ਨਸ਼ਾ ਮੁਕਤੀ ਯਾਤਰਾਵਾਂ ਅੱਜ ਤੋਂ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਮਈ
ਨਸ਼ਿਆਂ ਖਿਲਾਫ ਲੜਾਈ ਦੇ ਅਗਲੇ ਪੜਾਅ ਵਜੋਂ ਹੁਣ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਪੱਧਰ ਅਤੇ ਵਾਰਡ ਪੱਧਰ ’ਤੇ ਜਾ ਕੇ ਰੱਖਿਆ ਕਮੇਟੀਆਂ ਨਾਲ ਜਾਗਰੂਕਤਾ ਮੀਟਿੰਗਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ। ਡਿਪਟੀ ਕਮਿਸ਼ਨਰ ਟੀ.ਬੈਨਿਥ ਨੇ ਦੱਸਿਆ ਕਿ ਜ਼ਿਲ੍ਹੇ ਵਿਚਲੇ ਸਾਰੇ ਹਲਕਿਆਂ ਵਿੱਚ ਇਹ ਯਾਤਰਾ 7 ਮਈ ਤੋਂ ਸ਼ੁਰੂ ਹੋਵੇਗੀ, ਜਦਕਿ ਹਲਕਾ ਸੁਨਾਮ ਵਿੱਚ ਇਹ ਯਾਤਰਾ 8 ਮਈ ਤੋਂ ਸ਼ੁਰੂ ਹੋਵੇਗੀ। ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਭੁਲਰਹੇੜੀ ਵਿੱਚ ਸ਼ਾਮ 4 ਵਜੇ, ਭਲਵਾਨ ਵਿੱਚ ਸ਼ਾਮ 5 ਵਜੇ ਅਤੇ ਪਲਾਸੌਰ ਵਿੱਚ ਸ਼ਾਮ 6 ਵਜੇ ਇਸ ਯਾਤਰਾ ਤਹਿਤ ਮੀਟਿੰਗਾਂ ਕੀਤੀਆਂ ਜਾਣਗੀਆਂ। ਸੰਗਰੂਰ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕੀਤੀ ਜਾਵੇਗੀ। ਹਲਕਾ ਦਿੜ੍ਹਬਾ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ। ਇਸੇ ਤਰ੍ਹਾਂ ਹਲਕਾ ਲਹਿਰਾ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰਨਗੇ। ਹਲਕਾ ਸੁਨਾਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਇਸ ਨਸ਼ਾ ਮੁਕਤੀ ਯਾਤਰਾ ਤਹਿਤ 8 ਮਈ ਨੂੰ ਪਿੰਡ ਬਡਰੁੱਖਾਂ, ਬਹਾਦਰਪੁਰ ਅਤੇ ਲਿੱਦੜਾਂ ਵਿੱਚ ਮੀਟਿੰਗਾਂ ਦੀ ਅਗਵਾਈ ਕਰਨਗੇ।