ਹਰੇਕ ਸੰਸਥਾ ’ਚ ਸੁਧਾਰ ਹੋ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸੰਸਥਾ ਬੁਨਿਆਦੀ ਤੌਰ ’ਤੇ ਨੁਕਸਦਾਰ ਹੈ: ਚੰਦਰਚੂੜ
ਮੁੰਬਈ, 27 ਅਕਤੂਬਰ
ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਹਰੇਕ ਸੰਸਥਾ ਵਿੱਚ ਸੁਧਾਰ ਹੋ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਵਿੱਚ ਬੁਨਿਆਦੀ ਤੌਰ ’ਤੇ ਕੋਈ ਨੁਕਸ ਹੈ। ਉਹ ਸ਼ਨਿਚਰਵਾਰ ਨੂੰ ਇੱਥੇ ਮਰਾਠੀ ਦੇ ਰੋਜ਼ਾਨਾ ਅਖ਼ਬਾਰ ‘ਲੋਕਸੱਤਾ’ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਉਦਘਾਟਨੀ ਭਾਸ਼ਣ ਦੇਣ ਤੋਂ ਬਾਅਦ ਹੋਈ ਚਰਚਾ ਦੌਰਾਨ ਕੌਲਿਜੀਅਮ ਬਾਰੇ ਗੱਲ ਕਰ ਰਹੇ ਹਨ। ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵਿੱਚ ਜੱਜਾਂ ਦੀਆਂ ਨਿਯੁਕਤੀਆਂ ਲਈ ਬਣੀ ਕੌਲਿਜੀਅਮ ਪ੍ਰਣਾਲੀ ਬਾਰੇ ਕੀਤੇ ਸਵਾਲ ’ਤੇ ਚੀਫ਼ ਜਸਟਿਸ ਨੇ ਕਿਹਾ ਕਿ ਇਹ ਇਕ ਸੰਘੀ ਪ੍ਰਣਾਲੀ ਹੈ ਜਿੱਥੇ ਸਰਕਾਰਾਂ ਦੇ ਵੱਖ-ਵੱਖ ਪੱਧਰਾਂ (ਕੇਂਦਰ ਤੇ ਸੂਬਿਆਂ ਦੋਹਾਂ) ਅਤੇ ਨਿਆਂ ਪ੍ਰਣਾਲੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਚੰਦਰਚੂੜ ਨੇ ਕਿਹਾ, ‘‘ਇਹ ਇਕ ਸਲਾਹਕਾਰ ਸੰਵਾਦ ਹੈ, ਜਿੱਥੇ ਸਹਿਮਤੀ ਉੱਭਰਦੀ ਹੈ ਪਰ ਕਈ ਵਾਰ ਸਹਿਮਤੀ ਨਹੀਂ ਬਣਦੀ, ਉਹ ਪ੍ਰਣਾਲੀ ਦਾ ਹਿੱਸਾ ਹੈ। ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਇਹ ਸਾਡੀ ਪ੍ਰਣਾਲੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਕਿਸੇ ਇਕ ਉਮੀਦਵਾਰ ਬਾਰੇ ਕੋਈ ਇਤਰਾਜ਼ ਹੁੰਦਾ ਹੈ ਤਾਂ ਕਾਫੀ ਪਰਿਪੱਕਤਾ ਨਾਲ ਇਸ ਬਾਰੇ ਚਰਚਾ ਹੁੰਦੀ ਹੈ।’’ ਚੀਫ਼ ਜਸਟਿਸ ਨੇ ਕਿਹਾ, ‘‘ਸਾਨੂੰ ਇਹ ਸਮਝਣਾ ਹੋਵੇਗਾ ਕਿ ਸਾਡੇ ਵੱਲੋਂ ਬਣਾਈ ਗਈ ਕਿਸੇ ਵੀ ਸੰਸਥਾ ਦੀ ਆਲੋਚਨਾ ਕਰਨਾ ਕਾਫੀ ਆਸਾਨ ਹੈ। ਹਰੇਕ ਸੰਸਥਾ ਵਿੱਚ ਸੁਧਾਰ ਦੀ ਸਮਰੱਥਾ ਹੁੰਦੀ ਹੈ ਪਰ ਇਹ ਵੀ ਸੱਚ ਹੈ ਕਿ ਸੁਧਾਰ ਦੀਆਂ ਸੰਭਾਵਨਾਵਾਂ ਦਾ ਮਤਲਬ ਇਹ ਨਹੀਂ ਹੈ ਕਿ ਸੰਸਥਾ ਵਿੱਚ ਬੁਨਿਆਦੀ ਤੌਰ ’ਤੇ ਕੋਈ ਨੁਕਸ ਹੈ।’’ -ਪੀਟੀਆਈ