ਸਮੀਕਰਣ
ਡਾ. ਦਵਿੰਦਰ ਪ੍ਰੀਤ
ਕਥਾ ਪ੍ਰਵਾਹ
‘‘ਗਣਿਤ ਦੀਆਂ ਸਾਰੀਆਂ ਸਮੀਕਰਣਾਂ ਕਿਸੇ ਨਾ ਕਿਸੇ ਫਾਰਮੂਲੇ ਨਾਲ ਹੱਲ ਹੁੰਦੀਆਂ ਨੇ ਪਰ ... ਆਹ ਸਮੀਕਰਣ,’’ ਇੰਸਪੈਕਟਰ ਵਿਕਰਾਂਤ ਨੇ ਆਪਣੇ ਹੱਥ ’ਚ ਪਏ ਲੋਹੇ ਦੇ ਕੜੇ ਨੂੰ ਸੱਜੇ ਹੱਥ ਦੀ ਉਂਗਲ ਨਾਲ ਘੁੰਮਾਉਂਦਿਆਂ ਕਿਹਾ।
‘‘ਕਿਹੜੀ ਸਮੀਕਰਣ?’’ ਮੈਂ ਬੈੱਡ ’ਤੇ ਲੇਟੇ ਨੇ ਹੀ ਵਿਕਰਾਤ ਦੀ ਮਾਯੂਸੀ ਨੂੰ ਭਾਂਪਦਿਆਂ ਕਿਹਾ। ‘‘ਨਾਲੇ ਅੱਜ ਤੂੰ ਸਵੇਰੇ ਉੱਠਦਾ ਹੀ ਕਿਹੜੇ ਜਮ੍ਹਾਂ-ਘਟਾਓ ਦੇ ਚੱਕਰਾਂ ’ਚ ਪੈ ਗਿਆ?’’ ਮੈਂ ਕੁਝ ਜਾਣਨ ਦੇ ਲਹਿਜੇ ਨਾਲ ਵਿਕਰਾਂਤ ਨੂੰ ਸਵਾਲ ਕੀਤਾ।
‘‘ਆਹ ਭੈੜੀ ਜ਼ਿੰਦਗੀ ਦੀ ਸਮੀਕਰਣ, ਯਾਰ! ਜਿਹੜੀ ਕਿਸੇ ਵੀ ਫਾਰਮੂਲੇ ਨਾਲ ਹੱਲ ਹੀ ਨਹੀਂ ਹੋ ਸਕੀ।’’ ਵਿਕਰਾਂਤ ਖੱਬੇ ਹੱਥ ਵਿੱਚ ਪਏ ਲੋਹੇ ਦੇ ਕੜੇ ਨੂੰ ਗਹੁ ਨਾਲ ਵੇਖਦਾ ਹੈ ਤੇ ਬਾਂਹ ਮੇਰੇ ਅੱਗੇ ਕਰਦਾ ਹੈ।
‘‘ਕੀ ਗੱਲ ਥਾਣੇ ਵਿੱਚ ਕੋਈ ਖ਼ਾਸ ਕੇਸ ਹੈ, ਜੋ ਹੱਲ ਹੋਣ ਵਾਲਾ ਨਹੀਂ ਜਾਂ ਫਿਰ ਕੋਈ ਨਵਾਂ ਇਸ਼ਕ-ਮੁਹੱਬਤ... ਦਾ ਕੇਸ ਚੱਲ ਪਿਆ ਹੈ।’’ ਮੈਂ ਵਿਕਰਾਂਤ ਨੂੰ ਵਿਅੰਗਾਤਮਕ ਲਹਿਜੇ ਨਾਲ ਅੱਖ ਦਬਾ ਕੇ ਮਜ਼ਾਹੀਆ ਸੁਰ ਵਿੱਚ ਛੇੜਦਾ ਹਾਂ। ‘‘ਤੂੰ ਹੁਣ ਮੇਰੇ ਜ਼ਖ਼ਮਾਂ ’ਤੇ ਲੂਣ ਨਾ ਹੀ ਲਾਵੇਂ ਤਾਂ ਤੇਰਾ ਭਲਾ ਹੋਊ, ਭਰਾਵਾ। ਵਰਨਾ... ਜ਼ਖ਼ਮਾਂ ’ਤੇ ਅੰਗੂਰ ਆਉਣ ਦੀ ਤਾਂ ਪਹਿਲਾਂ ਹੀ ਕੋਈ ਉਮੀਦ ਨਹੀਂ।’’ ਵਿਕਰਾਂਤ ਸਹਿਜ-ਸੁਭਾਅ ਹੀ ਮੈਨੂੰ ਚੁੱਪ ਰਹਿਣ ਦੀ ਸਲਾਹ ਦੇ ਰਿਹਾ ਹੈ।
‘‘ਸਾਹਬ! ਗਰਮ ਪਾਣੀ,’’ ਰਸੋਈਏ ਨੇ ਦੋ ਗਲਾਸ ਕੋਸੇ ਪਾਣੀ ਦੇ ਮੇਜ਼ ’ਤੇ ਰੱਖਦਿਆਂ ਕਿਹਾ। ‘‘ਠੀਕ ਹੈ, ਰੱਖੋ। ਔਰ ਯੇ ਬਤਾਓ ਕਿ ਆਜ ਬੈੱਡ-ਟੀ ਕੇ ਸਾਥ ਕੌਨ ਸਾ ਸਨੈਕਸ ਹੈ?’’ ਵਿਕਰਾਂਤ ਨੇ ਰਸੋਈਏ ਨੂੰ ਮੁਖਾਤਬਿ ਹੁੰਦਿਆਂ ਪੁੱਛਿਆ।
‘‘ਸਾਹਬ, ਹਮ ਨੇ ਕੱਲ ਮਾਂਹ ਕੀ ਦਾਲ ਕੀ ਪਿੰਨੀ ਬਣਾਈ ਥੀ। ਇਸ ਲੀਏ ਸੋਚਾ ਸਰਦੀ ਕੇ ਮੌਸਮ ਮੇਂ ਸਨੈਕਸ ਕੀ ਜਗ੍ਹਾ ਪਿੰਨੀ ਸੇ ਹੀ ਬੈੱਡ-ਟੀ ਦੇਂਗੇ। ਹਜ਼ੂਰ ਆਗੇ ਆਪ ਕੀ ਇੱਛਾ।’’ ਰਸੋਈਆ ਗਲ ਵਿੱਚ ਸਾਫ਼ਾ ਪਾਈ ਖੜ੍ਹਾ ਉਹ ਨਾਲ ਗੱਲ ਕਰੀ ਜਾ ਰਿਹਾ ਹੈ। ‘‘ਠੀਕ ਹੈ, ਜਾਓ ਤੇ ਪੂਰੇ ਵੀਹ ਮਿੰਟਾਂ ਬਾਅਦ ਬੈੱਡ-ਟੀ ਲੈ ਕੇ ਆਓ।’’ ਵਿਕਰਾਂਤ ਨੇ ਰਸੋਈਏ ਨੂੰ ਚਾਹ ਬਣਾਉਣ ਲਈ ਕਿਹਾ।
‘‘ਵਿਕਰਾਂਤ! ਗਣਿਤ ਦੀਆਂ ਸਾਰੀਆਂ ਸਮੀਕਰਣਾਂ ਕਦੇ-ਕਦੇ ਕਿਸੇ ਫਾਰਮੂਲੇ ਨਾਲ ਵੀ ਹੱਲ ਨਹੀਂ ਹੁੰਦੀਆਂ। ਜੇਕਰ ਅਜਿਹਾ ਹੁੰਦਾ ਤਾਂ ਯੂਨਾਨ ਦੇ ਅੰਕ ਗਣਿਤ ਸ਼ਾਸਤਰੀ ਨੂੰ ਸੌ ਬਲਦਾਂ ਦੀ ਬਲੀ ਨਾ ਦੇਣੀ ਪੈਂਦੀ।’’ ਮੈਂ ਵਿਕਰਾਂਤ ਨੂੰ ਫਰੋਲਣ ਦੇ ਆਸ਼ੇ ਦੇ ਨਾਲ-ਨਾਲ ਦਿਲਾਸਾ ਵੀ ਦਿੱਤਾ।
‘‘ਠੀਕ, ਬਿਲਕੁਲ ਠੀਕ, ਪਾਈਥਾਗੋਰਸ ਨੇ ਤਾਂ ਸੌ ਬਲਦਾਂ ਦੀ ਬਲੀ ਦੇ ਕੇ ਸਮਾਜ ਨੂੰ ਨਵੀਂ ਚੇਤਨਾ ਦੇ ਰਾਹ ਪਾ ਦਿੱਤਾ ਸੀ, ਪਰ ਮੈਂ ਤਾਂ ਆਪਣੇ-ਆਪ ਦੀ ਬਲੀ ਦੇ ਕੇ ਵੀ ਕੁਝ ਹਾਸਿਲ ਨਹੀਂ ਕਰ ਸਕਿਆ।’’ ਵਿਕਰਾਂਤ ਨੇ ਸੱਜੇ ਹੱਥ ਦਾ ਮੁੱਕਾ ਵੱਟ ਕੇ ਜ਼ੋਰ ਨਾਲ ਕੰਧ ਵਿੱਚ ਮਾਰਿਆ।
‘‘ਚੱਲ ਛੱਡ, ਤੂੰ ਇਹ ਦੱਸ ਕਿ ਅੱਜ ਸਵੇਰੇ ਉੱਠਦਿਆਂ ਹੀ ਤੂੰ ਕਿਸ ਪ੍ਰਸੰਗ ’ਤੇ ਚਰਚਾ ਕਰਨ ਲੱਗ ਗਿਆ ਹੈ।’’ ਮੈਂ ਵਿਕਰਾਂਤ ਦੇ ਮਨ ਦੀ ਬੇਚੈਨੀ ਤੋਂ ਵਾਕਫ਼ ਹੋਣਾ ਚਾਹੁੰਦਾ ਸੀ। ਮੈਂ ਮਨ ਹੀ ਮਨ ਸੋਚ ਰਿਹਾ ਰਿਹਾ ਸੀ ਕਿ ਬੰਦਾ ਹਮੇਸ਼ਾ ਆਪਣੇ ਅਨੁਭਵਾਂ ਨਾਲ ਹੀ ਦੋ-ਚਾਰ ਹੋਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਠੀਕ ਇੰਝ ਹੀ ਅੱਜ ਮੈਨੂੰ ਇੰਸਪੈਕਟਰ ਵਿਕਰਾਂਤ ਵੀ ਅੰਦਰੂਨੀ ਸੰਵੇਦਨਸ਼ੀਲ ਯਾਤਰਾ ਵੱਲ ਤੁਰਦਾ ਦਿਖਾਈ ਦੇ ਰਿਹਾ ਸੀ। ਇੰਨੇ ਚਿਰ ਨੂੰ ਵਿਕਰਾਂਤ ਦਾ ਗੰਨਮੈਨ ਆਇਆ ਤੇ ਉਹਨੇ ਸਲੂਟ ਮਾਰਦਿਆਂ ਕਿਹਾ, ‘‘ਸਰ! ਸਰ, ਥਾਣੇ ਤੋਂ ਅਰਜੈਂਟ ਕਾਲ ਹੈ।’’
