ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ‘ਸਾਈਨ ਬੋਰਡ’ ਦੀ ਸਥਾਪਨਾ
ਪੱਤਰ ਪ੍ਰੇਰਕ
ਦੋਰਾਹਾ, 4 ਨਵੰਬਰ
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਰਾਮਪੁਰ ਦੇ ਨਹਿਰੀ ਪੁਲ ਦੇ ਨਾਲ ਸਭਾ ਦਾ ਸਾਈਨ ਬੋਰਡ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਪਿਛਲੇ ਸਾਲ ਸਭਾ ਦੇ ਸਨਮਾਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਨਾਵਲਿਸਟ, ਸ਼ਾਇਰ ਤੇ ਚਿੰਤਕ ਡਾ. ਮਨਮੋਹਨ ਨੇ ਕਿਹਾ ਕਿ ਉਹ ਇੱਥੋਂ ਕਈ ਵਾਰ ਲੰਘੇ ਹਨ ਪਰ ਪਤਾ ਨਹੀਂ ਸੀ ਕਿ ਪਿੰਡ ਰਾਮਪੁਰ ਲੇਖਕਾਂ ਦਾ ਪਿੰਡ ਹੈ। ਇਸ ਉਪਰੰਤ ਸਭਾ ਵੱਲੋਂ ਸਾਈਨ ਬੋਰਡ ਤਿਆਰ ਕਰਵਾ ਕੇ ਅੱਜ ਦੋਰਾਹਾ-ਨੀਲੋਂ ਲਿੰਕ ਰੋਡ ’ਤੇ ਰਾਮਪੁਰ ਚੌਕ ਵਿਚ ਸਥਾਪਤ ਕੀਤਾ ਗਿਆ। ਇਸ ਬੋਰਡ ਦੇ ਇਕ ਪਾਸੇ ਸੁਰਜੀਤ ਰਾਮਪੁਰੀ ਦਾ ਸ਼ੇਅਰ ‘ਜਿਹੜਾ ਪਾਣੀ ਪੀਂਦਾ ਸ਼ਾਇਰ ਬਣ ਜਾਂਦਾ, ਇੰਨੀਆਂ ਸਖ਼ਤ ਸਜ਼ਾਵਾਂ ਮੇਰੇ ਪਿੰਡ ਦੀਆਂ’ ਤੇ ਦੂਜੇ ਪਾਸੇ ਗੁਰਚਰਨ ਰਾਮਪੁਰੀ ਦੀਆਂ ਕਾਵਿ ਪੰਕਤੀਆਂ ‘ਕਿਰਨਾਂ ਜੁੜਦੀਆਂ ਜਦੋਂ ਸਵੇਰ ਚੜ੍ਹਦੀ, ਕਲਮਾਂ ਜੁੜਦੀਆਂ ਜੱਗ ਪਲਟਾਉਂਦੀਆਂ ਨੇ’ ਲਿਖਿਆ ਹੋਇਆ ਹੈ। ਇਸ ਮੌਕੇ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ, ਬਲਵੰਤ ਮਾਂਗਟ, ਕਮਲਜੀਤ ਨੀਲੋਂ, ਅਮਨ ਆਜ਼ਾਦ, ਸੁਰਿੰਦਰ ਰਾਮਪੁਰੀ, ਬੁੱਧ ਸਿੰਘ, ਨੀਤੂ ਰਾਮਪੁਰ, ਬਲਦੇਵ ਝੱਜ, ਰਾਮ ਸਿੰਘ ਭੀਖੀ, ਪ੍ਰਭਜੋਤ ਰਾਮਪੁਰ, ਤਰਨਵੀਰ ਤਰਨ ਆਦਿ ਹਾਜ਼ਰ ਸਨ।