ਹਰੇਕ ਖਿਡਾਰੀ ਨੂੰ ਦਿੱਤਾ ਜਾਵੇਗਾ 20 ਲੱਖ ਦਾ ਮੈਡੀਕਲ ਬੀਮਾ: ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਦਸੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਦੀ ਬਦੌਲਤ ਹਰਿਆਣਾ ਦਾ ਨ੍ਹਾਂ ਵਿਸ਼ਵ ਦੇ ਖੇਡ ਨਕਸ਼ੇ ’ਤੇ ਚਮਕ ਰਿਹਾ ਹੈ। ਸੂਬੇ ਵਿਚ ਲਗਾਤਾਰ ਵੱਧ ਰਹੇ ਖੇਡ ਸਭਿਅਚਾਰ ਦੇ ਮੱਦੇਨਜ਼ਰ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਹਰੇਕ ਖਿਡਾਰੀ ਨੂੰ 20 ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰ ਮੁਹੱਈਆ ਕਰਾਉਣ ਦਾ ਸੰਕਲਪ ਲਿਆ ਹੈ । ਇਸੇ ਤਰਾਂ ਸੂਬਾ ਪੱਧਰ ’ਤੇ ਤਿੰਨ ਸਰਵੋਤਮ ਅਖਾੜਿਆਂ ਨੂੰ ਹਰ ਸਾਲ 50 ਲੱਖ, 30 ਲੱਖ ਤੇ 20 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ’ਤੇ ਵੀ ਤਿੰਨ ਸਰਵੋਤਮ ਅਖਾੜਿਆਂ ਨੂੰ 15 ਲੱਖ, 10 ਲੱਖ ਤੇ ਪੰਜ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ’ਚ ਕੌਮਾਂਤਰੀ ਗੀਤਾ ਮਹਾਉਤਸਵ ਤੇ ਹਰਿਆਣਾ ਕੁਸ਼ਤੀ ਦੰਗਲ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਜ਼ਿਲ੍ਹਾ ਤੇ ਖੇਤਰੀ ਪੱਧਰ ਦੰਗਲ ਵਿਚ ਲੱਗਪਗ 500 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ। ਅੱਜ ਕੁਸ਼ਤੀ ਦੇ ਆਖ਼ਰੀ ਪੜਾਅ ਤੇ ਪੁੱਜੇ ਕੁੱਲ 32 ਪਹਿਲਵਾਨਾਂ ਵਿਚੋਂ 16 ਲੜਕੀਆਂ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਰਾਸ਼ਟਰੀ ਪੱਧਰ ਤੇ ਖੇਡਾਂ ਦੇ ਖੇਤਰ ਵਿਚ ਕਈ ਬਦਲਾਅ ਆਏ ਹਨ। ਖੇਡਾਂ ਦਾ ਬੁਨਿਆਦੀ ਢਾਚਾਂ,ਚੋਣ ਪ੍ਰਕਿਰਿਆ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਸਕੀਮਾਂ ਦੇਣ ਤੇ ਉਨ੍ਹਾਂ ਨੂੰ ਸਿਖਲਾਈ ਦੇਣ ਦੀ ਸਕੀਮਾਂ ਨੂੰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਇਸ ਤੋਂ ਪ੍ਰੇਰਣਾ ਲੈਂਦੇ ਹੋਏ ਡਬਲ ਇੰਜਨ ਸਰਕਾਰ ਨੇ ਵੀ ਨਵੀਂ ਖੇਡ ਨੀਤੀ ਲਾਗੂ ਕੀਤੀ ਹੈ ਤੇ ਜ਼ਮੀਨੀ ਪੱਧਰ ਤੋਂ ਪ੍ਰਤਿਭਾ ਦੀ ਖੋਜ ਕਰਨ ਤੋਂ ਲੈ ਕੇ ਉਨ੍ਹਾਂ ਨੂੰ ਸਿਖਲਾਈ ਦੇਣ ਤੇ ਓਲਿੰਪਕ ਤਕ ਲਿਜਾਣ ਲਈ ਰੋਡ ਮੈਪ ਤਿਆਰ ਕੀਤਾ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਸੂਬੇ ਵਿਚ ਬਹੁਤ ਹੀ ਆਧੁਨਿਕ ਖੇਡਾਂ ਦਾ ਢਾਚਾਂ ਵਿਕਸਤ ਹੋਇਆ ਹੈ।
ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਸਾਡੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਦੀ ਬਦੌਲਤ ਸੂਬਾ ਦੇਸ਼ ਤੇ ਦੁਨੀਆਂ ਵਿਚ ਆਪਣਾ ਨਾਂ ਰੌਸ਼ਨ ਕਰ ਰਿਹਾ ਹੈ। ਇਨ੍ਹਾਂ ਦੰਗਲ ਕੁਸ਼ਤੀਆਂ ਵਿਚ ਮਹਿਲਾ ਵਰਗ ਵਿਚ ਹਿਸਾਰ ਦੀ ਨੇਹਾ ਤੇ ਪੁਰਸ਼ ਵਰਗ ਵਿਚ ਚੰਦਰ ਮੋਹਨ ਨੇ ਜਿੱਤ ਦਰਜ ਕੀਤੀ। ਹਰਿਆਣਾ ਕੁਸ਼ਤੀ ਦੰਗਲ ਵਿਚ ਪੁਰਸ਼ਾਂ ਦੇ 79 ਕਿਲੋ ਭਾਰ ਵਰਗ ਵਿਚ ਚੰਦਰਮੋਹਨ ਨੇ ਪਹਿਲਾ, ਪਰਮਿੰਦਰ ਨੇ ਦੂਜਾ, ਹਿਸਾਰ ਦੇ ਦੀਪਕ ਤੇ ਰੋਹਤਕ ਦੇ ਪਰਮਿੰਦਰ ਨੇ ਤੀਜਾ ਸਥਾਨ ਇਸੇ ਵਰਗ ਵਿਚ 79 ਕਿਲੋ ਤੋਂ 97 ਕਿਲੋ ਵਰਗ ਵਿਚ ਸਚਿਨ ਨੇ ਪਹਿਲਾ, ਅਰਜਨ ਨੇ ਦੂਜਾ, ਵਿੱਕੀ ਤੇ ਰਾਹੁਲ ਨੇ ਤੀਜਾ, 62 ਕਿਲੋ ਮਹਿਲਾ ਵਰਗ ਵਿਚ ਹਿਸਾਰ ਦੇ ਨੇਹਾ ਨੇ ਪਹਿਲਾ, ਅੰਜਲੀ ਨੇ ਦੂਜਾ, ਮਨਦੀਪ ਤੇ ਸਿਮਰਨ ਨੇ ਤੀਜਾ, 62 ਤੋਂ 76 ਕਿਲੋ ਭਾਰ ਵਰਗ ਵਿਚ ਕਾਜਲ ਨੇ ਪਹਿਲਾ,ਕਿਰਨ ਹੁੱਡਾ ਨੇ ਦੂਜਾ, ਹਰਸ਼ਿਤਾ ਤੇ ਤਨੂੰ ਨੇ ਤੀਜਾ ਸਥਾਨ ਲਿਆ।
ਜੇਤੂ ਖਿਡਾਰੀਆਂ ਨੂੰ ਮਿਲਿਆ ਦੋ ਲੱਖ ਰੁਪਏ ਦਾ ਇਨਾਮ
ਮੁੱਖ ਮੰਤਰੀ ਨਾਇਬ ਸੈਣੀ ਨੇ ਪਹਿਲੇ ਸਥਾਨ ’ਤੇ ਆਉਣ ਵਾਲੇ ਖਿਡਾਰੀਆਂ ਨੂੰ ਦੋ ਲੱਖ ਰੁਪਏ, ਦੂਜੇ ਸਥਾਨ ’ਤੇ ਰਹਿਣ ਵਾਲਿਆਂ ਨੂੰ ਇੱਕ ਲੱਖ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਖਿਡਾਰੀਆਂ ਨੂੰ 50-50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ। ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਜ਼ਿਲ੍ਹਾ ਪ੍ਰਧਾਨ ਸ਼ੁਸ਼ੀਲ ਰਾਣਾ, ਚੇਅਰਮੈਨ ਧਰਮਬੀਰ ਮਿਰਜਾਪੁਰ, ਭਾਜਪਾ ਆਗੂ ਰਾਹੁਲ ਰਾਣਾ, ਰਵਿੰਦਰ ਸਾਂਗਵਾਨ,ਡੀ ਐਸ ਚ ਮਨੋਜ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਸਨ।