ਸ਼ਹਾਦਤ ਦਾ ਸਦੀਵੀ ਜੀਵਨ
ਗੁਰੂ ਨਾਨਕ ਦੇਵ ਜੀ ਦੁਆਰਾ ਵਸਾਏ ਗਏ ਪਿੰਡ ਕਰਤਾਰਪੁਰ ਤੋਂ ਸ਼ੁਰੂ ਹੋਏ ਸਫ਼ਰ ਨੂੰ ਆਨੰਦਪੁਰ ਸਾਹਿਬ ਤੱਕ ਪਹੁੰਚਣ ਲਈ ਸਵਾ ਸਦੀ ਤੋਂ ਜ਼ਿਆਦਾ ਸਮਾਂ ਲੱਗਾ। ਉਸ ਸਫ਼ਰ ਦੇ ਸਮਿਆਂ ਵਿਚ ਸਿੱਖ ਜੀਵਨ-ਜਾਚ ਪ੍ਰਫੁੱਲਿਤ ਹੋਈ ਜਿਸ ਦੇ ਇਤਿਹਾਸ ਦੀਆਂ ਪੈੜਾਂ ਵਿਚ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਿੱਖਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ। ਕਰਤਾਰਪੁਰ ਦਾ ਮੁੱਢ ਬੱਝਣਾ ਪੰਜਾਬ ਦੇ ਇਤਿਹਾਸ ਵਿਚ ਅਲੌਕਿਕ ਘਟਨਾ ਸੀ; ਇਹ ਉਹ ਥਾਂ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਚਿੰਤਨ-ਕਮਾਈ ਨੂੰ ਹਕੀਕੀ ਰੂਪ ਦਿੱਤਾ; ਮਨੁੱਖੀ ਬਰਾਬਰੀ ਵਾਲਾ ਸਮਾਜ ਉਸਰਨਾ ਸ਼ੁਰੂ ਹੋਇਆ, ਲੰਗਰ ਤੇ ਸਤਿਸੰਗ ਦੀਆਂ ਪਰੰਪਰਾਵਾਂ ਬਲਵਾਨ ਹੋਈਆਂ ਅਤੇ ਲੋਕਾਂ ਵਿਚ ਇਕ ਇਤਿਹਾਸਕ ਸੁਨੇਹਾ ਗਿਆ ਕਿ ਗਿਆਨ ਪ੍ਰਾਪਤੀ ਲਈ ਸੰਸਾਰ ਤਿਆਗਣਾ ਜ਼ਰੂਰੀ ਨਹੀਂ; ਮਨੁੱਖ ਗ੍ਰਹਿਸਤ ਵਿਚ ਰਹਿੰਦਿਆਂ ਵੀ ਧਾਰਮਿਕ ਤੇ ਸਦਾਚਾਰਕ ਜੀਵਨ ਬਤੀਤ ਕਰ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਿਰਫ਼ ਨਿੱਜੀ ਜੀਵਨ ਵਿਚ ਸਦਾਚਾਰ ਤਕ ਸੀਮਤ ਨਹੀਂ ਸੀ ਸਗੋਂ ਇਹ ਪੂਰੇ ਸਮਾਜ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦਾ ਵਾਹਕ ਵੀ ਸੀ। ਬਾਬਾ ਜੀ ਨੇ ਬਾਬਰ ਦੇ ਹਮਲੇ ਸਮੇਂ ਹੋਏ ਜ਼ੁਲਮ ਵਿਰੁੱਧ ਆਵਾਜ਼ ਉਠਾਉਂਦਿਆਂ ਬਾਬਰਵਾਣੀ ਰਚੀ ਅਤੇ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਲਈ ਰਾਹ ਦਿਖਾਉਂਦਿਆਂ ਕਿਹਾ, ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।’’
ਕਰਤਾਰਪੁਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਪਹੁੰਚਿਆ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਵਿਚ ਸ਼ੇਖ ਫ਼ਰੀਦ, ਭਗਤ ਕਬੀਰ, ਭਗਤ ਰਵਿਦਾਸ ਤੇ ਹੋਰ ਭਗਤਾਂ ਦੀ ਬਾਣੀ ਥਾਂ ਥਾਂ ’ਤੇ ਜਾ ਕੇ ਪ੍ਰਾਪਤ ਕੀਤੀ ਸੀ। ਗੁਰੂ ਅਰਜਨ ਦੇਵ ਜੀ ਨੇ ਸ਼ੇਖ ਫ਼ਰੀਦ ਅਤੇ ਭਗਤਾਂ ਦੀ ਬਾਣੀ ਨੂੰ ਆਦਿ ਗ੍ਰੰਥ ਵਿਚ ਸ਼ਾਮਿਲ ਕੀਤਾ। ਆਦਿ ਗ੍ਰੰਥ ਦੀ ਸੰਪਾਦਨਾ ਉਹ ਇਤਿਹਾਸਕ ਘਟਨਾ ਸੀ ਜਿਸ ਨੇ ਧਰਮਾਂ ਤੋਂ ਉੱਪਰ ਉੱਠ ਕੇ ਲੋਕਾਈ ਨੂੰ ਸਾਂਝੀਵਾਲਤਾ ਤੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ। ਲੋਕਾਂ ਨੂੰ ਜੋੜਨ ਦਾ ਅਜਿਹਾ ਸੰਦੇਸ਼ ਤਤਕਾਲੀ ਹਕੂਮਤ ਨੂੰ ਬੇਹੱਦ ਅੱਖਰਿਆ ਜਿਸ ਕਾਰਨ ਗੁਰੂ ਸਾਹਿਬ ਦੀ ਸ਼ਹੀਦੀ ਹੋਈ। ਸ੍ਰੀ ਹਰਿਗੋਬਿੰਦ ਸਾਹਿਬ ਸਮੇਂ ਸਿੱਖਾਂ ਨੇ ਪਹਿਲੀ ਵਾਰ ਸ਼ਸਤਰ ਚੁੱਕੇ ਤੇ ਸਥਾਨਕ ਹਾਕਮਾਂ ਨਾਲ ਆਢਾ ਲਿਆ ਅਤੇ ਸਿੱਖੀ ਦਾ ਸਫ਼ਰ ਕੀਰਤਪੁਰ ਸਾਹਿਬ ਪਹੁੰਚਿਆ।
ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਦੀ ਨੀਂਹ ਰੱਖੀ। ਉਸ ਵੇਲੇ ਤੱਕ ਮੁਗ਼ਲ ਹਕੂਮਤ ਲੋਕਾਂ ਦੀ ਸਾਂਝੀਵਾਲਤਾ ਤੋਂ ਸੱਤਾ ਲਈ ਪੈਦਾ ਹੋਏ ਖ਼ਤਰੇ ਨੂੰ ਪਛਾਣ ਚੁੱਕੀ ਸੀ ਅਤੇ 1675 ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇਸ ਗੱਲ ਦਾ ਪ੍ਰਮਾਣ ਹੈ ਕਿ ਮੁਗ਼ਲ ਹਕੂਮਤ ਪੰਜਾਬ ’ਚ ਉਸਰ ਰਹੇ ਵਿਰੋਧ ਨੂੰ ਕਿਸ ਤਰ੍ਹਾਂ ਦੇਖਦੀ ਸੀ। 1699 ਵਿਚ ਆਨੰਦਪੁਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜਿਆ ਜਿਹੜਾ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਨ ਵਾਲਾ ਹਰਾਵਲ ਦਸਤਾ ਬਣ ਗਿਆ। ਖ਼ਾਲਸੇ ਦੀ ਸਿਰਜਣਾ ਨੇ ਸਿੱਖਾਂ ਤੇ ਪੰਜਾਬੀਆਂ ਨੂੰ ਇਤਿਹਾਸ-ਮੁਖੀ ਬਣਾਇਆ ਅਤੇ ਇਹ ਸਿਖਾਇਆ ਕਿ ਸੰਗਠਿਤ ਲੋਕ ਹੀ ਇਤਿਹਾਸ ਦੀ ਕਾਰਕ ਸ਼ਕਤੀ ਹੁੰਦੇ ਹਨ। ਮੁਗ਼ਲ ਹਕੂਮਤ ਨਾਲ ਹੋਈ ਟੱਕਰ ਵਿਚ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਛੱਡਣਾ ਪਿਆ ਜਿਸ ਤੋਂ ਬਾਅਦ ਚਮਕੌਰ ਦੀ ਕੱਚੀ ਗੜ੍ਹੀ ਵਿਚ ਲੜਾਈ ਹੋਈ ਜਿਸ ਵਿਚ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਹੋਈ। ਕੁਝ ਦਿਨਾਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਰਹਿੰਦ ਵਿਚ ਸ਼ਹੀਦ ਹੋਏ ਅਤੇ ਮਾਤਾ ਗੁਜਰੀ ਜੀ ਦਾ ਦੇਹਾਂਤ ਹੋਇਆ। ਮਨੁੱਖਤਾ ਦੇ ਇਤਿਹਾਸ ਵਿਚ ਅੱਲੜ੍ਹ ਉਮਰ ਵਿਚ ਹੋਈਆਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ ਸਥਾਨ ਉੱਚਤਮ ਹੈ।
ਚਮਕੌਰ ਤੋਂ ਗੁਰੂ ਸਾਹਿਬ ਮਾਛੀਵਾੜੇ ਪਹੁੰਚੇ। ਰਵਾਇਤ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਸ਼ਬਦ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਣਾ’ ਇੱਥੇ ਰਚਿਆ। ਮਾਛੀਵਾੜੇ ਦੇ ਜੰਗਲ ਦੀ ਇਕੱਲ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਰਨ ਦੀ ਕਲਪਨਾ ਕਰਨਾ ਲਗਭਗ ਨਾਮੁਮਕਿਨ ਹੈ; ਇਹ ਇਕ ਅਜਿਹਾ ਮੰਜ਼ਰ ਹੈ ਜਿਸ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਇਸ ਥਾਂ ’ਤੇ ਇਸ ਮਹਾਨ ਰਹਬਿਰ ਨੇ ਕੁਝ ਪਲ ਇਕੱਲਿਆਂ ਬਿਤਾਏ। ਇਹ ਉਹ ਮੰਜ਼ਰ ਸੀ ਜਿਸ ਵਿਚ ਗੁਰੂ ਸਾਹਿਬ ਆਨੰਦਪੁਰ ਸਾਹਿਬ ਛੱਡ ਚੁੱਕੇ ਸਨ, ਸਰਸਾ ਨਦੀ ’ਤੇ ਪਰਿਵਾਰ ਵਿਛੋੜਾ ਹੋ ਗਿਆ ਸੀ, ਸਾਹਿਬਜ਼ਾਦਿਆਂ ਤੇ ਪਿਆਰੇ ਸਿੱਖਾਂ ਦੀ ਸ਼ਹਾਦਤ ਹੋ ਗਈ ਸੀ, ਮਾਤਾ ਗੁਜਰੀ ਦਾ ਦੇਹਾਂਤ ਹੋ ਗਿਆ ਸੀ; ਇਸ ਮੰਜ਼ਰ ਦੀ ਤਸਵੀਰਕਸ਼ੀ ਕਿਵੇਂ ਹੋ ਸਕਦੀ ਹੈ? ‘ਯਾਰੜੇ ਦਾ ਸਥਰ’ ਦਾ ਮਹਾਂ-ਬਿੰਬ (ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਣਾ।।) ਹੀ ਅਜਿਹੇ ਮੰਜ਼ਰ ਨੂੰ ਬਿਆਨ ਕਰ ਸਕਦਾ ਸੀ।
ਉਸ ਤੋਂ ਬਾਅਦ ਗੁਰੂ ਸਾਹਿਬ ਕਾਂਗੜ (ਦੀਨਾ ਕਾਂਗੜ) ਆਏ ਜਿੱਥੇ ਉਨ੍ਹਾਂ ਨੇ ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ ਲਿਖਿਆ ਜਿਸ ਵਿਚ ਉਸ ਦੁਆਰਾ ਕੀਤੇ ਗਏ ਜ਼ੁਲਮਾਂ ਅਤੇ ਵਾਅਦਾਖਿਲਾਫ਼ੀ ਦਾ ਹਿਸਾਬ-ਕਿਤਾਬ ਪੁੱਛਿਆ ਗਿਆ ਹੈ। ਮੁਕਤਸਰ, ਤਲਵੰਡੀ ਸਾਬੋ (ਦਮਦਮਾ ਸਾਹਿਬ) ਤੇ ਹੋਰ ਸਥਾਨਾਂ ਤੋਂ ਗੁਜ਼ਰਦਾ ਹੋਇਆ ਇਹ ਸਫ਼ਰ ਨਾਂਦੇੜ (ਹਜ਼ੂਰ ਸਾਹਿਬ) ਪਹੁੰਚਿਆ ਜਿੱਥੋਂ ਗੁਰੂ ਜੀ ਨੇ ਬੰਦਾ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਤੋਰਿਆ।
ਇਹ ਮਹੀਨਾ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਛੱਡਣ, ਸਰਸਾ ਨਦੀ ’ਤੇ ਪਏ ਵਿਛੋੜੇ ਅਤੇ ਉਸ ਵਿਚ ਵਹਿ ਗਏ ਗ੍ਰੰਥਾਂ ਤੇ ਪੋਥੀਆਂ, ਚਮਕੌਰ ਦੀ ਲੜਾਈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਮਾਤਾ ਗੁਜਰੀ ਦੇ ਦੁਖਾਂਤਕ ਚਲਾਣੇ ਨੂੰ ਯਾਦ ਕਰਨ ਅਤੇ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਸਾਹਮਣੇ ਨਤਮਸਤਕ ਹੋਣ ਵਾਲਾ ਮਹੀਨਾ ਹੈ। ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਸਾਥੀ ਸਿੱਖਾਂ ਦੀ ਸ਼ਹਾਦਤ ਇਹ ਯਾਦ ਦਿਵਾਉਂਦੀ ਹੈ ਕਿ ਜਬਰ ਵਿਰੁੱਧ ਕੀਤਾ ਜਾਣ ਵਾਲਾ ਸੰਘਰਸ਼ ਕਿੰਨਾ ਕਠਿਨ ਤੇ ਦੁਖਾਂਤਕ ਹੋ ਸਕਦਾ ਹੈ। ਕੁਰਬਾਨੀਆਂ ਤੇ ਸ਼ਹਾਦਤਾਂ ਦੇ ਇਸ ਸਫ਼ਰ ਨੇ ਪੰਜਾਬ ਵਿਚ ਸਮਾਜਿਕ ਬਰਾਬਰੀ ਅਤੇ ਜਬਰ ਵਿਰੁੱਧ ਲੜਨ ਦੀ ਰੂਹ ਫੂਕੀ; ਇਸ ਸਫ਼ਰ ਵਿਚੋਂ ਨਵੇਂ ਪੰਜਾਬ ਅਤੇ ਪੰਜਾਬੀਅਤ ਨੇ ਜਨਮ ਲਿਆ। ਜ਼ਫ਼ਰਨਾਮੇ ਵਿਚ ਗੁਰੂ ਗੋਬਿੰਦ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ, ‘‘ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।। ਕਿ ਬਾਕੀ ਬਮਾਂਦਸਤ ਪੇਚੀਦਾ ਮਾਰ।।’’ ਭਾਵ ਭਾਵੇਂ ਮੇਰੇ ਚਾਰ ਬੱਚੇ ਸ਼ਹੀਦ ਹੋਏ ਪਰ ਕੁੰਡਲੀਆ ਨਾਗ (ਭਾਵ ਭੁਝੰਗੀ ਖ਼ਾਲਸਾ) ਬਾਕੀ ਹੈ। ਗੁਰੂ ਸਾਹਿਬ ਦੁਆਰਾ ਖ਼ਾਲਸੇ ਅਤੇ ਲੋਕਾਂ ਵਿਚ ਪ੍ਰਗਟਾਏ ਗਏ ਇਸ ਵਿਸ਼ਵਾਸ ਨੇ ਭਵਿੱਖ ਦੀ ਲੜਾਈ ਦੀ ਜ਼ਮੀਨ ਦੀ ਸਿਰਜਣਾ ਕੀਤੀ। ਜ਼ਫ਼ਰਨਾਮੇ ਵਿਚ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਸ਼ਖ਼ਸੀਅਤ ਦੇ ਪਾਜ ਨੂੰ ਉਘੇੜਿਆ, ‘‘ਸ਼ਹਿਨਸ਼ਾਹ ਅਉਰੰਗਜ਼ੇਬ ਆਲਮੀ।। ਕਿ ਦਾਰਾਇ ਦੌਰ ਅਸਤ ਦੂਰ ਅਸਤ ਦੀਂ।।’’ ਭਾਵ, ਹੇ ਔਰੰਗਜ਼ੇਬ ਭਾਵੇਂ ਤੂੰ ਦੁਨੀਆ ਦਾ ਸ਼ਹਿਨਸ਼ਾਹ ਹੈਂ, ਸਮੇਂ ਦਾ ਸ਼ਹਿਨਸ਼ਾਹ (ਦਾਰਾ-ਇ-ਦੌਰ) ਹੈਂ ਪਰ ਧਰਮ ਤੋਂ ਦੂਰ (ਦੂਰ ਅਸਤ ਦੀਂ) ਹੀ ਹੈਂ। ਇਉਂ ਲੱਗਦਾ ਹੈ ਜਿਵੇਂ ਗੁਰੂ ਸਾਹਿਬ ਨੇ ਸਾਰੇ ਅਜਿਹੇ ਹਾਕਮਾਂ ਦਾ ਚਿੱਤਰ ਪੇਸ਼ ਕਰ ਦਿੱਤਾ ਹੈ ਜਿਹੜੇ ਧਰਮ ਨੂੰ ਆਪਣੀ ਤਾਕਤ, ਸੱਤਾ ਤੇ ਸਿਆਸਤ ਨੂੰ ਮਜ਼ਬੂਤ ਕਰਨ ਲਈ ਵਰਤਦੇ ਹਨ।
ਜਬਰ ਵਿਰੁੱਧ ਲੜਦਿਆਂ ਸ਼ਹੀਦ ਹੋਣਾ ਸਿੱਖ ਧਰਮ ਦਾ ਅਜਿਹਾ ਪੱਖ ਬਣਿਆ ਜਿਸ ਨੇ 18ਵੀਂ ਸਦੀ ਦੇ ਮਹਾਨ ਸੰਘਰਸ਼ਾਂ ਵਿਚ ਹਜ਼ਾਰਾਂ ਸਿੱਖਾਂ ਨੂੰ ਜ਼ੁਲਮ ਤੇ ਅਨਿਆਂ ਵਿਰੁੱਧ ਲੜਨ ਤੇ ਕੁਰਬਾਨੀ ਦੇਣ ਲਈ ਪ੍ਰੇਰਿਤ ਕੀਤਾ। ਇਹ ਸਫ਼ਰ 19ਵੀਂ ਤੇ 20ਵੀਂ ਸਦੀ ਵਿਚ ਜਾਰੀ ਰਿਹਾ।
ਜਬਰ ਵਿਰੁੱਧ ਲੜਨ ਲਈ ਜਬਰ ਕਰਨ ਵਾਲੇ ਦੇ ਚਰਿੱਤਰ ਦੀ ਪਛਾਣ ਕਰਨ ਦੀ ਲੋੜ ਹੁੰਦੀ ਹੈ। ਅਜਿਹਾ ਕਾਰਜ ਗੁਰੂ ਨਾਨਕ ਦੇਵ ਜੀ ਬਾਣੀ ਵਿਚ ਸ਼ੁਰੂ ਹੁੰਦਾ ਹੈ ਜਦੋਂ ਉਹ ਹਾਕਮਾਂ ਬਾਰੇ ਕਹਿੰਦੇ ਹਨ, ‘‘ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿ੍ ਬੈਠੇ ਸੁਤੇ।।’’ ਰਾਜਿਆਂ, ਨੌਕਰਸ਼ਾਹਾਂ ਤੇ ਉਨ੍ਹਾਂ ਦੇ ਚਾਕਰਾਂ ਬਾਰੇ ਗੁਰੂ ਸਾਹਿਬ ਨੇ ਕਿਹਾ ਸੀ, ‘‘ਚਾਕਰ ਨਹਦਾ ਪਾਇਨਿ੍ ਘਾਉ।। ਰਤੁ ਪਿਤੁ ਕੁਤਿਹੋ ਚਟਿ ਜਾਹੁ।।’’ ਭਾਵ ਇਹ ਨੌਕਰਸ਼ਾਹ ਲੋਕਾਂ ’ਤੇ ਨਹੁੰਦਰਾਂ ਨਾਲ ਜ਼ਖਮ ਕਰਦੇ ਹਨ ਅਤੇ ਕੁੱਤਿਆਂ ਵਾਂਗ ਉਨ੍ਹਾਂ ਦਾ ਲਹੂ ਪੀਂਦੇ ਹਨ। ਆਪਣੇ ਸਮਿਆਂ ਦੇ ਆਗੂਆਂ ਬਾਰੇ ਗੁਰੂ ਸਾਹਿਬ ਨੇ ਕਿਹਾ, ‘‘ਕੂੜੁ ਬੋਲਿ ਮੁਰਦਾਰੁ ਖਾਇ।। ਅਵਰੀ ਨੋ ਸਮਝਾਵਣਿ ਜਾਇ।। ਮੁਠਾ ਆਪਿ ਮੁਹਾਏ ਸਾਥੈ।। ਨਾਨਕ ਐਸਾ ਆਗੂ ਜਾਪੈ।।’’ ਇਸ ਤਰ੍ਹਾਂ ਸਮਾਜ ਦੇ ਨਾਮਨਿਹਾਦ ਆਗੂਆਂ ਨੂੰ ਗੁਰੂ ਸਾਹਿਬ ਨੇ ਮੁਰਦੇ ਖਾਣ ਵਾਲੇ ਅਤੇ ਝੂਠੇ ਕਿਹਾ ਤੇ ਉਨ੍ਹਾਂ ਬਾਰੇ ਪ੍ਰਸ਼ਨ ਪੁੱਛਿਆ, ‘‘ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।।’’ ਭਾਵ ਜੋ ਇਨਸਾਨ ਦਾ ਲਹੂ ਚੂਸਦੇ ਹਨ, ਉਨ੍ਹਾਂ ਦਾ ਮਨ ਪਵਿੱਤਰ ਕਿਵੇਂ ਹੋ ਸਕਦਾ ਹੈ। ਇਸ ਸੰਗਰਾਮਮਈ ਭਾਸ਼ਾ ਤੇ ਸੰਦੇਸ਼ ਨੇ ਪੰਜਾਬ ਵਿਚ ਜਬਰ ਵਿਰੁੱਧ ਲੜਾਈ ਲਈ ਨਵੀਂ ਊਰਜਾ ਬਖਸ਼ੀ ਅਤੇ ਉਨ੍ਹਾਂ ਨੇ ਇਹ ਸੁਨੇਹਾ ਵੀ ਦਿੱਤਾ ਸੀ, ‘‘ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ।।’’
ਸਿਰ ਦੇਣ ਦੀ ਇਹ ਰਵਾਇਤ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਸਿੱਖਾਂ ਦੀਆਂ ਸ਼ਹੀਦੀਆਂ ਦਾ ਮਾਰਗ ਲੰਘਦੀ ਹੋਈ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਤੇ ਉਨ੍ਹਾਂ ਦੇ ਸਾਥੀ ਸਿੱਖਾਂ ਦੀ ਸ਼ਹੀਦੀ ਦੇ ਪੜਾਅ ’ਤੇ ਪਹੁੰਚਦੀ ਹੈ। ਜਿੱਥੇ ਇਹ ਪੜਾਅ ਮਹਾਨ ਦੁਖਾਂਤ ਤੇ ਸੋਗ ਦਾ ਹੈ, ਉੱਥੇ ਇਹ ਪੰਜਾਬੀਆਂ ਤੇ ਸਿੱਖਾਂ ਨੂੰ ਇਹ ਯਾਦ ਦਿਵਾਉਂਦਾ ਹੈ ਕਿ ਜਬਰ ਵਿਰੁੱਧ ਲੜਾਈ ਕਿਹੋ ਜਿਹੀਆਂ ਕੁਰਬਾਨੀਆਂ ਮੰਗਦੀ ਹੈ ਅਤੇ ਸਾਡੇ ਵਡੇਰਿਆਂ ਨੇ ਅਜਿਹੀਆਂ ਕੁਰਬਾਨੀਆਂ ਦਿੱਤੀਆਂ।
ਸ਼ਹਾਦਤ ਇਤਿਹਾਸ ਦੇ ਸਫ਼ਿਆਂ ’ਤੇ ਅਮਿੱਟ ਛਾਪ ਛੱਡਦੀ ਹੈ। ਸ਼ਹਾਦਤ ਜ਼ਿੰਦਗੀ ਤੇ ਮੌਤ ਤੋਂ ਅਗਾਂਹ ਜਾ ਕੇ ਇਕ ਨਵਾਂ ਜੀਵਨ ਜਿਊਂਦੀ ਹੈ। ਇਹ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਵਿਚ ਵਾਰ ਵਾਰ ਚੇਤਿਆਂ, ਸੋਗ, ਮਾਣ-ਸਨਮਾਨ, ਸ਼ੁਕਰ ਤੇ ਹੋਰ ਭਾਵਨਾਵਾਂ ਨੂੰ ਉਜਾਗਰ ਕਰਦਾ ਅਤੇ ਲੋਕਾਂ ਦੀ ਸਮੂਹਿਕ ਚੇਤਨਾ ਅਤੇ ਅਵਚੇਤਨ ਦਾ ਅਟੁੱਟ ਅੰਗ ਬਣ ਜਾਂਦਾ ਹੈ। ਅਰਦਾਸ ਵਿਚ ਇਹ ਯਾਦ ਰੋਜ਼ਾਨਾ ਗੂੰਜਦੀ ਹੈ। ਪੰਜਾਬੀ, ਸਿੱਖ ਅਤੇ ਸਾਰੀ ਲੋਕਾਈ ਇਸ ਮਹੀਨੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੇ ਸਾਥੀ ਸਿੱਖਾਂ ਦੀ ਅਦੁੱਤੀ ਸ਼ਹਾਦਤ ਨੂੰ ਹੋਰ ਸ਼ਿੱਦਤ ਨਾਲ ਯਾਦ ਕਰਦੇ ਅਤੇ ਉਸ ਯਾਦ ਸਾਹਮਣੇ ਨਤਮਸਤਕ ਹੁੰਦੇ ਹਨ।
- ਸਵਰਾਜਬੀਰ