ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 26 ਦਸੰਬਰ
ਗੁਰਦੁਆਰਾ ਸ੍ਰੀ ਸਿੰਘ ਸਭਾ ਨਰਾਇਣਗੜ੍ਹ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਰਹਿਰਾਸ ਦੇ ਪਾਠ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਹਜ਼ੂਰੀ ਰਾਗੀ ਮਲਕੀਤ ਸਿੰਘ, ਰਣਜੀਤ ਸਿੰਘ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਕੱਤਰ ਨੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਸ਼ਹੀਦ ਸਿੰਘਾਂ ਦੀ ਸ਼ਹਾਦਤ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਕੌਮ ਦੀ ਰਾਖੀ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਜਦੋਂ ਪਹਾੜੀ ਰਾਜਿਆਂ ਦੀ ਫ਼ੌਜ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰ ਲਿਆ ਤਾਂ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲਈ ਮਜਬੂਰ ਹੋਣਾ ਪਿਆ। ਗੁਰੂ ਜੀ ਦਾ ਸਾਰਾ ਪਰਿਵਾਰ ਸਰਸਾ ਨਦੀ ’ਤੇ ਵਿਛੜ ਗਿਆ ਅਤੇ ਵੱਡੇ ਦੋ ਸਾਹਿਬਜ਼ਾਦੇ ਅਤੇ ਚਾਲੀ ਸਿੰਘ ਚਮਕੌਰ ਦੀ ਗੜੀ ਵੱਲ ਚਲੇ ਗਏ ਅਤੇ ਚਮਕੌਰ ਦੇ ਕਿਲੇ ਵਿੱਚ ਵੱਡੇ ਸਾਹਿਬਜ਼ਾਦੇ ਅਤੇ ਦੂਜੇ ਸਿੰਘ ਦਸ ਲੱਖ ਫੌਜਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਸਰਹਿੰਦ ਸਥਿਤ ਠੰਢੇ ਬੁਰਜ ਵਿੱਚ ਰੱਖਿਆ ਗਿਆ ਜਿੱਥੇ ਨਵਾਬ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਮਾਤਾ ਗੁਜਰੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਸ਼ਹੀਦ ਸਿੰਘਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ।