ਭਾਰਤੀ ਸਾਹਿਤ ਅਕੈਡਮੀ ਵੱਲੋਂ ਸੰਘੇੜਾ ਕਾਲਜ ’ਚ ਸਮਾਗਮ
ਖੇਤਰੀ ਪ੍ਰਤੀਨਿਧ
ਬਰਨਾਲਾ, 25 ਨਵੰਬਰ
ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਅਸਮਿਤਾ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਕੀਤਾ ਗਿਆ ਜਿਸਦੀ ਪ੍ਰਧਾਨਗੀ ਪੰਜਾਬੀ ਕਵਿੱਤਰੀ ਮਨਦੀਪ ਭਦੌੜ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਕਾਲਜ ਵਾਈਸ ਪ੍ਰਿੰਸੀਪਲ ਹਰਪ੍ਰੀਤ ਕੌਰ ਵੀ ਸ਼ਾਮਲ ਹੋਏ।
ਭਾਰਤੀ ਸਾਹਿਤ ਅਕੈਡਮੀ ਦੀ ਗਵਰਨਿੰਗ ਕੌਂਸਲ ਮੈਂਬਰ ਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਅਕੈਡਮੀ ਵੱਲੋਂ ਭਾਰਤ ਦੇ ਵੱਖ -ਵੱਖ ਰਾਜਾਂ ਵਿਚ ਕੀਤੇ ਜਾ ਰਹੇ ਸਮਾਗਮਾਂ ਦੀ ਜਾਣਕਾਰੀ ਦਿੱਤੀ। ਜਸਪ੍ਰੀਤ ਕੌਰ ਬੱਬੂ ਨੇ ਕਵਿਤਾਵਾਂ ਪੇਸ਼ ਕਰਦਿਆਂ ਔਰਤਾਂ ਦੇ ਅਸਹਿਜ ਭਾਵਾਂ ਨੂੰ ਸਹਿਜ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ। ਮਨਦੀਪ ਭਦੌੜ ਨੇ ਕਵਿਤਾ ਰਾਹੀਂ ਔਰਤ ਦੇ ਸੂਖਮ ਭਾਵਾਂ ਨੂੰ ਕਲਾਮਈ ਢੰਗ ਨਾਲ ਪੇਸ਼ ਕਰਦਿਆਂ ਵਿਦਿਆਰਥੀਆਂ ਦੀ ਵਾਹ-ਵਾਹ ਖੱਟੀ। ਮਨਦੀਪ ਭਦੌੜ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਔਰਤ ਲੇਖਕਾਂ ਨੂੰ ਸਮਾਜ ਵਿਚ ਵਿਚਰਣ ਸਮੇਂ ਆਉਂਦੀਆਂ ਮੁਸ਼ਕਿਲਾਂ ਬਾਰੇ ਵੀ ਲਿਖਣਾ ਚਾਹੀਦਾ ਹੈ। ਪ੍ਰੋਫ਼ੈੱਸਰ ਡਾ. ਭੁਪਿੰਦਰ ਸਿੰਘ ਬੇਦੀ ਨੇ ਪੜ੍ਹੀਆਂ ਗਈਆਂ ਕਵਿਤਾਵਾਂ ਕਹਾਣੀਆਂ ਦੀ ਪੜਚੋਲ ਕੀਤੀ। ਪ੍ਰਿੰਸੀਪਲ ਮਿੱਠੂ ਪਾਠਕ ਨੇ ਵਿਦਿਆਰਥੀਆਂ ਨੂੰਂ ਸਾਹਿਤ ਦਾ ਗੰਭੀਰ ਅਧਿਐਨ ਕਰਨ ਅਤੇ ਆਪਣਾ ਨਰੋਆ ਭਵਿੱਖ ਸਿਰਜਣ ਦੀ ਪ੍ਰੇਰਨਾ ਦਿੱਤੀ।