For the best experience, open
https://m.punjabitribuneonline.com
on your mobile browser.
Advertisement

ਬੱਬਰ ਅਕਾਲੀ ਭਾਈ ਕਰਮ ਸਿੰਘ ਦੌਲਤਪੁਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

06:05 AM May 22, 2024 IST
ਬੱਬਰ ਅਕਾਲੀ ਭਾਈ ਕਰਮ ਸਿੰਘ ਦੌਲਤਪੁਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਬੱਬਰ ਅਕਾਲੀ ਭਾਈ ਕਰਮ ਸਿੰਘ ਦੀ ਸ਼ਹਾਦਤ ਦੇ ਸ਼ਤਾਬਦੀ ਵਰ੍ਹੇ ’ਤੇ ਕਰਵਾਏ ਸਮਾਗਮ ਵਿੱਚ ਸ਼ਾਮਲ ਪਤਵੰਤੇ
Advertisement

ਹਰਦਮ ਮਾਨ
ਸਰੀ: ਪੰਜਾਬੀ ਪ੍ਰੈੱਸ ਕਲੱਬ ਬੀ.ਸੀ. ਵੱਲੋਂ ਬੱਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਅਤੇ ‘ਬੱਬਰ ਅਕਾਲੀ ਦੋਆਬਾ’ ਅਖ਼ਬਾਰ ਦੇ ਮੁੱਖ ਸੰਪਾਦਕ ਭਾਈ ਕਰਮ ਸਿੰਘ ਬੱਬਰ ਅਕਾਲੀ ਦੀ ਸ਼ਹਾਦਤ ਦੇ ਸ਼ਤਾਬਦੀ ਵਰ੍ਹੇ ’ਤੇ ਜਰਨੈਲ ਆਰਟ ਗੈਲਰੀ ਸਰੀ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਵਿਦਵਾਨਾਂ ਅਤੇ ਬੁਲਾਰਿਆਂ ਨੇ ਬੱਬਰ ਅਕਾਲੀ ਲਹਿਰ, ਗ਼ਦਰ ਲਹਿਰ, ਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀਆਂ ਵੱਲੋਂ ਭਾਰਤ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ।
ਸਮਾਗਮ ਦੇ ਮੁੱਖ ਬੁਲਾਰੇ ਡਾ. ਗੁਰਦੇਵ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਅਤੇ ਖ਼ਾਸ ਕਰ ਕੇ ਸਿੱਖਾਂ ਨੇ ਆਪਣੀ ਹੋਂਦ ਅਤੇ ਪਛਾਣ ਨੂੰ ਕਾਇਮ ਰੱਖਣ ਵਾਸਤੇ ਅੰਗਰੇਜ਼ੀ ਹਕੂਮਤ ਨਾਲ ਲੰਮੀ ਲੜਾਈ ਲੜੀ। 1846 ਵਿੱਚ ਅੰਗਰੇਜ਼ਾਂ ਨੇ ਅਜੇ ਪੰਜਾਬ ਦੀ ਧਰਤੀ ’ਤੇ ਪੈਰ ਹੀ ਧਰਿਆ ਸੀ ਕਿ ਸਿੱਖਾਂ ਨੇ ਉਨ੍ਹਾਂ ਦੇ ਵਿਰੋਧ ਵਿੱਚ ਪੈਂਤੜੇ ਕਸ ਲਏ ਸਨ। ਡਾ. ਸਿੱਧੂ ਨੇ ਲੰਮੇ ਆਜ਼ਾਦੀ ਸੰਘਰਸ਼ ਦਾ ਵਰਣਨ ਕਰਦਿਆਂ ਬੱਬਰ ਅਕਾਲੀ ਕਰਮ ਸਿੰਘ ਦੌਲਤਪੁਰ ਵੱਲੋਂ ਇਸ ਵਿੱਚ ਪਾਏ ਯੋਗਦਾਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਅਤੇ ਲੋਕਾਂ ਨੂੰ ਦੇਸ਼ ਵਾਸਤੇ ਕੁਰਬਾਨੀ ਕਰਨ ਦੀ ਪ੍ਰੇਰਨਾ ਦਿੱਤੀ। ਸ਼ਹੀਦ ਭਗਤ ਸਿੰਘ ਵੀ ਬੱਬਰਾਂ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਭਗਤ ਸਿੰਘ ਨੇ ‘ਚਾਂਦ’ ਨਾਂ ਦੇ ਇੱਕ ਹਿੰਦੀ ਰਸਾਲੇ ਵਿੱਚ ਬੱਬਰ ਅਕਾਲੀ ਕਰਮ ਸਿੰਘ ਤੇ ਉਸ ਦੇ ਤਿੰਨ ਹੋਰ ਸਾਥੀਆਂ ਬਾਰੇ ‘ਫਾਂਸੀ’ ਵਿਸ਼ੇਸ਼ ਅੰਕ ਕੱਢਿਆ ਸੀ। ਡਾ. ਸਿੱਧੂ ਨੇ ਇਹ ਵੀ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਏਨੀਆਂ ਕੁਰਬਾਨੀਆਂ ਕਰਨ ਵਾਲੇ ਮਹਾਨ ਯੋਧਿਆਂ, ਦੇਸ਼ ਭਗਤਾਂ ਨੂੰ ਭੁਲਾ ਦਿੱਤਾ ਗਿਆ ਅਤੇ ਆਜ਼ਾਦੀ ਦਾ ਸਮੁੱਚਾ ਸਿਹਰਾ ਸਿਰਫ਼ ਇੱਕ ਆਦਮੀ ਅਤੇ ਇੱਕ ਖ਼ਾਸ ਪਾਰਟੀ ਦੇ ਸਿਰ ’ਤੇ ਸਜਾ ਦਿੱਤਾ ਗਿਆ।

