ਅਮਨ ਅਰੋੜਾ ਦੇ ਭਰੋਸੇ ਮਗਰੋਂ ਵੀ ਧਰਨਾ ’ਤੇ ਅੜੇ ਹੋਏ ਨੇ ਲੋਕ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਜੂਨ
ਸੁਨਾਮ ਊਧਮ ਸਿੰਘ ਵਾਲਾ ਦੀ ਰਵਿਦਾਸਪੁਰਾ ਟਿੱਬੀ ਦੇ ਲੋਕ ਬਿਨਾਂ ਸ਼ਰਤ ਮਜ਼ਦੂਰਾਂ ਨੂੰ ਰਿਹਾਅ ਕਰਵਾਉਣ ਲਈ ਪੰਜਵੇਂ ਦਿਨ ਵੀ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਬੇਮਿਆਦੀ ਰੋਸ ਧਰਨੇ ‘ਤੇ ਡਟੇ ਰਹੇ। ਭਾਵੇਂ ਕਿ ਬੀਤੀ ਰਾਤ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਰਵਿਦਾਸਪੁਰਾ ਟਿੱਬੀ ਦੇ ਲੋਕਾਂ ਵੱਲੋਂ ਚੁਣੀ ਐਕਸ਼ਨ ਕਮੇਟੀ ਵਿਚਕਾਰ ਮੀਟਿੰਗ ਹੋਈ ਅਤੇ ਸ੍ਰੀ ਅਰੋੜਾ ਵਲੋਂ ਭਰੋਸਾ ਵੀ ਦਿਵਾਇਆ ਗਿਆ ਸੀ ਪਰ ਐਕਸ਼ਨ ਕਮੇਟੀ ਸੰਤੁਸ਼ਟ ਨਾ ਹੋਈ ਅਤੇ ਧਰਨਾ ਜਾਰੀ ਰੱਖਣ ਦਾ ਫੈਸਲਾ ਲਿਆ।
ਰੋਸ ਧਰਨੇ ਦੀ ਅਗਵਾਈ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਬੀਤੀ ਰਾਤ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਮੰਗਾਂ ਸਬੰਧੀ ਭਰੋਸਾ ਦਿਵਾਇਆ ਗਿਆ ਸੀ, ਜਿਸ ਤੋਂ ਧਰਨਾਕਾਰੀ ਸੰਤੁਸ਼ਟ ਨਹੀਂ ਹੋਏ। ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਵਲੋਂ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਦੀ ਇਹ ਮੰਗ ਹੈ ਕਿ ਜਦੋਂ ਤੱਕ ਗ੍ਰਿਫ਼ਤਾਰ ਮਜ਼ਦੂਰਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ, ਪੁਲੀਸ ਵਲੋਂ ਦਰਜ ਕੀਤਾ ਕੇਸ ਰੱਦ ਨਹੀਂ ਕੀਤਾ ਜਾਂਦਾ , ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਰਵਿਦਾਸਪੁਰਾ ਟਿੱਬੀ ਦੇ ਵਸਨੀਕ ਪਿਛਲੇ ਕਰੀਬ 40 ਸਾਲਾਂ ਤੋਂ ਇਸ ਜ਼ਮੀਨ ‘ਤੇ ਮਕਾਨ ਬਣਾ ਕੇ ਰਹਿ ਰਹੇ ਹਨ ਪਰ ਸਰਕਾਰ ਜਬਰੀ ਲੋਕਾਂ ਨੂੰ ਉਜਾੜਨਾ ਚਾਹੁੰਦੀ ਹੈ। ਇਸ ਮੌਕੇ ਮਜਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਜਿਲ੍ਹਾ ਆਗੂ ਬਿੱਟੂ ਸਿੰਘ ਖੋਖਰ, ਜ਼ਿਲ੍ਹਾ ਸਕੱਤਰ ਮਨਜੀਤ ਕੌਰ ਆਲੋਅਰਖ, ਜ਼ਿਲ੍ਹਾ ਪ੍ਰੈਸ ਸਕੱਤਰ ਕੁਲਵੰਤ ਛਾਜਲੀ, ਪੀੜਤ ਦੀ ਪਤਨੀ ਸਿਮਰਨਜੀਤ ਕੌਰ ਹਾਜ਼ਰ ਸਨ।