ਢੱਕੀ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
ਪੱਤਰ ਪ੍ਰੇਰਕ
ਪਾਇਲ, 7 ਜਨਵਰੀ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸੰਤ ਦਰਸ਼ਨ ਸਿੰਘ ਖਾਲਸਾ ਦੀ ਦੇਖ-ਰੇਖ ਹੇਠ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਤੇ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਸੰਗਤਾਂ ਵੱਲੋਂ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਚੌਪਈ ਸਾਹਿਬ ਦੇ ਹਜ਼ਾਰਾਂ ਪਾਠ, ਗੁਰ ਮੰਤਰ ਤੇ ਮੂਲ ਮੰਤਰ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਰਪੁਰਬ ਤੋਂ ਪਹਿਲੀ ਰਾਤ ਰੈਣ ਸਬਾਈ ਕੀਰਤਨ ਹੋਏ ਜਿਸ ਵਿੱਚ ਗੁਰੂਕੁਲ ਕੀਰਤਨ ਟਕਸਾਲ ਤਪੋਬਣ ਢੱਕੀ ਸਾਹਿਬ ਦੇ ਬੱਚੇ ਬੱਚੀਆਂ ਨੇ ਬਾਣੀ ਦਾ ਮਨੋਹਰ ਕੀਰਤਨ ਕੀਤਾ ਤੇ ਤਪੋਬਣ ਦੇ ਹਜ਼ੂਰੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਤੇ ਕਵਿਤਾਵਾਂ ਰਾਹੀਂ ਗੁਰੂ ਜਸ ਕੀਤਾ ਗਿਆ। ਸਮਾਗਮ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਨੇ ਦਸਮ ਪਾਤਸ਼ਾਹ ਜੀ ਦਾ ਹੱਥ ਲਿਖਤ ਜਫਰਨਾਮਾ ਤੇ ਪੀਰ ਬਾਬਾ ਬੁੱਧੂ ਸ਼ਾਹ ਜੀ ਦਾ ਕੁਰਬਾਨੀਆਂ ਭਰਿਆ ਇਤਿਹਾਸ ਸੁਣਾ ਕੇ ਸੰਗਤਾਂ ਦੇ ਮਨਾਂ ਵਿੱਚ ਗੁਰੂ ਪ੍ਰਤੀ ਸ਼ਰਧਾ ਨੂੰ ਵਧਾਉਣ ਦਾ ਯਤਨ ਕੀਤਾ। ਸੰਤ ਦਰਸ਼ਨ ਸਿੰਘ ਖਾਲਸਾ ਅਤੇ ਸਮੂਹ ਸੰਗਤ ਵੱਲੋਂ ਸੰੰਤ ਕਾਦਰੀ ਨੂੰ ਪੀਰ ਬਾਬਾ ਬੁੱਧੂ ਸ਼ਾਹ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।