For the best experience, open
https://m.punjabitribuneonline.com
on your mobile browser.
Advertisement

ਪ੍ਰੀਖਿਆ ਫੀਸ ਦੀ ਸਮੱਸਿਆ

06:16 AM Sep 04, 2024 IST
ਪ੍ਰੀਖਿਆ ਫੀਸ ਦੀ ਸਮੱਸਿਆ
Advertisement

ਪ੍ਰਿੰਸੀਪਲ ਵਿਜੈ ਕੁਮਾਰ

Advertisement

ਮੈਂ ਜਿਸ ਸਕੂਲ ’ਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਿਹਾ ਸਾਂ ਉਸ ਸਕੂਲ ’ਚ ਬਹੁਤ ਸਾਰੀਆਂ ਬਾਲੜੀਆਂ ਦੇ ਮਾਪਿਆਂ ਦੀ ਆਰਥਿਕ ਤੰਗੀ ਉਨ੍ਹਾਂ ਦੀ ਪੜ੍ਹਾਈ ਦੇ ਰਾਹ ’ਚ ਅੜਿੱਕਾ ਸੀ। ਕਈ ਬਾਲੜੀਆਂ ਆਪਣੇ ਮਾਪਿਆਂ ਦੀ ਆਰਥਿਕ ਤੰਗੀ ਕਾਰਨ ਸਕੂਲ ਪੱਧਰ ’ਤੇ ਅੱਧਵਾਟੇ ਹੀ ਪੜ੍ਹਾਈ ਛੱਡ ਜਾਂਦੀਆਂ ਸਨ ਜਾਂ ਫੇਰ ਦਸਵੀਂ ਜਾਂ ਬਾਰ੍ਹਵੀਂ ਜਮਾਤ ਪਾਸ ਕਰਕੇ ਘਰ ਬੈਠ ਜਾਂਦੀਆਂ ਸਨ। ਕਾਲਜ ਪੱਧਰ ਤੱਕ ਬਹੁਤ ਘੱਟ ਬੱਚੀਆਂ ਪਹੁੰਚਦੀਆਂ ਸਨ। ਸਾਡੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਰਹਿ ਚੁੱਕੇ ਅਰਥ ਸ਼ਾਸ਼ਤਰ ਦੇ ਲੈਕਚਰਾਰ ਸ਼ਸ਼ੀ ਬਾਲੀ ਬਹੁਤ ਹੀ ਨੇਕ ਦਿਲ ਔਰਤ ਸਨ। ਉਹ ਸਕੂਲ ਦੀਆਂ ਬਾਲੜੀਆਂ ਦੀ ਬਹੁਤ ਮਦਦ ਕਰਦੇ ਸਨ। ਮੈਨੂੰ ਸਕੂਲ ’ਚ ਆਏ ਹੋਏ ਨੂੰ ਦੋ ਕੁ ਸਾਲ ਹੀ ਹੋਏ ਸਨ। ਸਕੂਲ ਦੀ ਦਸਵੀਂ ਜਮਾਤ ਦਾ ਦਾਖਲਾ ਜਾ ਰਿਹਾ ਸੀ। ਇੱਕ ਦਿਨ ਦਸਵੀਂ ਜਮਾਤ ਦੀਆਂ ਇੰਚਾਰਜ ਅਧਿਆਪਕਾਵਾਂ ਮੇਰੇ ਦਫਤਰ ’ਚ ਆ ਕੇ ਦੱਸਣ ਲੱਗੀਆਂ ਕਿ ਦਸਵੀਂ ਜਮਾਤ ਦੀਆਂ 12 ਵਿਦਿਆਰਥਣਾਂ ਸਕੂਲ ਨਹੀਂ ਆ ਰਹੀਆਂ। ਦਸਵੀਂ ਜਮਾਤ ਦਾ ਦਾਖਲਾ ਜਾਣ ਲਈ ਕੇਵਲ ਸੱਤ ਦਿਨ ਹੀ ਬਾਕੀ ਰਹਿ ਗਏ ਹਨ। ਮੈਂ ਉਨ੍ਹਾਂ ਅਧਿਆਪਕਾਵਾਂ ਨੂੰ ਪ੍ਰਸ਼ਨ ਕੀਤਾ ਕਿ ਕੀ ਤੁਸੀਂ ਉਨ੍ਹਾਂ ਦੇ ਘਰ ਫੋਨ ਕੀਤਾ ਹੈ? ਉਨ੍ਹਾਂ ਦਾ ਜਵਾਬ ਸੀ ਕਿ ‘ਹਾਂ ਸਰ’ ਕੀਤਾ ਸੀ ਪਰ ਉਨ੍ਹਾਂ ਦੇ ਫੋਨ ਬੰਦ ਆ ਰਹੇ ਹਨ। ਮੈਂ ਉਨ੍ਹਾਂ ਤੋਂ ਬਾਲੜੀਆਂ ਦੇ ਨਾ ਆਉਣ ਅਤੇ ਫੋਨ ਬੰਦ ਹੋਣ ਦਾ ਕਾਰਨ ਪੁੱਛਿਆ। ਉਨ੍ਹਾਂ ਦੱਸਿਆ ਕਿ ਇਹ ਕੁੜੀਆਂ ਦਸਵੀਂ ਜਮਾਤ ਦੀ ਪ੍ਰੀਖਿਆ ਫੀਸ ਨਾ ਦੇ ਸਕਣ ਕਾਰਨ ਸਕੂਲ ਆਉਣਾ ਬੰਦ ਕਰ ਦਿੰਦੀਆਂ ਹਨ ਅਤੇ ਵਾਰ ਵਾਰ ਸੁਨੇਹੇ ਦੇਣ ’ਤੇ ਵੀ ਸਕੂਲ ਨਹੀਂ ਆਉਂਦੀਆਂ। ਫੋਨ ਬੰਦ ਕਰ ਲੈਂਦੀਆਂ ਹਨ। ਉਨ੍ਹਾਂ ’ਚੋਂ ਕਈ ਪੈਸਿਆਂ ਦਾ ਪ੍ਰਬੰਧ ਹੋਣ ’ਤੇ ਆਪਣਾ ਦਾਖਲਾ ਭੇਜ ਦਿੰਦੀਆਂ ਹਨ ਤੇ ਕਈ ਪੜ੍ਹਾਈ ਛੱਡ ਵੀ ਜਾਂਦੀਆਂ ਹਨ। ਮੈਂ ਉਨ੍ਹਾਂ ਨੂੰ ਅਗਲਾ ਸਵਾਲ ਕੀਤਾ ਕਿ ਇਨ੍ਹਾਂ ਬੱਚੀਆਂ ਦੀ ਪੜ੍ਹਾਈ ’ਚ ਸਥਿਤੀ ਕਿਹੋ ਜਿਹੀ ਹੈ? ਉਨ੍ਹਾਂ ਦਾ ਜਵਾਬ ਸੀ ਕਿ ਇਹ ਕੁੜੀਆਂ ਪੜ੍ਹਾਈ ਵਿੱਚ ਤਾਂ ਬਹੁਤ ਚੰਗੀਆਂ ਹਨ। ਮੈਂ ਉਨ੍ਹਾਂ ਅਧਿਆਪਕਾਵਾਂ ਤੋਂ ਪੁੱਛਿਆ ਕਿ ਇਨ੍ਹਾਂ 12 ਬੱਚੀਆਂ ਦੀ ਕਿੰਨੀ ਪ੍ਰੀਖਿਆ ਫੀਸ ਬਣਦੀ ਹੈ? ਉਨ੍ਹਾਂ ਦਾ ਜਵਾਬ ਸੀ ਕਿ 800 ਰੁਪਏ ਦੇ ਹਿਸਾਬ ਨਾਲ ਇਨ੍ਹਾਂ ਬੱਚੀਆਂ ਦੀ ਕੁੱਲ ਫੀਸ 9600 ਰੁਪਏ ਬਣਦੀ ਹੈ।
ਮੈਂ ਅੱਗੋਂ ਕਿਹਾ, ‘‘ਮੈਡਮ, ਤੁਸੀਂ ਇਨ੍ਹਾਂ ਬੱਚੀਆਂ ਦੀ ਕਾਗਜ਼ੀ ਕਾਰਵਾਈ ਪੂਰੀ ਕਰ ਲਓ, ਇਨ੍ਹਾਂ ਦੀ ਬਣਦੀ ਫੀਸ ਮੈਥੋਂ ਲੈ ਲੈਣਾ।’’ ਸਕੂਲ ਦੀ ਵਾਈਸ ਪ੍ਰਿੰਸੀਪਲ ਨੇ ਮੇਰੇ ਕਹਿਣ ਅਨੁਸਾਰ ਉਨ੍ਹਾਂ ਬੱਚੀਆਂ ਦੀ ਕੁਝ ਫੀਸ ਸਕੂਲ ਦੀਆਂ ਅਧਿਆਪਕਾਵਾਂ ਤੋਂ ਇਕੱਠੀ ਕਰ ਲਈ ਤੇ ਕੁਝ ਅਸੀਂ ਦੋਹਾਂ ਨੇ ਪਾ ਦਿੱਤੀ। ਮੈਂ ਉਨ੍ਹਾਂ ਅਧਿਆਪਕਾਵਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਬੱਚੀਆਂ ਦੇ ਘਰ ਇਹ ਕਹਿ ਕੇ ਭੇਜਿਆ ਕਿ ਉਹ ਆਪਣੀਆਂ ਧੀਆਂ ਨੂੰ ਸਕੂਲ ਲੈ ਕੇ ਸਕੂਲ ਆਉਣ। ਇੱਕ ਦਿਨ ਉਹ ਬੱਚੀਆਂ ਆਪਣੇ ਮਾਪਿਆਂ ਨਾਲ ਸਕੂਲ ਆ ਗਈਆਂ। ਉਨ੍ਹਾਂ ’ਚੋਂ ਇੱਕ ਬੱਚੀ ਕਹਿਣ ਦੇ ਬਾਵਜੂਦ ਸਕੂਲ ਨਹੀਂ ਆਈ। ਉਨ੍ਹਾਂ ਸਾਰੀਆਂ ਬੱਚੀਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਤਾਂ ਮੁਸ਼ਕਿਲ ਨਾਲ ਚੱਲਦਾ ਹੈ, ਇਨ੍ਹਾਂ ਦੀ ਪੜ੍ਹਾਈ ਦਾ ਖਰਚਾ ਕਿੱਥੋਂ ਕਰੀਏ? ਮੈਂ ਉਨ੍ਹਾਂ ਸਾਰਿਆਂ ਦੀ ਗੱਲ ਸੁਣਕੇ ਕਿਹਾ, ‘‘ਤੁਸੀਂ ਆਪਣੀਆਂ ਧੀਆਂ ਨੂੰ ਸਿਰਫ਼ ਸਕੂਲ ਹੀ ਭੇਜਣਾ ਹੈ, ਪੜ੍ਹਾਈ ਦੇ ਖਰਚੇ ਦੀ ਗੱਲ ਸਾਡੇ ਉੱਤੇ ਛੱਡ ਦਿਓ।’’ ਉਹ ਆਪਣੀਆਂ ਬੱਚੀਆਂ ਨੂੰ ਸਕੂਲ ਭੇਜਣ ਦੀ ਗੱਲ ਕਹਿਕੇ ਆਪਣੇ ਘਰ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਅਧਿਆਪਕਾਵਾਂ ਮੈਨੂੰ ਕਹਿਣ ਲੱਗੀਆਂ ਕਿ ਉਨ੍ਹਾਂ ਨੂੰ ਕਈ ਸਾਲ ਹੋ ਗਏ ਨੇ ਇਸ ਸਕੂਲ ਵਿੱਚ, ਇਨ੍ਹਾਂ ’ਚੋਂ ਅੱਧੀਆਂ ਕੁੜੀਆਂ ਨੇ ਵੀ ਨਹੀਂ ਆਉਣਾ। ਮੈਂ ਉਨ੍ਹਾਂ ਅਧਿਆਪਕਾਵਾਂ ਨੂੰ ਕਿਹਾ ਕਿ ਆਪਾਂ ਯਤਨ ਕਰਨੇ ਨੇ, ਬਾਕੀ ਸਫਲਤਾ ਅਸਫਲਤਾ ਉੱਪਰ ਵਾਲੇ ਦੇ ਹੱਥ ਛੱਡ ਦਿਓ। ਇਨ੍ਹਾਂ ਬੱਚੀਆਂ ਦਾ ਸਾਰਾ ਖਰਚਾ ਸਕੂਲ ਕਰੇਗਾ। ਜਿਹੜੀ ਕੁੜੀ ਆਪਣੇ ਮਾਪਿਆਂ ਨੂੰ ਲੈ ਕੇ ਨਹੀਂ ਆਈ ਸੀ, ਮੈਂ ਉਨ੍ਹਾਂ ਦੇ ਘਰ ਪਹੁੰਚ ਗਿਆ।