Advertisement

ਬੱਬਰ ਅਕਾਲੀ ਭਾਈ ਕਰਮ ਸਿੰਘ ਦੀ ਸ਼ਹਾਦਤ ਦੇ ਸ਼ਤਾਬਦੀ ਵਰ੍ਹੇ ’ਤੇ ਕਰਵਾਏ ਸਮਾਗਮ ਵਿੱਚ ਸ਼ਾਮਲ ਪਤਵੰਤੇ

ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕੁਝ ਵਿਦਵਾਨਾਂ, ਇਤਿਹਾਸਕਾਰਾਂ ਦੀਆਂ ਪੁਸਤਕਾਂ ਦੇ ਹਵਾਲਿਆਂ ਨਾਲ ਭਾਈ ਕਰਮ ਸਿੰਘ ਬੱਬਰ ਅਕਾਲੀ ਦੇ ਜੀਵਨ ਅਤੇ ਆਜ਼ਾਦੀ ਲਈ ਪਾਏ ਯੋਗਦਾਨ ਬਾਰੇ ਵਿਸਥਾਰ ਵਿੱਚ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਭਾਈ ਕਰਮ ਸਿੰਘ ਦੌਲਤਪੁਰ ਦਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਸੀ। ਅੰਗਰੇਜ਼ੀ ਹਕੂਮਤ ਨਾਲ ਲੜਾਈ ਲੜਦਿਆਂ ਹੀ ਉਹ 1 ਸਤੰਬਰ 1923 ਨੂੰ ਪਿੰਡ ਬਬੇਲੀ ਵਿਖੇ ਪੁਲੀਸ ਮੁਕਾਬਲੇ ਵਿੱਚ ਸ਼ਹਾਦਤ ਪਾ ਗਏ ਅਤੇ ਉਨ੍ਹਾਂ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟ ਨੇ ਸ਼ਹੀਦੀਆਂ ਪਾਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਧਿਆਂ ਸਦਕਾ ਮਿਲੀ ਸੱਤਾ ’ਤੇ ਕਾਬਜ਼ ਹੋਈ ਅਜੋਕੀ ਫਾਸ਼ੀਵਾਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨਾ ਹੀ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਨੂੰ ਸੱਚੀ ਸ਼ਰਧਾਂਜਲੀ ਹੈ।
ਡਾ. ਪੂਰਨ ਸਿੰਘ, ਬਖਸ਼ਿੰਦਰ, ਡਾ. ਜਗਤਾਰ ਕੌਰ ਦੁਸਾਂਝ, ਗੁਰਦੇਵ ਸਿੰਘ ਬਰਾੜ, ਮੋਹਨ ਗਿੱਲ, ਪ੍ਰਿੰ. ਮਲੂਕ ਚੰਦ ਕਲੇਰ, ਭੁਪਿੰਦਰ ਮੱਲ੍ਹੀ, ਜਰਨੈਲ ਸਿੰਘ ਆਰਟਿਸਟ ਅਤੇ ਗੁਰਪ੍ਰੀਤ ਸਿੰਘ ਸਹੋਤਾ ਨੇ ਵੀ ਭਾਈ ਕਰਮ ਸਿੰਘ ਵੱਲੋਂ ਭਾਰਤੀ ਆਜ਼ਾਦੀ ਪ੍ਰਤੀ ਲੜੇ ਘੋਲ ਨੂੰ ਸਿਜਦਾ ਕੀਤਾ। ਸਮਾਗਮ ਦੇ ਆਗਾਜ਼ ਵਿੱਚ ਪੰਜਾਬੀ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਜਰਨੈਲ ਸਿੰਘ ਆਰਟਿਸਟ ਨੇ ਹਾਜ਼ਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ। ਅੰਤ ਵਿੱਚ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਹੋਤਾ ਨੇ ਸਭਨਾਂ ਵਿਦਵਾਨਾਂ, ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