ਵਿਕਰਾਂਤ ਨੇ ਗੰਨਮੈਨ ਹੱਥੋਂ ਮੋਬਾਈਲ ਫੜਿਆ, ਮੁਨਸ਼ੀ ਦੀ ਗੱਲ ਸੁਣੀ ਤੇ ਪੁਲਸੀਏ ਅੰਦਾਜ਼ ’ਚ ਬੋਲਿਆ, ‘‘ਠੀਕ ਹੈ, ਪਾਓ ਸਾਲਿਆਂ ਨੂੰ ਲੰਮੇ ਤੇ ਮਾਰੋ ਛਿੱਤਰ, ਮੈਂ ਦਸ ਕੁ ਵਜੇ ਥਾਣੇ ਪਹੁੰਚਦਾ ਹਾਂ।’’
ਰਸੋਈਆ ਚਾਹ ਦੀ ਛੋਟੀ ਕੇਤਲੀ, ਦੋ ਕੱਪ, ਪਲੇਟ ਵਿੱਚ ਪਿੰਨੀਆਂ ਤੇ ਦੂਜੀ ਪਲੇਟ ਵਿੱਚ ਨਮਕੀਨ, ਸਾਰਾ ਕੁਝ ਟਰੇਅ ਵਿੱਚ ਲਿਆ ਮੇਜ਼ ’ਤੇ ਰੱਖਦਾ ਹੈ। ਅਜੇ ਉਹ ਕਿਸੇ ਹੋਰ ਹੁਕਮ ਦੀ ਆਸ ਵਿੱਚ ਖੜ੍ਹਾ ਸੀ ਕਿ ਵਿਕਰਾਂਤ ਉਸ ਨੂੰ ਬਾਹਰ ਜਾਣ ਦਾ ਇਸ਼ਾਰਾ ਕਰਦਾ ਹੈ।
‘‘ਕੀ ਕੋਈ ਖ਼ਤਰਨਾਕ ਮੁਜ਼ਰਿਮ ਹੈ?’’ ਮੈਂ ਜਗਿਆਸਾ ਵੱਸ ਵਿਕਰਾਂਤ ਨੂੰ ਪੁੱਛਿਆ।
‘‘ਬੰਦੇ ਦੇ ਮਨ ਤੋਂ ਵੱਡਾ ਹੋਰ ਕੋਈ ਮੁਜ਼ਰਿਮ ਨਹੀਂ ਹੋ ਸਕਦਾ। ਇਹ ਮਨ ਹੀ ਹੈ ਜੋ ਸਭ ਤੋਂ ਵੱਧ ਖ਼ਤਰਨਾਕ ਹੁੰਦਾ ਹੈ।’’ ਵਿਕਰਾਂਤ ਨੇ ਮੇਜ਼ ’ਤੇ ਪਿਆ ਪਾਣੀ ਦਾ ਗਲਾਸ ਗਟ-ਗਟ ਕਰਕੇ ਪੀ ਲਿਆ।
‘‘ਕੀ ਗੱਲ, ਤੂੰ ਅੱਜ ਜ਼ਿਆਦਾ ਹੀ ਫਿਲਾਸਫ਼ਰ ਜਿਹਾ ਹੋ ਗਿਆ ਏ।’’ ਮੈਂ ਉਸ ਦੇ ਮਨ ਵਿੱਚ ਫੇਰ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ।
‘‘ਹਾਂ ਵੱਡੇ ਵੀਰ, ਜ਼ਿੰਦਗੀ ਦੀ ਕਿਤਾਬ ਦੇ ਪੰਨੇ ਜਿਹੜਾ ਵੀ ਧਿਆਨ ਨਾਲ ਪੜ੍ਹਦਾ ਏ, ਉਹੋ ਹੀ ਫਿਲਾਸਫ਼ੀ ਦੇ ਰਾਹ ਪੈ ਜਾਂਦਾ ਏ ਤੇ ਰਹੀ ਗੱਲ ਜਿਹੜੇ ਮੁਜ਼ਰਿਮ ਬਾਰੇ ਤੂੰ ਪੁੱਛ ਰਿਹਾ ਏਂ, ਇਹ ਮੇਰਾ ਦਾਅਵਾ ਹੈ ਕਿ ਜੀਵਨ ਦੀ ਸਾਰੀ ਚੱਕੀ ਮਨ ਦੇ ਦੁਆਲੇ ਘੁੰਮਦੀ ਹੈ।’’ ਉਹ ਕੁਰਸੀ ਤੋਂ ਅਗਾਂਹ ਨੂੰ ਹੁੰਦਾ ਹੋਇਆ, ਚਾਹ ਦਾ ਇੱਕ ਕੱਪ ਮੇਰੇ ਵੱਲ ਸਰਕਾਉਂਦਾ ਹੈ ਤੇ ਦੂਜਾ ਆਪ ਚੁੱਕਦਿਆਂ ਡੂੰਘਾ ਸਾਹ ਭਰਦਿਆਂ ਪਲੇਟ ’ਚੋਂ ਪਿੰਨੀ ਚੁੱਕਦਾ ਹੋਇਆ ਕਹਿੰਦਾ ਹੈ, ‘‘ਇਹ ਮੁਹੱਬਤ ਵੀ ਅਜੀਬ ਸ਼ੈਅ ਹੈ, ਜ਼ਿੰਦਗੀ ਦੇ ਕਿਹੜੇ-ਕਿਹੜੇ ਪੰਨੇ ਤੋਂ ਇਸ ਨੂੰ ਖਾਰਿਜ ਕਰਾਂ?’’
‘‘ਵਿਕਰਾਂਤ, ਮੁਹੱਬਤ ਜ਼ਿੰਦਗੀ ਦੇ ਕਿਸੇ ਪੰਨੇ ਤੋਂ ਵੀ ਕਦੇ ਖਾਰਿਜ ਨਹੀਂ ਕੀਤੀ ਜਾ ਸਕਦੀ ਤੇ ਨਾਲੇ ਇਸ ਵਿਸ਼ੇ ’ਤੇ ਗੰਭੀਰ ਹੋਣ ਤੋਂ ਪਹਿਲਾਂ ਇਹ ਸੋਚ ਲੈ ਕਿ ਜੀਵਨ ਦੀ ਇਸ ਰਮਜ਼ ਨੂੰ ਅੱਜ ਤੱਕ ਕੋਈ ਵੀ ਨਹੀਂ ਸਮਝ ਸਕਿਆ।’’ ਮੈਂ ਚਾਹ ਦਾ ਕੱਪ ਖਾਲੀ ਕਰਕੇ ਮੇਜ਼ ’ਤੇ ਰੱਖਦਿਆਂ ਕਿਹਾ।
‘‘ਹਾਂ, ਠੀਕ ਕਿਹਾ ਹੈ ਤੂੰ ਭਾਅ, ਠੀਕ ਫੁਰਮਾਇਆ ਏ, ਹੁਣ ਤਾਂ ਮੈਂ ਵੀ ਇਹ ਵੀ ਸੋਚਣ ਲੱਗ ਪਿਆ ਹਾਂ। ਜ਼ਿੰਦਗੀ ਦੀ ਬੇੜੀ ਸਵਾਰਥੀ ਰਿਸ਼ਤਿਆਂ ਦੀ ਬੇੜੀ ਏ। ਸਵਾਰਥ ਅਪਣੱਤ ਅਤੇ ਮੋਹ ’ਤੇ ਕਿਤੇ ਜ਼ਿਆਦਾ ਭਾਰੀ ਹੋ ਨਿੱਬੜਦਾ ਹੈ। ਨੇਵੀ ਤੇ ਪੁਲੀਸ ਦੀ ਕੁੱਲ ਮਿਲਾ ਕੇ ਤੀਹ ਸਾਲਾਂ ਦੀ ਨੌਕਰੀ ਦਾ ਤਜਰਬਾ ਵੀ ਇਹੋ ਦੱਸਦਾ ਹੈ ਕਿ ਰਿਸ਼ਤੇ ਸਵਾਰਥੀ, ਬੇੜੀ ਦੇ ਪੂਰ ਸਵਾਰਥੀ ਤੇ ਮਲਾਹ ਵੀ ਸਵਾਰਥੀ ਨੇ। ਇਨ੍ਹਾਂ ਤੀਹ ਸਾਲਾਂ ਵਿੱਚ ਮੇਰੇ ਸਾਹਮਣੇ ਅਜਿਹੇ-ਅਜਿਹੇ ਕੇਸ ਆਏ ਨੇ, ਜਿਨ੍ਹਾਂ ’ਚ ਮੈਂ ਅਪਣੱਤ ਤੇ ਮੋਹ ਨੂੰ ਸਵਾਰਥ ਦੀ ਉੱਚ ਡਿਗਰੀ ਸਾਹਮਣੇ ਬੌਣੀ ਤੇ ਹੀਣੀ ਹੁੰਦੇ ਵੇਖਿਆ ਹੈ। ਸੱਚ ਜਾਣੀ, ਵੱਡੇ ਭਾਅ, ਉਸ ਵੇਲੇ ਮੇਰਾ ਦਿਲ ਉੱਚੀ-ਉੱਚੀ ਡਾਡਾਂ ਮਾਰ ਕੇ ਰੋਣ ਨੂੰ ਕਰਦਾ ਈ।’’
‘‘ਉਹ ਕਿਵੇਂ?’’ ਮੈਂ ਰਜਾਈ ਵਿੱਚ ਲੇਟਿਆ-ਲੇਟਿਆ ਹੀ ਉਸ ਨੂੰ ਸਵਾਲ ਕੀਤਾ।
‘‘ਮੈਂ ਦੱਸਦਾ ਹਾਂ। ਦੁਨੀਆਂ ਦੇ ਤਮਾਮ ਰਿਸ਼ਤੇ ਖੁਨਾਮੀਆਂ ਭਰਪੂਰ ਨੇ ਪਰ ਮੇਰਾ ਤੇ ਜਸਜੀਤ ਦਾ ਰਿਸ਼ਤਾ...। ਜਸਜੀਤ ਦਾ ਅੱਜ ਜਨਮ ਦਿਨ ਹੈ। ਮੇਰਾ ਤੇ ਜਸਜੀਤ ਦਾ ਆਪਸੀ ਰਿਸ਼ਤਾ ਨਿਰੋਲ ਮੁਹੱਬਤ ਦਾ ਰਿਸ਼ਤਾ ਏ ਜਿਹਦੇ ਵਿੱਚ ਮੈਨੂੰ ਤਿਲ ਜਿੰਨੀ ਖ਼ਾਮੀ ਨਜ਼ਰ ਨਹੀਂ ਆਉਂਦੀ।’’ ਇੰਨਾ ਕਹਿ ਕੇ ਵਿਕਰਾਂਤ ਜਿਵੇਂ ਚੁੱਪ ਦੇ ਸਾਗਰ ’’ਚ ਤਾਰੀਆਂ ਲਾਉਣ ਚਲਾ ਗਿਆ।
‘‘ਜਸਜੀਤ, ਕਿਹੜੀ ਜਸਜੀਤ।’’ ਮੈਂ ਜਾਣਦਿਆਂ ਵੀ ਜਸਜੀਤ ਦਾ ਨਾਂ ਦੁਹਰਾਇਆ।
‘‘ਵੱਡੇ ਭਾਅ, ਉਹੀ ਜਸਜੀਤ, ਸਵਰਨ ਸਿੰਘ ਸੰਧੂ ਦੀ ਕੁੜੀ, ਜਿਹੜੀ ਆਪਣੇ ਨਾਲ ਪੜ੍ਹਦੀ ਹੁੰਦੀ ਸੀ।’’ ਵਿਕਰਾਂਤ ਫਿਰ ਹੱਥ ਵਿੱਚ ਪਏ ਕੜੇ ਨੂੰ ਗਹੁ ਨਾਲ ਵੇਖਦਾ ਹੈ।
‘‘ਸੰਧੂ ਦੀ ਉਹ ਮਧਰੇ ਕੱਦ ਵਾਲੀ ਕੁੜੀ, ਜਿਹੜੀ ਤੇਰੇ ਕੋਲੋਂ ਤੂੜੀ ਵਾਲੇ ਕੋਠੇ ਵਿੱਚ ਬਣਾਈ ਤੇਰੀ ਲਾਇਬ੍ਰੇਰੀ ’ਚੋਂ ਕਦੇ-ਕਦੇ ਕਿਤਾਬਾਂ ਲੈਣ ਵੀ ਆਉਂਦੀ ਹੁੰਦੀ ਸੀ?’’ ਮੈਂ ਅੱਖਾਂ ਨਾਲ ਹੀ ਸਵਾਲੀਆ ਲਹਿਜੇ ਨਾਲ ਸਵਾਲ ਕੀਤਾ।
‘‘ਆਹੋ,’’ ਵਿਕਰਾਂਤ ਨੇ ਕੁਰਸੀ ਤੋਂ ਉੱਠਦਿਆਂ ਕਿਹਾ।
‘‘ਪਰ! ਪਰ ਵਿਕਰਾਂਤ ਉਹ ਤਾਂ ਬਹੁਤ ਸਾਲ ਪੁਰਾਣੀ ਗੱਲ ਏ।’’ ਮੈਂ ਮਨ ਵਿਚਲੀ ਹੈਰਾਨੀ ਨੂੰ ਉਹਦੇ ਸਾਹਮਣੇ ਪ੍ਰਗਟ ਕੀਤਾ।
‘‘ਹਾਂ, ਘੱਟੋ-ਘੱਟ ਪੈਂਤੀ ਸਾਲ ਪੁਰਾਣੀ ਗੱਲ ਹੈ ਵੱਡੇ ਭਾਅ। ਪੈਂਤੀ ਸਾਲ ਪੁਰਾਣਾ ਰਿਸ਼ਤਾ ਹਰ ਨਵੀਂ ਸਵੇਰ ਨਾਲ ਮੇਰੀਆਂ ਸੋਚਾਂ ਤੇ ਯਾਦਾਂ ਦਾ ਦਰ ਆ ਖੜਕਾਉਂਦਾ ਏ।’’ ਵਿਕਰਾਂਤ ਦਾ ਮਨ ਡੁੱਲ੍ਹਣ-ਡੁੱਲ੍ਹਣ ਕਰ ਰਿਹਾ।
ਮੈਂ ਹੈਰਾਨੀ ਵੱਸ ਵਿਕਰਾਤ ਦੇ ਚਿਹਰੇ ਵੱਲ ਵੇਖਦਿਆਂ ਕਿਹਾ, ‘‘ਜਸਜੀਤ ਤਾਂ ਸ਼ਾਇਦ ਉਦੋਂ ਹੀ ਚੰਡੀਗੜ੍ਹ ਕਿਸੇ ਬੈਂਕ ਮੈਨੇਜਰ ਨਾਲ ਵਿਆਹੀ ਗਈ ਸੀ। ਕੀ ਉਹ ਆਪ ਵੀ ਕਿਧਰੇ ਨੌਕਰੀ ਕਰ ਰਹੀ ਸੀ ਜਾਂ ਨਹੀਂ?’’ ਮੈਂ ਨਾਲ ਲੱਗਦਾ ਹੀ ਪ੍ਰਸ਼ਨ ਕਰਦਾ ਹਾਂ।
‘‘ਹਾਂ ਯਾਰ, ਉਹ ਤਾਂ ਹੁਣ ਵੀ ਅੰਕੜਾ ਵਿਭਾਗ ਵਿੱਚ ਗਜ਼ਟਡ ਅਫ਼ਸਰ ਹੈ ਤੇ ਸ਼ਾਇਦ ਉਸਦੀ ਅਜੇ ਕੁਝ ਕੁ ਸਾਲਾਂ ਦੀ ਨੌਕਰੀ ਹੈ।’’ ਵਿਕਰਾਂਤ ਨੇ ਮੇਰੀ ਗੱਲ ਦੀ ਪੁਸ਼ਟੀ ਕੀਤੀ।
‘‘ਪਰ ਵਿਕਰਾਂਤ, ਤੂੰ ਤਾਂ ਹਾਇਰ ਸੈਕੰਡਰੀ ਕਰਨ ਪਿੱਛੋਂ ਨੇਵੀ ਵਿੱਚ ਭਰਤੀ ਹੋ ਗਿਆ ਸੈਂ। ਇੰਨੇ ਸਾਲਾਂ ਦੇ ਵਕਫ਼ੇ ਬਾਅਦ ਉਹਦੇ ਨਾਲ ਤੇਰਾ ਮੇਲ?’’ ਮੈਂ ਡੂੰਘੀ ਉਤਸੁਕਤਾ ਵੱਸ ਫਿਰ ਸਵਾਲ ਕਰਦਾ ਹਾਂ।
‘‘ਹਾਂ ਵੱਡੇ ਵੀਰ, ਉਹ ਲੋਰ ਵਿੱਚ ਮੈਨੂੰ ਵੱਡਾ ਭਾਅ,’’ ਵੱਡੇ ਵੀਰ ਕਹਿ ਕੇ ਮੁਖਾਤਬਿ ਹੋਇਆ, ‘‘ਤੁਹਾਨੂੰ ਪਤਾ, ਜਦੋਂ ਮੈਂ ਨੇਵੀ ਵਿੱਚ ਭਰਤੀ ਹੋ ਗਿਆ ਸਾਂ, ਜਸਜੀਤ ਦਾ ਚਿੱਠੀ ਪੱਤਰ ਮੈਨੂੰ ਪਹੁੰਚਦਾ ਰਿਹਾ। ਨੇਵੀ ਦੀ ਨੌਕਰੀ ਦੇ ਪਹਿਲੇ ਸਾਲ ਵਿੱਚ ਹੀ, ਜਿਸ ਵਿੱਚ ਛੁੱਟੀ ਮਿਲਣੀ ਅਸੰਭਵ ਸੀ, ਉਸ ਨੇ ਮੇਰੇ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਉਦੋਂ ਸਮਾਜਿਕ ਮਜਬੂਰੀਆਂ ਮੇਰਾ ਰਾਹ ਰੋਕੀ ਖੜ੍ਹੀਆਂ ਸਨ। ਮਾਂ ਦਾ ਦਿਨ-ਰਾਤ ਸਿਲਾਈ ਕਰਨਾ, ਬਾਪੂ ਦੀ ਬਿਮਾਰੀ, ਤਿੰਨ ਜਵਾਨ ਭੈਣਾਂ ਦਾ ਘਰ ਵਿੱਚ ਹੋਣਾ ਤੇ ਉਨ੍ਹਾਂ ਦੇ ਹੱਥ ਪੀਲੇ ਕਰਨ ਦਾ ਫ਼ਿਕਰ ਦਿਨ-ਰਾਤ ਮੇਰੀਆਂ ਸੋਚਾਂ ਵਿੱਚ ਇਜ਼ਾਫ਼ਾ ਕਰਦਾ ਸੀ। ਤੂੰ ਇਹ ਸਮਝ ਲੈ ਬਈ ਮੇਰੇ ਲਈ ਉਹ ਅਤਿ-ਚੁਣੌਤੀਆਂ ਭਰਿਆ ਸਮਾਂ ਸੀ।’’ ਵਿਕਰਾਂਤ ਨੇ ਪਰਤ-ਦਰ-ਪਰਤ ਮਨ ਦੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ।
‘‘ਤੇ ਤੂੰ ਜਸਜੀਤ ਦੇ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ?’’ ਮੈਂ ਨਾਲ ਲੱਗਦਾ ਹੀ ਸਵਾਲ ਕੀਤਾ।
‘‘ਨਹੀਂ, ਵੱਡੇ ਭਾਅ ਮੈਂ ਨਾਂਹ ਤਾਂ ਨਹੀਂ ਕੀਤੀ ਸੀ ਪਰ ਮੇਰੀਆਂ ਜ਼ਿੰਮੇਵਾਰੀਆਂ ਦੀ ਪੰਡ ਮੇਰੀਆਂ ਰੀਝਾਂ ਤੇ ਚਾਵਾਂ ਨੂੰ ਆਪਣੇ ਭਾਰ ਹੇਠ ਦਬਾਅ ਗਈ ਸੀ।’’ ਵਿਕਰਾਂਤ ਦੇ ਮਨ ਦਾ ਰੁਦਨ ਹੋਰ ਗੂੜ੍ਹਾ ਹੋ ਰਿਹਾ ਸੀ।