ਉਸ ਕੁੜੀ ਨੇ ਘਰ ਵੜਦਿਆਂ ਹੀ ਮੈਨੂੰ ਕਹਿ ਦਿੱਤਾ, ‘‘ਸਰ, ਮੈਨੂੰ ਬਾਕੀ ਕੁੜੀਆਂ ਨੇ ਸਾਰੀ ਗੱਲ ਦੱਸ ਦਿੱਤੀ ਹੈ, ਮੈਂ ਵੀ ਸਵੇਰੇ ਸਕੂਲ ਆਉਣਾ ਹੈ।’’ ਕਹਿੰਦੇ ਨੇ ਸਿਰਫ਼ ਸ਼ੁਰੂਆਤ ਕਰਨ ਦੀ ਲੋੜ ਹੁੰਦੀ ਹੈ। ਜੇਕਰ ਇਰਾਦਾ ਨੇਕ ਹੋਵੇ ਤਾਂ ਬਾਕੀ ਜ਼ਿੰਮੇਵਾਰੀ ਲੋਕ ਆਪਣੇ ਆਪ ਲੈ ਲੈਂਦੇ ਹਨ। ਮੈਂ ਹਰ ਰੋਜ਼ ਸਵੇਰ ਦੀ ਪ੍ਰਾਰਥਨਾ ਸਭਾ ’ਚ ਕੁੜੀਆਂ ਦਾ ਪੜ੍ਹਨਾ ਕਿਉਂ ਜ਼ਰੂਰੀ ਹੈ, ਵਿਸ਼ੇ ਉਪਰ ਬੋਲਣਾ ਸ਼ੁਰੂ ਕਰ ਦਿੱਤਾ। ਸਕੂਲ ਦਾ ਮਾਹੌਲ ਹੀ ਬਦਲ ਗਿਆ। ਸਕੂਲ ਦੀਆਂ ਬੱਚੀਆਂ ਦੀ ਪਹਿਲਾਂ ਨਾਲੋਂ ਗ਼ੈਰਹਾਜ਼ਰੀ ਘਟ ਗਈ। ਸਕੂਲ ਦੀਆਂ ਅਧਿਆਪਕਾਵਾਂ ਨੇ ਹੀ ਉਨ੍ਹਾਂ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਦੇਣਾ ਸ਼ੁਰੂ ਕਰ ਦਿੱਤਾ। ਉਹ ਬੱਚੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਨ ਲੱਗ ਪਈਆਂ। ਮੈਂ ਦਾਨੀ ਸੱਜਣਾਂ ਅਤੇ ਪੁਸਤਕ ਪ੍ਰਕਾਸ਼ਕਾਂ ਦੀ ਮਦਦ ਨਾਲ ਸਕੂਲ ਦੀ ਲਾਇਬ੍ਰੇਰੀ ’ਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਹਰ ਗਰੁੱਪ ਦੀਆਂ ਪੁਸਤਕਾਂ ਰਖਵਾ ਦਿੱਤੀਆਂ। ਸਕੂਲ ਦੀਆਂ ਅਧਿਆਪਕਾਵਾਂ ਲੋੜਵੰਦ ਬੱਚੀਆਂ ਨੂੰ ਉਨ੍ਹਾਂ ਵਿੱਚੋਂ ਪੁਸਤਕਾਂ ਦੇਣ ਲੱਗ ਪਈਆਂ।
ਵਿਦਿਅਕ ਵਰ੍ਹਾ ਖ਼ਤਮ ਹੋਣ ’ਤੇ ਬੱਚੀਆਂ ਉਹ ਪੁਸਤਕਾਂ ਮੋੜ ਦਿੰਦੀਆਂ ਤੇ ਉਹ ਪੁਸਤਕਾਂ ਦੂਜੀਆਂ ਬੱਚੀਆਂ ਨੂੰ ਦੇ ਦਿੱਤੀਆਂ ਜਾਂਦੀਆਂ। ਸਕੂਲ ਦੀਆਂ ਅਧਿਆਪਕਾਵਾਂ ਦੇ ਸਹਿਯੋਗ ਨੇ ਸਕੂਲ ਦਾ ਮਾਹੌਲ ਅਜਿਹਾ ਬਣਾ ਦਿੱਤਾ ਕਿ ਉਹ ਇੱਕ ਦੂਜੇ ਤੋਂ ਵਧਕੇ ਸਕੂਲ ਦੀਆਂ ਬੱਚੀਆਂ ਦੀਆਂ ਵਰਦੀਆਂ, ਫੀਸਾਂ ਅਤੇ ਪੁਸਤਕਾਂ ਦਾ ਖਰਚਾ ਦੇਣ ਲੱਗ ਪਈਆਂ। ਮੈਨੂੰ ਇੱਕ ਦਿਨ ਸਕੂਲ ਦੀ ਵਾਈਸ ਪ੍ਰਿੰਸੀਪਲ ਮੈਡਮ ਕਹਿਣ ਲੱਗੇ ਕਿ ਹੁਣ ਤਾਂ ਸਕੂਲ ਦਾ ਮਾਹੌਲ ਹੀ ਬਦਲ ਗਿਆ ਹੈ। ਕੁੜੀਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਬਹੁਤ ਵਧ ਗਈ ਹੈ। ਸਕੂਲ ਦੀਆਂ ਅਧਿਆਪਕਾਵਾਂ ਬੱਚੀਆਂ ਨੂੰ ਬਹੁਤ ਮਿਹਨਤ ਕਰਵਾਉਣ ਲੱਗ ਪਈਆਂ ਹਨ। ਮੈਂ ਮੈਡਮ ਨੂੰ ਕਿਹਾ ਕਿ ਜਦੋਂ ਆਪਾਂ ਬਿਨਾ ਕਿਸੇ ਸਵਾਰਥ ਤੋਂ ਕੋਈ ਕੰਮ ਕਰਦੇ ਹਾਂ ਤਾਂ ਉਸ ਦੇ ਚੰਗੇ ਨਤੀਜੇ ਜ਼ਰੂਰ ਨਿਕਲਦੇ ਹਨ।
ਉਨ੍ਹਾਂ 12 ਵਿਦਿਆਰਥਣਾਂ ਨੇ ਦਸਵੀਂ ਜਮਾਤ ’ਚੋਂ 70 ਤੋਂ 80 ਫ਼ੀਸਦੀ ਅੰਕ ਪ੍ਰਾਪਤ ਕੀਤੇ। ਉਨ੍ਹਾਂ ਸਾਰੀਆਂ ਬੱਚੀਆਂ ਨੇ ਗਿਆਰ੍ਹਵੀਂ ਜਮਾਤ ’ਚ ਕਾਮਰਸ ਤੇ ਸਾਇੰਸ ਗਰੁੱਪ ਲਿਆ। ਬਾਰ੍ਹਵੀਂ ਜਮਾਤ ’ਚ ਉਨ੍ਹਾਂ ਬੱਚੀਆਂ ਨੇ 85 ਤੋਂ 92 ਫ਼ੀਸਦੀ ਅੰਕ ਪ੍ਰਾਪਤ ਕੀਤੇ। ਆਜ਼ਾਦੀ ਦਿਵਸ ’ਤੇ ਤਹਿਸੀਲ ਪੱਧਰ ’ਤੇ ਸਨਮਾਨਿਤ ਹੋਣ ਵਾਲੇ ਬੱਚਿਆਂ ’ਚ ਉਨ੍ਹਾਂ ਵਿੱਚੋਂ 7 ਬੱਚੀਆਂ ਸ਼ਾਮਿਲ ਸਨ। ਉਨ੍ਹਾਂ ਬੱਚੀਆਂ ਨੇ ਕਾਲਜਾਂ ਵਿੱਚ ਜਾ ਕੇ ਬੀਐੱਸਸੀ ਨਰਸਿੰਗ, ਐੱਮਐੱਸਸੀ ਅਤੇ ਐੱਮ.ਕਾਮ ਤੇ ਹੋਰ ਖੇਤਰਾਂ ਦੀ ਪੜ੍ਹਾਈ ਕੀਤੀ। ਅੱਜ ਉਸ ਸਕੂਲ ’ਚ ਭਾਵੇਂ ਮੈਂ ਨਹੀਂ ਹਾਂ ਪਰ ਹੁਣ ਉਸ ਸਕੂਲ ’ਚੋਂ ਵਿਦਿਆਰਥਣਾਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚੋ ਮੈਰਿਟਾਂ ਹਾਸਲ ਕਰਨ ਲੱਗ ਪਈਆਂ ਹਨ। ਬੱਚੀਆਂ ਨੇ ਸਕੂਲ ਤੱਕ ਹੀ ਨਹੀਂ ਅੱਗੇ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ।
ਸੰਪਰਕ: 99726-27136

Advertisement

Advertisement
Author Image

joginder kumar

View all posts

Advertisement