ਮਰਜ਼ੀ ਨਾਲ ਵਿਸ਼ੇ ਚੁਣਨ ਦੀ ਖੁੱਲ੍ਹ ਜਿਹੇ ਹੋਰ ਸੁਧਾਰਾਂ ਦੇ ਨਾਲ ਨਾਲ ਇਹ ਕਦਮ ਵਿਦਿਆਰਥੀਆਂ ਨੂੰ ਰੱਟੇ ਲਾਉਣ ਵਾਲੀ ਸਿੱਖਿਆ ਪ੍ਰਾਪਤ ਕਰਨ ਦੀ ਥਾਂ ਮੌਲਿਕ ਅਕਾਦਮਿਕ ਸੰਕਲਪਾਂ ਅਤੇ ਮੁਹਾਰਤ ’ਤੇ ਆਪਣੀ ਪਕੜ ਬਾਰੇ ਜਾਣਨ ਵੱਲ ਤੋਰੇਗਾ। ਇਸ ਨਾਲ ਵਿਦਿਆਰਥੀਆਂ ਲਈ ਅਗਾਂਹ ਵਾਲੇ ਹੋਰ ਰਾਹ ਵੀ ਖੁੱਲ੍ਹਣਗੇ।
ਸਕੂਲੀ ਸਿੱਖਿਆ ਦੇ ਕਾਇਆ ਕਲਪ ਦੀ ਕਾਮਯਾਬੀ ਉੱਪਰ ਦੱਸੇ ਉਦੇਸ਼ ਹਾਸਲ ਕਰਨ ਦੀ ਸਮੱਰਥਾ ਨਾਲ ਹੀ ਪਰਖੀ ਨਹੀਂ ਜਾਣੀ ਸਗੋਂ ਸਮਾਜ ਦੇ ਸਹੂਲਤਾਂ ਤੋਂ ਵਾਂਝੇ ਅਤੇ ਅਮੀਰ ਵਰਗਾਂ ਦੇ ਬੱਚਿਆਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾ ਕੇ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਗਿਆਨ ਦੇ ਮੁਲਾਂਕਣ ਨੂੰ ਵਧੇਰੇ ਵਾਜਬ ਅਤੇ ਨਿਰਪੱਖ ਬਣਾਉਣਾ ਵੀ ਇਸ ਦੀ ਕਸਵੱਟੀ ਹੋਵੇਗਾ। ਦੇਸ਼ ਦੇ ਆਲਮੀ ਸ਼ਕਤੀ ਬਣਨ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਨ੍ਹਾਂ ਦੋਵਾਂ ਵਰਗਾਂ ਵਿਚਲਾ ਵੱਡਾ ਪਾੜਾ ਘਟਾਉਣਾ ਜ਼ਰੂਰੀ ਹੈ ਕਿਉਂਕਿ ਇਸ ਸਦਕਾ ਸਾਡੇ ਕੋਲ ਵੱਧ ਗਿਣਤੀ ਵਿਚ ਪ੍ਰਤਿਭਾਸ਼ਾਲੀ ਵਿਅਕਤੀ ਹੋਣਗੇ। ਇਹ ਇਸ ਕਰ ਕੇ ਵੀ ਜ਼ਰੂਰੀ ਹੈ ਤਾਂ ਕਿ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣ ਅਤੇ ਉਨ੍ਹਾਂ ਦੀ ਲਿਆਕਤ ਵੀ ਉੱਭਰ ਕੇ ਸਾਹਮਣੇ ਆ ਸਕੇ। ਇਹ ਵਿੱਦਿਅਕ ਢਾਂਚਾ ਸਾਰੀਆਂ ਜਮਾਤਾਂ ਵਿਚ ਵਿਦਿਆਰਥੀਆਂ ਨੂੰ ਮਰਜ਼ੀ ਮੁਤਾਬਿਕ ਵਿਸ਼ੇ ਪੜ੍ਹਨ ਦੀ ਖੁੱਲ੍ਹ ਦੇਵੇਗਾ। ਸ਼ਾਇਦ ਇਸ ਨਾਲ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਪੜ੍ਹਨ, ਲਿਖਣ ਅਤੇ ਹਿਸਾਬ ਵਿਚ ਫਾਡੀ ਰਹਿਣ ਦੀ ਸਮੱਸਿਆ ਵੀ ਸੁਲਝਾਈ ਜਾ ਸਕੇ ਅਤੇ ਫਿਰ ਅਗਲਾ ਵਰਕਾ ਫਰੋਲਿਆ ਜਾ ਸਕੇ।

Advertisement

Advertisement