‘‘ਤੈਨੂੰ ਪਤਾ ਏ, ਖਰਿੰਡ ਆਏ ਜ਼ਖ਼ਮਾਂ ਨੂੰ ਜੇਕਰ ਛਿੱਲ ਦੇਈਏ ਤਾਂ... ਵਿੱਚੋਂ ਦੁਬਾਰਾ ਲਹੂ ਰਿਸਣਾ ਸ਼ੁਰੂ ਹੋ ਜਾਂਦਾ ਏ। ਤੂੰ ਅੱਜ ਫੇਰ ਇਨ੍ਹਾਂ ਜ਼ਖ਼ਮਾਂ ਨੂੰ ਦੁਬਾਰਾ ਛਿੱਲਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਏ?’’ ਮੈਂ ਉਸ ਦੀਆਂ ਅੱਖਾਂ ਵਿੱਚ ਡੂੰਘੀ ਝਾਤ ਪਾਉਂਦੇ ਪੁੱਛਿਆ।
‘‘ਵੱਡੇ ਭਾਅ, ਜ਼ਖ਼ਮ ਤਾਂ ਸਦਾ ਅੱਲ੍ਹਾ ਹੀ ਰਿਹਾ ਏ, ਕਦੇ ਭਰਿਆ ਹੀ ਨਹੀਂ ਤੇ ਨਾ ਹੀ ਇਸ ’ਤੇ ਕੋਈ ਖਰਿੰਡ ਆਇਆ ਏ? ਅੱਜ ਮੈਂ ਤੈਨੂੰ ਉਹ ਵੀ ਦੱਸ ਹੀ ਦਿੰਦਾ ਹਾਂ ਕਿ ਜਦੋਂ ਮੈਂ ਗੋਆ ਵਿਖੇ ਸਾਂ ਤਾਂ ਉਨ੍ਹਾਂ ਦਿਨਾਂ ਵਿੱਚ ਜਸਜੀਤ ਦੀ ਇੱਕ ਲੰਮੀ ਚਿੱਠੀ ਮੈਨੂੰ ਮਿਲੀ ਸੀ। ਜੀਹਦੇ ਵਿੱਚ ਉਸ ਨੇ ਲਿਖਿਆ ਸੀ ਕਿ ਘਰ ਵਾਲੇ ਉਸ ਦੀ ਮੰਗਣੀ ਕਿਸੇ ਸਰਕਾਰੀ ਮੁਲਾਜ਼ਮ ਨਾਲ ਕਰਨ ਨੂੰ ਕਹਿੰਦੇ ਰਹੇ ਤੇ ਮੈਂ ਤੇਰੀ ਹਾਂ ਜਾਂ ਨਾਂਹ ਦੀ ਇੰਨਾ ਚਿਰ ਉਡੀਕ ਕਰਦੀ ਰਹੀ ਪਰ ਤੂੰ...। ਤੇਰਾ ਕੋਈ ਜਵਾਬ ਨਾ ਆਉਣ ’ਤੇ ਮੈਨੂੰ ਘਰਦਿਆਂ ਨੂੰ ਪ੍ਰਵਾਨਗੀ ਦੇਣੀ ਪਈ। ਮੈਨੂੰ ਮੁਆਫ਼ ਕਰੀ। ਹੁਣ ਤਾਂ ਉਦੋਂ ਹੀ ਮਿਲਾਂਗੇ, ਜਦੋਂ ਜ਼ਿੰਦਗੀ ਇਜਾਜ਼ਤ ਦੇਵੇਗੀ।’’ ਇੰਨਾ ਆਖ ਵਿਕਰਾਂਤ ਨੇ ਸਟੂਲ ’ਤੇ ਡਿੱਗੇ ਪਏ ਨਮਕੀਨ ਦੇ ਦੋ ਦਾਣਿਆਂ ਨੂੰ ਸੱਜੇ ਹੱਥ ਦੇ ਅੰਗੂਠੇ ਤੇ ਉਂਗਲ ਦੇ ਨਹੁੰ ਨਾਲ ਕੈਰਿਮ-ਬੋਰਡ ਦੀਆਂ ਗੋਟੀਆਂ ਵਾਂਗ ਖਿਲਾਰ ਦਿੱਤਾ।
‘‘ਬੜੀ ਜ਼ਿੰਦਾਦਿਲੀ ਹੈ ਕਿ ਉਸ ਨੇ ਤੇਰੇ ਕੋਲੋਂ ਕੋਈ ਓਹਲਾ ਨਹੀਂ ਸੀ ਰੱਖਿਆ।’’ ਮੈਂ ਜਸਜੀਤ ਦੀ ਪ੍ਰਸ਼ੰਸਾ ਕੀਤੀ।
‘‘ਓਹਲਾ ਤਾਂ ਉਸ ਮੇਰੇ ਕੋਲੋਂ ਕੀ ਰੱਖਣਾ ਸੀ ਸਗੋਂ ਉਸ ਨੇ ਮੈਨੂੰ ਇੱਕ ਚਿੱਠੀ ਨਜ਼ਮ ਰੂਪ ਵਿੱਚ ਲਿਖੀ ਤੇ ਨਾਲ ਹੀ ਇਹ ਕੜਾ... ਕੜਾ।’’ ਵਿਕਰਾਂਤ ਨੇ ਆਪਣੀ ਸੱਜੀ ਬਾਂਹ ਅੱਗੇ ਕਰਦਿਆਂ ਮੈਨੂੰ ਕੜਾ ਦਿਖਾਇਆ।
‘ਕੜਾ ਤਾਂ ਆਮ ਸਟੀਲ ਦਾ ਏ, ਇਸ ਵਿੱਚ ਭਲਾ ਕੀ ਖ਼ੂਬੀ ਏ?’ ਮੈਂ ਮਨ ਹੀ ਮਨ ਸੋਚਿਆ, ‘ਖ਼ੈਰ ਮੁਹੱਬਤ ਦੀ ਕੋਈ ਵੀ ਨਿਸ਼ਾਨੀ ਭਲਾ ਬਿਨਾਂ ਖ਼ੂਬੀ ਦੇ ਕਿੰਝ ਹੋ ਸਕਦੀ ਏ।’ ਮੈਂ ਉਸ ਕੜੇ ਨੂੰ ਹੱਥ ਲਗਾ ਕੇ ਵੇਖਿਆ। ਮੈਨੂੰ ਉਹ ਖੁਰਦਰਾ ਜਿਹਾ ਲੱਗਾ ਜਿਵੇਂ ਉਸ ’ਤੇ ਕੁਝ ਖੁਣਿਆ ਹੋਵੇ। ‘‘ਹਾਂ ਵੱਡੇ ਭਾਅ, ਉਸ ਨਜ਼ਮ ਵਾਲੀ ਚਿੱਠੀ ਤੋਂ ਬਾਅਦ ਉਸ ਦੀ ਮੈਨੂੰ ਇੱਕ ਹੋਰ ਚਿੱਠੀ ਮਿਲੀ, ਜਿਸ ਵਿੱਚ ਉਸ ਨੇ ਇੱਕ ਸਮੀਕਰਣ ਲਿਖੀ ਸੀ। ਇਹ ਉਸ ਦੀ ਮੇਰੇ ਵੱਲ ਆਖ਼ਰੀ ਚਿੱਠੀ ਸੀ ਜਿਸ ਨੇ ਮੈਨੂੰ ਧੁਰ ਅੰਦਰੋਂ ਖੋਰਨਾ ਸ਼ੁਰੂ ਕਰ ਦਿੱਤਾ ਸੀ।’’ ਵਿਕਰਾਂਤ ਭਾਵੁਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਸੀ।
‘‘ਸਮੀਕਰਣ...? ਕਿਹੜੀ ਸਮੀਕਰਣ?’’ ਮੈਂ ਇੱਕੋ ਸਾਹੇ ਉਸ ਨੂੰ ਸਵਾਲ ਕੀਤਾ।
‘‘ਸਮੀਕਰਣ ਕਾਹਦੀ ਸੀ ਵੱਡੇ ਵੀਰ, ਇੱਕ ਤੜਪ ਸੀ, ਇੱਕ ਉਲਾਂਭਾ ਤੇ ਇੱਕ ਨਿਹੋਰਾ ਸੀ, ਜੋ ਮੈਨੂੰ ਦਿੱਤਾ ਸੀ ਉਸ। ਇਹ ਸਮੀਕਰਣ ਲਿਖ ਕੇ ਉਸ ਮੈਨੂੰ ਯਾਦ ਕਰਵਾਇਆ ਸੀ ਕਿ ਤੂੰ ਤੇ ਮੈਂ ਮਿਲ ਕੇ ਫਿਰ ਦੂਰ-ਦੂਰ ਖਲੋ ਗਏ ਹਾਂ। ਵਕਤ ਨੇ ਸਾਨੂੰ ਸਦਾ ਲਈ ਦੂਰ-ਦੂਰ ਕਰ ਦਿੱਤਾ ਹੈ, ਉਨ੍ਹਾਂ ਦੇ ਕਿਨਾਰਿਆਂ ਵਾਂਗ, ਜਿਹੜੇ ਚੱਲਦੇ ਤਾਂ ਸਮਾਨਾਂਤਰ ਨੇ ਪਰ ਆਪਸ ਵਿੱਚ ਕਦੇ ਨਹੀਂ ਮਿਲਦੇ।’’ ਵਿਕਰਾਂਤ ਡੂੰਘੀ ਉਦਾਸੀ ’ਚੋਂ ਬੋਲਿਆ।
ਵਿਕਰਾਂਤ ਦੀਆਂ ਗੱਲਾਂ ਨੇ ਮੇਰੀ ਉਤਸੁਕਤਾ ਹੋਰ ਵੀ ਵਧਾ ਦਿੱਤੀ ਸੀ। ਮੈਂ ਉਸ ਨੂੰ ਪੁੱਛਿਆ, ‘‘ਵਿਕਰਾਂਤ! ਉਹ ਸਮੀਕਰਣ ਕਿਹੜੀ ਸੀ?’’
