ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰਾਂ ਬਦਲਣ ’ਤੇ ਵੀ ਬੁੱਢੇ ਦਰਿਆ ਦੀ ਹਾਲਤ ਨਹੀਂ ਬਦਲੀ

10:06 AM Jun 01, 2024 IST
ਲੁਧਿਆਣਾ ਵਿੱਚ ਬੂਟੀ ਨਾਲ ਭਰਿਆ ਹੋਇਆ ਬੁੱਢਾ ਦਰਿਆ।

ਸਤਵਿੰਦਰ ਬਸਰਾ
ਲੁਧਿਆਣਾ, 31 ਮਈ
ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ’ਚ ਕੇਂਦਰ ਅਤੇ ਸੂਬੇ ਵਿੱਚ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਤਾਂ ਬਣਦੀਆਂ ਆ ਰਹੀਆਂ ਹਨ ਪਰ ਬੁੱਢੇ ਦਰਿਆ ਦੀ ਤਰਸਯੋਗ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਹੁਣ ਤੱਕ ਇਸ ਦੀ ਪੁਨਰਸੁਰਜੀਤੀ ਲਈ ਭਾਵੇਂ ਵੱਖ ਵੱਖ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਵਿੱਚ ਕੁੱਝ ਫਰਕ ਨਜ਼ਰ ਨਹੀਂ ਆ ਰਿਹਾ। ਪ੍ਰਦੂਸ਼ਿਤ ਹੋਇਆ ਬੁੱਢੇ ਦਰਿਆ ਦਾ ਪਾਣੀ ਲੁਧਿਆਣਾ ਤੋਂ ਇਲਾਵਾ ਹੋਰ ਸ਼ਹਿਰਾਂ ਨੂੰ ਵੀ ਭਿਆਨਕ ਬਿਮਾਰੀਆਂ ਫੈਲਾ ਰਿਹਾ ਹੈ।
ਹਰ ਪੰਜ ਸਾਲ ਬਾਅਦ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਲੋਕ ਭਰਮਾਊ ਬਿਆਨ ਦਿੱਤੇ ਜਾਂਦੇ ਹਨ। ਰਾਜਨੀਤਿਕ ਪਾਰਟੀਆਂ ਵੱਡੇ ਵੱਡੇ ਹਸਪਤਾਲ ਅਤੇ ਸਨਅਤੀ ਇਕਾਈਆਂ ਲਿਆਉਣ ਦੀ ਗੱਲ ਕਰਦੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਬਿਮਾਰੀਆਂ ਫੈਲਾ ਰਹੇ ਬੁੱਢੇ ਨਾਲੇ ਨੂੰ ਦੁਬਾਰਾ ਬੁੱਢਾ ਦਰਿਆ ਬਣਾਉਣ ਬਾਰੇ ਕੋਈ ਵੀ ਪਾਰਟੀ ਗੰਭੀਰ ਨਹੀਂ ਲੱਗ ਰਹੀ। ਕਈ ਸਮਾਜ ਸੇਵੀ ਅਤੇ ਵਾਤਾਵਰਨ ਪੱਖੀ ਜਥੇਬੰਦੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪ੍ਰਦੂਸ਼ਣ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਰਾਜਨੀਤਿਕ ਆਗੂ ਭਰੋਸਾ ਦੇਣ ਤੋਂ ਬਾਅਦ ਸਭ ਅਣਸੁਣੀ ਕਰ ਰਹੇ ਹਨ। ਇਸ ਦੇ ਪਾਣੀ ਨੂੰ ਸੋਧਣ ਲਈ ਭਾਵੇਂ ਕੇਂਦਰੀ ਜੇਲ੍ਹ ਨੇੜੇ ਟ੍ਰੀਟਮੈਂਟ ਪਲਾਂਟ ਵੀ ਸ਼ੁਰੂ ਕੀਤਾ ਹੋਇਆ ਹੈ ਪਰ ਫਿਰ ਵੀ ਬੁੱਢੇ ਦਰਿਆ ਦਾ ਗੰਦਾ ਪਾਣੀ ਪਹਿਲਾਂ ਦੀ ਤਰ੍ਹਾਂ ਹੀ ਬਦਬੂ ਮਾਰ ਰਿਹਾ ਹੈ ਅਤੇ ਕਾਲਾ ਸ਼ਿਆਹ ਹੋ ਗਿਆ ਹੈ। ਬੁੱਢੇ ਦਰਿਆ ਦੇ ਨਾਲ-ਨਾਲ ਡੇਅਰੀਆਂ ਦੀ ਰਹਿੰਦ-ਖੂੰਹਦ ਵੀ ਉਸੇ ਤਰ੍ਹਾਂ ਸੁੱਟੀ ਜਾ ਰਹੀ ਹੈ। ਇਸ ਪ੍ਰਦੂਸ਼ਿਤ ਬੁੱਢੇ ਦਰਿਆ ਦੇ ਨਾਲ-ਨਾਲ ਬਣੀਆਂ ਬਸਤੀਆਂ ਵਿੱਚ ਰਹਿੰਦੇ ਲੋਕ ਤਾਂ ਭਾਵੇਂ ਅਲਰਜੀ, ਦਮਾ, ਖੰਘ, ਹਾਈ ਬਲੱਡ ਪ੍ਰੈਸ਼ਰ ਆਦਿ ਬਿਮਾਰੀਆਂ ਨਾਲ ਜੂਝ ਰਹੇ ਹਨ ਪਰ ਇਹ ਪਾਣੀ ਅੱਗੋਂ ਸਤਲੁਜ ਵਿੱਚ ਮਿਲ ਜਾਣ ਕਰਕੇ ਕਈ ਹੋਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਨਾ-ਮੁਰਾਦ ਬਿਮਾਰੀਆਂ ਜਕੜ ਰਹੀਆਂ ਹਨ। ਇਸ ਦੀ ਪੁਨਰ ਸੁਰਜੀਤੀ ਲਈ ਭਾਵੇਂ 640 ਕਰੋੜ ਰੁਪਏ ਖਰਚੇ ਜਾ ਰਹੇ ਹਨ ਪਰ ਮੌਜੂਦਾ ਸਮੇਂ ਤਾਂ ਬੁੱਢਾ ਦਰਿਆ, ਬੁੱਢਾ ਨਾਲਾ ਹੀ ਬਣ ਕੇ ਰਹਿ ਗਿਆ ਹੈ। ਵਾਤਾਵਰਨ ਪ੍ਰੇਮੀਆਂ ਤੇ ਆਮ ਲੋਕਾਂ ਨੇ ਲੋਕ ਸਭਾ ਚੋਣਾਂ ਲੜ ਰਹੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਹੈ।

Advertisement

Advertisement
Advertisement