ਆਰਸੀਐੱਸਐੱਸ ਦਾ ਸਨਮਾਨ

ਸਰੀ: ਏਸ਼ੀਅਨ ਹੈਰੀਟੇਜ ਮਹੀਨੇ ਦੇ ਜਸ਼ਨ ’ਤੇ ਬੀ.ਸੀ. ਲਾਟਰੀ ਕਾਰਪੋਰੇਸ਼ਨ ਵੱਲੋਂ ਰਿਚਮੰਡ ਕਮਿਊਨਿਟੀ ਸਰਵਿਸਿਜ਼ ਸੁਸਾਇਟੀ (ਆਰਸੀਐੱਸਐੱਸ) ਦਾ ਸਨਮਾਨ ਕੀਤਾ ਗਿਆ ਅਤੇ 5,000 ਡਾਲਰ ਦਾ ਚੈੱਕ ਪ੍ਰਦਾਨ ਕੀਤਾ ਗਿਆ। ਸੁਸਾਇਟੀ ਦੇ ਬੁਲਾਰੇ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਕਿ ਰਿਚਮੰਡ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਰਿਚਮੰਡ ਭਾਈਚਾਰੇ ਦੀ ਸੇਵਾ ਕਰ ਰਹੀ ਹੈ। ਇਹ ਸੁਸਾਇਟੀ ਵਿਸ਼ੇਸ਼ ਕਰ ਕੇ ਨਵੇਂ ਆਉਣ ਵਾਲਿਆਂ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਸ਼ਾਨਦਾਰ ਕੰਮ ਕਰ ਰਹੀ ਹੈ। ਸੁਸਾਇਟੀ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਬੀ.ਸੀ. ਲਾਟਰੀ ਕਾਰਪੋਰੇਸ਼ਨ ਨੇ ਇਸ ਦਾ ਸਨਮਾਨ ਕੀਤਾ। ਇਸ ਸਬੰਧ ਵਿੱਚ ਰਿਚਮੰਡ ਦੇ ਰਿਵਰ ਰੌਕ ਕੈਸੀਨੋ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਿਚਮੰਡ ਕਮਿਊਨਿਟੀ ਸੁਸਾਇਟੀ, ਬੀ.ਸੀ. ਲਾਟਰੀ ਕਾਰਪੋਰੇਸ਼ਨ ਅਤੇ ਰਿਵਰ ਰੌਕ ਕੈਸੀਨੋ ਦੇ ਕਈ ਪ੍ਰਤੀਨਿਧ ਮੌਜੂਦ ਸਨ।

Advertisement
Author Image

Advertisement
Advertisement
×