ਵਿਕਰਾਂਤ ਨੇ ਸਟੂਲ ’ਤੇ ਪਈ ਡਾਇਰੀ ਨੂੰ ਖੋਲ੍ਹਿਆ ਤੇ ਉਸ ਦੇ ਇੱਕ ਪੰਨੇ ’ਤੇ ਲਿਖਿਆ, ‘‘ਵਿਕਰਾਂਤ ਜਸਜੀਤ=ਵਿਕਰਾਂਤ ਜਸਜੀਤ-ਵਿਕਰਾਂਤ=੦’’ ਮੈਂ ਮਨ ਹੀ ਮਨ ਉਨ੍ਹਾਂ ਦੋਹਾਂ ਦੀ ਮੁਹੱਬਤ ਨੂੰ ਸਿਰ ਨਿਵਾਇਆ। ‘‘ਪੜ੍ਹ ਵੀ ਲੈ, ਵੇਖ ਵੀ ਲੈ ਤੇ ਸਮਝ ਵੀ ਲੈ, ਇਸ ਅਪੂਰਨ ਤੇ ਅਧੂਰੀ ਸਮੀਕਰਣ ਨੂੰ, ਜਿਸ ਨੂੰ ਨਾ ਤਾਂ ਕੋਈ ਪੂਰੀ ਕਰ ਸਕਿਆ ਤੇ ਨਾ ਹੀ ਕਿਸੇ ਨੇ ਇਸ ਨੂੰ ਅੱਜ ਤੱਕ ਹੱਲ ਕੀਤਾ ਹੈ।’’ ਇਹ ਆਖ ਵਿਕਰਾਂਤ ਨੇ ਬੇਵੱਸੀ ਜਿਹੀ ’ਚ ਸਿਰ ਨੂੰ ਝਟਕਾ ਦਿੱਤਾ ਜਿਵੇਂ ਅੱਖਾਂ ’ਚ ਭਰੇ ਹੰਝੂ ਬਹਾਨੇ ਨਾਲ ਖਿੰਡਾ ਰਿਹਾ ਹੋਵੇ। ‘‘ਵਿਕਰਾਂਤ... ਮੁਹੱਬਤ ਦੀ ਇਹੋ ਤ੍ਰਾਸਦੀ ਹੈ ਕਿ ਅਪੂਰਨਤਾ ਤੇ ਤੜਪ ਹੀ ਇਸ ਵਿਚਲੀ ਸ਼ਿੱਦਤ ਹੀ ਮੁੱਖ ਪ੍ਰਾਪਤੀ ਹੈ।’’ ਮੈਂ ਵਿਕਰਾਂਤ ਨੂੰ ਦਿਲਾਸਾ ਦਿੰਦਾ ਹਾਂ।
‘‘ਪਰ ਭਾਅ, ਮੇਰੇ ਮਨ ਦੇ ਵਲਵਲੇ ਉਬਾਲ ਬਣ ਕੇ ਬਾਹਰ ਆਉਂਦੇ ਸਨ। ਉਨ੍ਹਾਂ ਦਿਨਾਂ ’ਚ ਮੈਂ ਬੇਵੱਸ ਤੇ ਤਰਸਯੋਗ ਜਿਹੀ ਹਾਲਤ ਵਿੱਚ ਫਿਰਦਾ ਅੱਕੀ-ਪਲਾਹੀਂ ਹੱਥ ਮਾਰਦਾ ਸਾਂ। ਇੱਕ ਦਿਨ ਮੈਂ ਵੱਡਾ ਮਨ ਕਰਕੇ ਇਸੇ ਸਮੀਕਰਣ ਦਾ ਸੁਧਰਿਆ ਰੂਪ ਲਿਖਿਆ ਤੇ ਚਿੱਠੀ ਜਸਜੀਤ ਨੂੰ ਪੋਸਟ ਕਰ ਦਿੱਤੀ, ‘ਵਿਕਰਾਂਤ ਜਸਜੀਤ=ਵਿਕਰਾਂਤ ਜਸਜੀਤ-ਜਸਜੀਤ... ਵਿਕਰਾਂਤ’। ਮੈਂ ਉਸ ਨੂੰ ਇਹ ਸਮਝਾ ਦਿੱਤਾ ਸੀ ਕਿ ‘ਤੂੰ ਮੇਰੀ ਜ਼ਿੰਦਗੀ ਵਿੱਚ ਜਮ੍ਹਾਂ ਹੋ ਕੇ ਮਨਫ਼ੀ ਹੋ ਗਈ ਹੈ ਤੇ ਹੁਣ ਵਿਕਰਾਂਤ ਤੇਰੇ ਤੋਂ ਬਹੁਤ ਦੂਰ ਖੜ੍ਹਾ ਹੈ, ਦੂਰ, ਇਕੱਲਾ ਤੇ ਮਜਬੂਰ।’ ਹੁਣ ਤੂੰ ਹੀ ਦੱਸ ਵੱਡੇ ਭਰਾ ਕਿ ਇਸ ਸਮੀਕਰਣ ਨੂੰ ਕੌਣ ਹੱਲ ਕਰੇਗਾ। ਇਹ ਜ਼ਿੰਦਗੀ ਦੀ ਸਮੀਕਰਣ ਕੀ ਹੱਲ ਹੋਣ ਵਾਲੀ ਹੈ?’’ ਵਿਕਰਾਂਤ ਨੇ ਫਿਰ ਡਾਇਰੀ ਮੇਰੇ ਅੱਗੇ ਕਰਦਿਆਂ ਮੈਨੂੰ ਸਵਾਲ ਬਣੇ ਨੂੰ ਸਵਾਲ ਕੀਤਾ।
‘‘ਹਾਂ ਵਿਕਰਾਂਤ, ਕੁਝ ਲੋਕ ਸਾਡੀ ਜ਼ਿੰਦਗੀ ਵਿੱਚ ਸੁਆਲਾਂ ਦੇ ਹਾਸਲਾਂ ਵਾਂਗ ਜਮ੍ਹਾਂ ਹੁੰਦੇ ਨੇ। ਪਰ ਵਕਤ... ਵਕਤ ਉਨ੍ਹਾਂ ਨੂੰ ਸਾਡੇ ’ਚੋਂ ਮਨਫ਼ੀ ਕਰਨ ਲੱਗੇ ਦੇਰ ਨਹੀਂ ਲਗਾਉਂਦਾ। ਅਸੀਂ ਮੁਹੱਬਤ ਤੋਂ ਵਿਰਵੇ, ਕੋਰੇ ਤੇ ਊਣੇ, ਜ਼ਿੰਦਗੀ ਦੇ ਉਜਾੜ, ਬੀਆਬਾਨ ਪੱਤਣਾਂ ’ਤੇ ਖੜ੍ਹੇ ਸੰਤਾਪ ਭੋਗਦੇ ਹਾਂ। ਉਂਝ ਜੇਕਰ ਵੇਖਿਆ ਜਾਵੇ ਤਾਂ ਵਿਕਰਾਂਤ, ਬੰਦੇ ਦੀ ਹਾਲਤ ਉਸ ਬੇੜੀ ਵਾਂਗ ਹੈ, ਜੋ ਕੰਢੇ ’ਤੇ ਖੜ੍ਹੀ ਹੁੰਦੀ ਹੈ ਤੇ ਜਿਹਨੂੰ ਪਾਣੀ ਦੀਆਂ ਲਹਿਰਾਂ ਚੁੰਮ-ਚੁੰਮ ਜਾਂਦੀਆਂ ਨੇ ਪਰ ਉਹਨੂੰ ਲਿਜਾਂਦੀਆਂ ਕਿਧਰੇ ਨਹੀਂ। ਤੇਰੀ ਹਾਲਤ ਵੀ ਇਸ ਸਮੀਕਰਣ ਵਿੱਚ ਉਸ ਬੇੜੀ ਵਾਂਗ ਹੈ ਜਿਹਨੂੰ ਮੁਹੱਬਤ ਛੂਹ ਕੇ ਦੂਰ ਚਲੀ ਗਈ ਹੈ। ਪੱਤਣ ’ਤੇ ਬੱਝੀ ਬੇੜੀ ਵਾਂਗ ਇਕੱਲਾ ਛਡ ਗਈ ਹੈ।’’ ਮੈਂ ਨਮ ਜਿਹੀਆਂ ਅੱਖਾਂ ਨਾਲ ਸਮੀਕਰਣ ਨੂੰ ਮੂੰਹ ਵਿੱਚ ਹੀ ਪੜ੍ਹਦਾ ਹਾਂ।
‘‘ਵਿਕਰਾਂਤ ਜਸਜੀਤ=ਵਿਕਰਾਂਤ- ਜਸਜੀਤ- ਜਸਜੀਤ... ਵਿਕਰਾਂਤ।’’ ‘‘ਦਰਅਸਲ ਵੱਡੇ ਵੀਰ, ਬੰਦਾ ਜਦੋਂ ਸੁਖਾਵੇਂ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ ਤਾਂ ਉਹ ਇਹ ਭੁੱਲ ਹੀ ਜਾਂਦਾ ਹੈ ਕਿ ਕਦੇ ਉਸ ਨੂੰ ਦੁੱਖ ਨੇ ਵੀ ਹਲੂਣਾ ਦੇਣਾ ਹੈ। ਤੈਨੂੰ ਪਤਾ ਉਨ੍ਹਾਂ ਦਿਨਾਂ ’ਚ ਵੇਖਦਿਆਂ ਹੀ ਵੇਖਦਿਆਂ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ’ਤੇ ਫ਼ੌਜੀ ਹਮਲਾ ਹੋਣ ਪਿੱਛੋਂ ਅਸੀਂ ਡਿਫੈਂਸ ਛੱਡਣ ਦੀ ਸੋਚ ਲਈ ਸੀ। ਉਂਝ ਵੀ ਤਾਂ ਜਦ ਮੈਂ ਨੇਵੀ ਜੁਆਇਨ ਕੀਤੀ ਸੀ ਤਾਂ ਦਸ ਸਾਲ ਦੇ ਕਾਂਟ੍ਰੈਕਟ ’ਤੇ ਹਸਤਾਖਰ ਕੀਤੇ ਸਨ। ਮੈਂ ਅਜੇ ਦੁਚਿੱਤੀ ਵਿੱਚ ਸਾਂ ਕਿ ਅਗਾਂਹ ਹੋਰ ਇਸ ਨੌਕਰੀ ਨੂੰ ਪ੍ਰਵਾਨਗੀ ਦੇਵਾਂ ਕਿ ਨਾ, ਪਰ ਬਲਿਊ ਸਟਾਰ ਆਪ੍ਰੇਸ਼ਨ ਹੋਣ ਕਰਕੇ ਮੈਂ ਅਸਤੀਫ਼ਾ ਦੇ ਕੇ ਪੰਜਾਬ ਵਾਪਸ ਆ ਗਿਆ। ਅਜਿਹੇ ਹਾਲਾਤ ’ਚ ਜ਼ਮੀਰ ਨੂੰ ਮਾਰ ਕੇ ਡਿਫੈਂਸ ਦੀ ਨੌਕਰੀ ਕਰਨੀ ਮੇਰੇ ਲਈ ਬਹੁਤ ਮੁਸ਼ਕਿਲ ਹੋ ਗਈ ਸੀ। ਇਨ੍ਹਾਂ ਦਸ ਸਾਲਾਂ ਵਿੱਚ ਘਰ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋ ਚੁੱਕੀ ਸੀ। ਭੈਣਾਂ ਆਪਣੇ-ਆਪਣੇ ਘਰ ’ਚ ਵਸਦੀਆਂ ਰਸਦੀਆਂ ਸਨ। ਰਹਿ ਗਏ ਸਾਂ ਪਿੱਛੇ, ਮੈਂ ਤੇ ਬੇਬੇ।’’ ਇੰਨਾ ਆਖ ਵਿਕਰਾਂਤ ਨੇ ਜਿਵੇਂ ਆਪਣੀ ਗੱਲ ਮੁਕਾ ਦਿੱਤੀ।
‘‘ਤੂੰ ਪੰਜਾਬ ਆ ਕੇ ਵੀ, ਜਸਜੀਤ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ?’’ ਮੈਂ ਸ਼ਾਂਤ ਪਾਣੀ ’ਚ ਇੱਕ ਰੋੜਾ ਹੋਰ ਸੁੱਟਿਆ।
‘‘ਮੈਂ ਜਦੋਂ ਨੇਵੀਂ ’ਚੋਂ ਅਸਤੀਫ਼ਾ ਦਿੱਤਾ ਸੀ ਤਾਂ ਉਦੋਂ ਮੈਂ ਗੋਆ ’ਚ ਸਾਂ। ਗੋਆ ਬੀਚ ’ਤੇ ਹੀ ਪੰਜਾਬ ਵਾਪਸ ਆਉਣ ਤੋਂ ਦੋ ਦਿਨ ਪਹਿਲਾਂ ਮੈਂ ਨੱਕਾਸ਼ ਕੋਲੋਂ ਜਸਜੀਤ ਵੱਲੋਂ ਭੇਜੇ ਕੜੇ ’ਤੇ ਇਹ ਸਮੀਕਰਣ, ਵਿਕਰਾਂਤ ਜਸਜੀਤ- ਜਸਜੀਤ... ਵਿਕਰਾਂਤ ਉਕਰਵਾ ਲਈ।’’ ਵਿਕਰਾਂਤ ਨੇ ਫਿਰ ਸੱਜੀ ਬਾਂਹ ਅੱਗੇ ਕਰ ਕੇ ਮੈਨੂੰ ਵਿਖਾਉਂਦਿਆਂ ਆਪਣੀ ਗੱਲ ਜਾਰੀ ਰੱਖੀ, ‘‘ਜਸਜੀਤ ਨੂੰ ਵਿਆਹ ਪਿੱਛੋਂ ਚੰਡੀਗੜ੍ਹ ਨੌਕਰੀ ਮਿਲ ਗਈ। ਉਹ ਹੁਣ ਵੀ ਚੰਡੀਗੜ੍ਹ ਹੀ ਆਪਣੇ ਪਤੀ ਨਾਲ ਰਹਿ ਰਹੀ ਹੈ। ਚੰਡੀਗੜ੍ਹ ਦਾ ਪੂਰਾ ਪਤਾ ਤਾਂ ਉਸ ਦਾ ਮੇਰੇ ਕੋਲ ਨਹੀਂ। ਉਨ੍ਹਾਂ ਦਿਨਾਂ ਵਿੱਚ ਬੜੀ ਹੀ ਬੇਚੈਨੀ ਦੀ ਹਾਲਤ ਵਿੱਚ ਮੈਂ ਇੱਕ ਨਜ਼ਮ ‘ਉਹ ਕੁੜੀ’ ਲਿਖੀ ਜੋ ‘ਨਾਗਮਣੀ’ ਰਸਾਲੇ ਵਿੱਚ ਛਪ ਗਈ, ਪਰ ਮੇਲ ਦਾ ਕੋਈ ਸਬੱਬ ਨਹੀਂ ਸੀ ਬਣ ਸਕਿਆ।’’
‘‘ਵੈਰੀ...ਰੀ... ਗੁੱਡ’’ ਮੈਂ ਵਿਕਰਾਂਤ ਦੇ ਕੜੇ ’ਤੇ ਲਿਖੀ ਸਮੀਕਰਣ ਨੂੰ ਧਿਆਨ ਨਾਲ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਤੇ ਉਸ ਦੇ ਕਲਾਸਿਕ ਕੰਮ ਦੀ ਤਾਰੀਫ਼ ਕਰਦਾ ਹਾਂ। ਵਿਕਰਾਂਤ ਅੱਜ ਮੈਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਚੰਗਾ-ਚੰਗਾ ਲੱਗ ਰਿਹਾ ਸੀ। ਮੈਂ ਸੋਚ ਰਿਹਾ ਹਾਂ ਕਿ ਕੁਝ ਲੋਕ ਮੁਹੱਬਤ ਦੇ ਮੁਦੱਈ ਬਣ ਕੇ ਸਾਰੀ ਉਮਰ ਹੀ ਮੁਹੱਬਤੀ ਰਿਸ਼ਤਿਆਂ ’ਤੇ ਪਹਿਰਾ ਦਿੰਦੇ ਰਹਿੰਦੇ ਨੇ। ਮੈਨੂੰ ਇੰਸਪੈਕਟਰ ਵਿਕਰਾਂਤ ਵੀ ਉਨ੍ਹਾਂ ਵਿੱਚੋਂ ਹੀ ਇੱਕ ਲੱਗਿਆ।
ਵਿਕਰਾਂਤ ਡੂੰਘੀ ਉਦਾਸੀ ਦੀ ਇੱਕ ਹੋਰ ਪਰਤ ਖੋਲ੍ਹਦਾ ਹੋਇਆ ਕਹਿਣ ਲੱਗਾ, ‘‘ਤੈਨੂੰ ਪਤਾ ਨਹੀਂ ਹੁਣ ਉਹ ਘਟਨਾ ਯਾਦ ਹੈ ਕਿ ਨਹੀਂ, ਪਰ ਮੈਨੂੰ ਪਿੰਡ ਵਾਲੇ ਜੈਲੇ ਦਾ ਹੁਣ ਵੀ ਚੇਤਾ ਆਉਂਦਾ ਹੈ ਤਾਂ ਮੈਂ ਸੋਚਦਾ ਹਾਂ ਕਿ ਮੁਹੱਬਤ ਦੇ ਅਣਗਿਣਤ ਰੂਪ ਨੇ ਜਿਨ੍ਹਾਂ ਦੀ ਗਿਣਤੀ ਕਦੇ ਹੋ ਹੀ ਨਹੀਂ ਸਕਦੀ।’’ ਵਿਕਰਾਂਤ ਦੇ ਮੂੰਹੋਂ ਜੈਲੇ ਦਾ ਨਾਂ ਸੁਣ ਕੇ ਮੇਰਾ ਹਾਸਾ ਨਿਕਲ ਗਿਆ, ਮੈਨੂੰ ਯਾਦ ਹੈ ਕਿ ਜਦੋਂ ਵੀ ਕੁੜੀਆਂ ਦੇ ਸਕੂਲ ਛੁੱਟੀ ਹੁੰਦੀ ਤਾਂ ਛੁੱਟੀ ਹੋਣ ਤੋਂ ਪਹਿਲਾਂ ਹੀ ਉਹ ਸੜਕ ’ਤੇ ਖਲੋ ਜਾਂਦਾ। ਦੂਰੋਂ ਤੁਰੇ ਆਉਂਦੇ ਕੁੜੀਆਂ ਦੇ ਟੋਲੇ ਵੇਖ ਕੇ ਜੈਲਾ ਬੜੀ ਤੇਜ਼ੀ ਨਾਲ ਉਨ੍ਹਾਂ ਦੇ ਕੋਲੋਂ ਲੰਘ ਜਾਂਦਾ ਤੇ ਫਿਰ ਦੂਜੇ ਪਾਸੇ ਤੋਂ ਦੌੜ ਕੇ ਦੂਸਰੀ ਵਾਰ ਕੁੜੀਆਂ ਦੇ ਕੋਲੋਂ ਲੰਘਦਾ। ਬਸ ਉਨ੍ਹਾਂ ਦੇ ਕੋਲੋਂ ਦੌੜ ਕੇ ਲੰਘ ਜਾਣਾ ਹੀ ਉਹਦੇ ਮਨ ਦੀ ਸੰਤੁਸ਼ਟੀ ਸੀ। ਜਿਵੇਂ ਕੁੜੀਆਂ ਦੇ ਸਾਹਾਂ ਦੀ ਸੁਗੰਧ ਹਵਾ ਵਿੱਚ ਘੁਲੀ ਹੋਵੇ, ਉਸ ਹਵਾ ਵਿੱਚ ਸਾਹ ਲੈਣ ਜਾਂ ਉਸ ਵਾਤਾਵਰਣ ਵਿੱਚ ਵਿਚਰਨਾ, ਜੈਲੇ ਦੇ ਮਨ ਦੀ ਖ਼ੁਸ਼ੀ ਸੀ। ਉਸ ਦੇ ਮਨ ਵਿਚਲੇ ਪਿਆਰ ਤੇ ਚਾਅ ਦਾ ਪ੍ਰਗਟਾਵਾ ਸੀ। ਵਿਕਰਾਂਤ ਮੇਰੇ ਮੋਢੇ ’ਤੇ ਹੱਥ ਰੱਖ ਕੇ ਕਹਿੰਦਾ ਹੈ, ‘‘ਹੁਣ ਤਾਂ ਕਈ ਵਾਰੀ ਮੈਨੂੰ ਮੇਰੀ ਆਪਣੀ ਹਾਲਤ ਵੀ ਜੈਲੇ ਵਾਂਗ ਲੱਗਦੀ ਹੈ।’’
‘‘ਇਸ ਦਾ ਮਤਲਬ ਕਿ ਜਸਜੀਤ ਵਿਕਰਾਂਤ ਸੰਗਮ ਅਜੇ ਹੋਇਆ ਨਹੀਂ,’’ ਮੈਂ ਵਿਕਰਾਂਤ ਨੂੰ ਇੱਕ ਵਾਰ ਫਿਰ ਹਲੂਣਦਾ ਹਾਂ।
‘‘ਜਿਸ ਸੰਗਮ ਦੀ ਤੂੰ ਗੱਲ ਕਰਦਾ ਹੈਂ, ਉਹ ਕਦੇ ਵੀ ਨਹੀਂ ਹੋਣਾ।’’ ਨੇਵੀ ’ਚੋਂ ਵਾਪਸ ਆ ਕੇ ਮੈਂ ਪੰਜਾਬ ਪੁਲੀਸ ਦੀ ਭਰਤੀ ਖੁੱਲ੍ਹੀ ਵੇਖ ਕੇ ਜਦੋਂ ਅਰਜ਼ੀ ਦਿੱਤੀ ਤਾਂ ਮੇਰੀ ਸਿਲੈਕਸ਼ਨ ਦੇ ਅਠਾਨਵੇਂ ਪ੍ਰਤੀਸ਼ਤ ਆਸਾਰ ਉਦੋਂ ਹੀ ਬਣ ਗਏ ਸਨ। ਪੁਲੀਸ ਦੀ ਭਰਤੀ ਪਿੱਛੋਂ ਜਦੋਂ ਪਹਿਲੀ ਟ੍ਰੇਨਿੰਗ ਮੈਂ ਫਿਲੌਰ ਕਿਲ੍ਹੇ ਤੋਂ ਪਾਸ ਕਰਕੇ ਜਲੰਧਰ ਪੀ.ਏ.ਪੀ. ਵਿੱਚ ਆ ਗਿਆ ਸਾਂ ਤਾਂ ਕੁਝ ਮਹੀਨੇ ਮੈਂ ਐੱਸ.ਐੱਸ.ਪੀ. ਸਾਹਿਬ ਦੇ ਨਾਲ ਰਿਹਾ ਸਾਂ। ਐੱਸ.ਐੱਸ.ਪੀ. ਸਾਹਿਬ ਬਹੁਤ ਹੀ ਨੇਕ ਦਿਲ ਤੇ ਸਾਹਿਤਕ ਰੁਚੀਆਂ ਦੇ ਮਾਲਕ ਸਨ। ਉਹ ਹਰ ਸਾਲ ਇੱਕ ਕਵੀ ਦਰਬਾਰ ਕਰਾਇਆ ਕਰਦੇ ਸਨ। ਉਸ ਸਾਲ ਵੀ ਉਨ੍ਹਾਂ ਵੱਲੋਂ ਕਰਾਏ ਕਵੀ ਦਰਬਾਰ ਵਿੱਚ ਪੂਰੇ ਪੰਜਾਬ ’ਚੋਂ ਕਵੀ ਤੇ ਕਵਿੱਤਰੀਆਂ ਆਏ ਸਨ। ਉਨ੍ਹਾਂ ਵਿੱਚ ਜਸਜੀਤ ਵੀ ਆਈ ਸੀ। ਉਸ ਨੇ ਵੀ ਗਜ਼ਲ਼ ਤੇ ਨਜ਼ਮ ਪੜ੍ਹੀ। ਸਟੇਜ ’ਤੇ ਚੜ੍ਹਦਿਆਂ ਹੀ ਉਹਦੀ ਨਜ਼ਰ ਮੇਰੇ ’ਤੇ ਪਈ। ਆਪਣੀ ਰਚਨਾ ਪੜ੍ਹਨ ਪਿੱਛੋਂ ਐੱਸ.ਐੱਸ.ਪੀ. ਸਾਹਿਬ ਨੂੰ ਸੰਬੋਧਨ ਕਰ ਕੇ ਕਹਿਣ ਲੱਗੀ, ‘ਤੁਸੀਂ ਆਪ ਤਾਂ ਸਾਹਿਤਕ ਸੁਭਾਅ ਦੇ ਹੋ, ਪਰ ਤੁਸੀਂ ਆਪਣੇ ਸੰਗੀ-ਸਾਥੀ ਵੀ ਸ਼ਾਇਰਾਨਾ ਤਬੀਅਤ ਦੇ ਰੱਖੇ ਹੋਏ ਹਨ।’ ਇਹ ਕਹਿ ਕੇ ਉਸ ਨੇ ਮੇਰਾ ਨਾਂ ਸਟੇਜ ’ਤੇ ਬੋਲ ਦਿੱਤਾ। ਐੱਸ.ਐੱਸ.ਪੀ. ਸਾਹਿਬ ਨੂੰ ਮੇਰੇ ਇਸ ਲੁਕੇ ਸ਼ੌਕ ਦਾ ਪਤਾ ਲੱਗ ਗਿਆ। ਉਸ ਦਿਨ ਐੱਸ.ਐੱਸ.ਪੀ. ਸਾਹਿਬ ਦੇ ਕਹਿਣ ’ਤੇ ਮੈਂ ਵੀ ਆਪਣੀ ਭੁੱਲੀ-ਵਿੱਸਰੀ ਕਵਿਤਾ ਪੜ੍ਹੀ। ਇਹ ਉਸ ਦੇ ਤੇ ਮੇਰੇ ਮਿਲਣ ਦਾ ਪਹਿਲਾ ਸਬੱਬ ਸੀ ਬਹੁਤ ਦੇਰ ਬਾਅਦ। ਜਾਂਦੀ-ਜਾਂਦੀ ਉਹ ਉਸ ਦਿਨ ਮੇਰਾ ਫੋਨ ਨੰਬਰ ਵੀ ਲੈ ਗਈ। ਹੁਣ ਵੀ ਉਸ ਦਾ ਕਦੇ-ਕਦੇ ਫੋਨ ਆ ਜਾਂਦਾ ਹੈ। ਉਸ ਦੀ ਕਿਤਾਬ ਵੀ ਛਪ ਕੇ ਆ ਗਈ ਹੈ। ਕਦੇ-ਕਦੇ ਉਸ ਦੀਆਂ ਨਜ਼ਮਾਂ ਤੇ ਕਵਿਤਾਵਾਂ ਅਖ਼ਬਾਰ ਵਿੱਚ ਪੜ੍ਹਨ ਨੂੰ ਮਿਲ ਜਾਂਦੀਆਂ ਨੇ ਪਰ...’’
‘‘ਪਰ... ਕੀ?’’ ਮੈਂ ਵਿਕਰਾਂਤ ਦੇ ਚਿਹਰੇ ’ਤੇ ਬਦਲਦੇ ਹਾਵਭਾਵ ਵੇਖਦਿਆਂ ਕਿਹਾ।
‘‘ਭਾਵ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਮਨ ਨੂੰ ਤਸੱਲੀ ਨਹੀਂ ਹੋਈ।’’ ਮੈਂ ਵਿਕਰਾਂਤ ਦੇ ਮਨ ਅੰਦਰਲੀ ਗੱਲ ਦਾ ਜਵਾਬ ਦਿੰਦਾ ਹਾਂ। ‘‘ਤਸੱਲੀ ਹੈ ਵੀ ਤੇ ਨਹੀਂ ਵੀ ਪਰ ਅੱਜ ਉਸ ਦਾ ਜਨਮ ਦਿਨ ਹੋਣ ਕਰਕੇ ਜਿਵੇਂ ਸਾਰਾ ਕੁਝ ਹੀ ਇੱਕ ਵਾਰ ਫਿਰ ਦੁਹਰਾਇਆ ਗਿਆ ਹੈ।’’ ਇੰਸਪੈਕਟਰ ਵਿਕਰਾਂਤ ਬੇਵੱਸ ਜਿਹਾ ਹੋਇਆ ਮੰਜੇ ’ਤੇ ਵੱਖੀ ਪਰਨੇ ਪੈ ਗਿਆ।
‘‘ਹੌਸਲਾ ਰੱਖ, ਇੰਸਪੈਕਟਰ ਹੌਸਲਾ, ਇੱਕ ਗੱਲ ਤੂੰ ਮੇਰੀ ਧਿਆਨ ਨਾਲ ਸੁਣ ਲੈ, ਇਨ੍ਹਾਂ ਰਿਸ਼ਤਿਆਂ ਵਿੱਚ ਗਾਨੇ ਬੱਝਦੇ ਤਾਂ ਵੇਖੇ ਨੇ, ਪਰ ਖੁੱਲ੍ਹਦੇ ਅੱਜ ਤੱਕ ਕਿਸੇ ਨਹੀਂ ਵੇਖੇ। ਤੂੰ ਸਿਰਫ਼ ਇਹ ਤਸੱਲੀ ਰੱਖਿਆ ਕਰ ਕਿ ਪਹਿਲੀ ਮੁਹੱਬਤ ਫਿਰ ਵੀ ਤੇਰੀ ਝੋਲੀ ਵਿੱਚ ਹੈ। ਇਹੋ ਜਿਹੇ ਲੋਕ ਤਾਂ ਜ਼ਿਆਦਾਤਰ ਜ਼ਿੰਦਗੀ ਦੀ ਭੀੜ ਵਿੱਚ ਅਜਿਹੇ ਗੁਆਚਦੇ ਨੇ ਕਿ ਲੱਭਿਆਂ ਵੀ ਨਹੀਂ ਲੱਭਦੇ।’’ ਮੈਂ ਦਿਲਾਸੇ ਭਰਿਆ ਹੱਥ ਉਸ ਦੇ ਮੋਢੇ ’ਤੇ ਰੱਖਦਾ ਹਾਂ।
‘‘ਹਾਂ ਵੱਡੇ ਭਾਅ, ਤੇਰੀ ਗੱਲ ਠੀਕ ਹੈ, ਕੁਝ ਰਿਸ਼ਤੇ ਅਸੀਂ ਸਵਾਰਥ-ਵੱਸ ਤੇ ਕੁਝ ਮੋਹ-ਵੱਸ ਨਿਭਾਉਂਦੇ ਹਾਂ ਪਰ ਕੁਝ ਰਿਸ਼ਤਿਆਂ ਦੀ ਇਬਾਦਤ ਮਨੁੱਖ ਨਿੱਤਨੇਮ ਦੇ ਪਾਠ ਵਾਂਗ ਕਰਦਾ ਹੈ। ਮਨੋਂ ਇਬਾਦਤ ਤੇ ਸੱਚੀ-ਸੁੱਚੀ ਇਬਾਦਤ। ਮੇਰਾ ਤੇ ਜਸਜੀਤ ਦਾ ਵੀ ਇਬਾਦਤ ਦਾ ਰਿਸ਼ਤਾ ਹੈ।’’ ਵਿਕਰਾਂਤ ਦੇ ਮਨ ਦਾ ਸਾਰਾ ਉਬਾਲ ਹੁਣ ਠੰਢਾ ਹੁੰਦਾ ਜਾਪ ਰਿਹਾ ਸੀ।
‘‘ਵਿਕਰਾਂਤ! ਮੇਰੀ ਜਾਚੇ, ਮਨੁੱਖ ਦੀ ਜ਼ਿੰਦਗੀ ਇੱਕ ਇਮਤਿਹਾਨ ਦਾ ਨਾਂ ਹੈ, ਇੱਕ ਕਰੜਾ ਇਮਤਿਹਾਨ ਹੈ। ਯੂਨੀਵਰਸਿਟੀਆਂ ਤੇ ਕਾਲਜ ਸਖ਼ਤ ਇਮਤਿਹਾਨ ਪਾਸ ਕਰਨ ਵਾਲਿਆਂ ਨੂੰ ਸੋਨੇ, ਚਾਂਦੀ ਦੇ ਤਮਗੇ ਦੇ ਕੇ ਸਨਮਾਨਦੀਆਂ ਨੇ ਪਰ ਜ਼ਿੰਦਗੀ ਅਜਿਹੇ ਇਮਤਿਹਾਨ ਪਾਸ ਕਰਨ ਵਾਲਿਆਂ ਨੂੰ ਇਸ ਬਦਲੇ ਕੱਖ ਵੀ ਪੱਲੇ ਨਹੀਂ ਪਾਉਂਦੀ ਪਰ ਸੱਚੀ-ਸੁੱਚੀ ਮੁਹੱਬਤ ਕਰਨ ਵਾਲਿਆਂ ਨੂੰ ਇਨ੍ਹਾਂ ਗੱਲਾਂ ਦਾ ਰੱਤੀ ਭਰ ਵੀ ਰੰਜ ਨਹੀਂ ਹੁੰਦਾ ਤੇ ਨਾ ਹੀ ਹੋਣਾ ਚਾਹੀਦਾ ਏ। ਜੇਕਰ ਇਨ੍ਹਾਂ ਰਿਸ਼ਤਿਆਂ ਦੀ ਇਬਾਦਤ ਤੇ ਪਾਕੀਜ਼ਗੀ ਬਣੀ ਰਹੇ ਤਾਂ ਇਹ ਰਿਸ਼ਤੇ ਚਿਰ-ਸਥਾਈ ਬਣੇ ਰਹਿੰਦੇ ਨੇ।’’
‘‘ਵੱਡੇ ਭਾਅ, ਆਹ ਕੁਝ ਚਿਰ ਪਹਿਲਾਂ ਦੀ ਗੱਲ ਹੈ, ਜਸਜੀਤ ਇੱਕ ਸਾਹਿਤਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਚੰਡੀਗੜ੍ਹੋਂ ਇੱਥੇ ਆਈ ਸੀ। ਮੈਨੂੰ ਕਹਿਣ ਲੱਗੀ, ‘ਵਿਕਰਾਂਤ, ਚੱਲ ਆ, ਅੱਜ ਤੂੰ ਮੈਨੂੰ ਚੰਡੀਗੜ੍ਹ ਛੱਡ ਆ।’ ਟੁੱਟੀ ਤੇ ਤੜਪੀ ਰੂਹ ਮਿਲ ਬੈਠਣ ਦਾ ਬਹਾਨਾ ਲੱਭਦੀ ਸੀ। ਮੈਂ ਉਸ ਨੂੰ ਚੰਡੀਗੜ੍ਹ ਛੱਡਣ ਵੀ ਗਿਆ ਸਾਂ। ਆਪਣਾ ਦਿਲ ਫੋਲਣ ਦੇ ਆਸ਼ੇ ਨਾਲ ਮੈਨੂੰ ਦੱਸਦੀ ਹੋਈ ਕਹਿਣ ਲੱਗੀ, ‘ਵਿਕਰਾਂਤ, ਤੈਨੂੰ ਕੀ ਪਤਾ ਮੈਨੂੰ ਸਹੁਰੇ ਘਰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰ ਤਾਂ ਤੰਗ ਆ ਕੇ ਮੈਂ ਘਰ ਛੱਡਣ ਦਾ ਮਨ ਬਣਾ ਲੈਂਦੀ ਸਾਂ ਪਰ ਛੱਡਦੀ ਕੀਹਦੇ ਆਸਰੇ। ਤੇਰਾ ਤਾਂ ਵਿਆਹ ਪਿੱਛੋਂ ਮੈਨੂੰ ਕੋਈ ਠੋਸ ਹੁੰਗਾਰਾ ਨਾ ਮਿਲਿਆ ਪਰ ਤੂੰ ਮੈਨੂੰ ਚੇਤੇ ਬਹੁਤ ਆਉਂਦਾ ਰਿਹਾ ਏਂ।’ ਨਿੱਕੇ-ਨਿੱਕੇ ਸ਼ਿਕਵੇ ਤੇ ਨਸੀਹਤਾਂ, ਗਿਲੇ ਕਰਦੀ ਦਾ ਉਸ ਦਾ ਕਿੰਨੀ ਵਾਰ ਹੀ ਗੱਚ ਭਰਿਆ। ਆਪਣੇ ਆਪ ਨੂੰ ਆਪ ਹੀ ਸ਼ਾਂਤ ਕਰਦੀ ਹੋਈ ਕਹਿਣ ਲੱਗੀ, ‘ਚੱਲ ਛੱਡ, ਇਹੀ ਜੀਵਨ ਹੈ ਪਰ ਵੇਖ ਰੱਬ ਨੇ ਤੈਨੂੰ ਇੱਕ ਦੇ ਬਾਅਦ ਦੂਸਰੀ ਸਰਕਾਰੀ ਨੌਕਰੀ ਦਿੱਤੀ ਹੈ, ਨੌਕਰੀ ਵੀ ਸ਼ਾਹੀ। ਪੰਜਾਬ ਵਿੱਚ ਪੁਲੀਸ ਕੀ ਕੁਝ ਕਰਦੀ ਰਹੀ ਹੈ, ਪਰ ਤੂੰ ਡਿਊਟੀ ਨੇਕ ਪੁਲੀਸ ਵਾਲਾ ਬਣ ਕੇ ਕਰੀਂ। ਵਿਕਰਾਂਤ ਹੀ ਬਣਿਆ ਰਹੀ ਵਿਕਰਾਲ ਨਾ ਬਣੀ।’ ਇਸ ਤਰ੍ਹਾਂ ਗੱਲਾਂ ਕਰਦੇ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਮੈਂ ਉਹਨੂੰ ਚੰਡੀਗੜ੍ਹ ਛੱਡ ਕੇ ਰਾਤੀਂ ਘਰ ਮੁੜ ਆਇਆ।’’ ਇਹ ਕਹਿ ਕੇ ਵਿਕਰਾਂਤ ਉੱਠ ਕੇ ਬਾਥਰੂਮ ਵੱਲ ਚਲਾ ਗਿਆ, ਸ਼ਾਇਦ ਅੱਖਾਂ ’ਚ ਆਇਆ ਪਾਣੀ ਸਾਫ਼ ਕਰਨ।
ਸੰਪਰਕ: 98765-42765