ਮਹਿਲਾਵਾਂ ਦੀ ਹਿੱਸੇਦਾਰੀ ਵਧਾਏ ਬਿਨਾਂ ਸਮਾਜ ’ਚ ਬਰਾਬਰੀ ਸੰਭਵ ਨਹੀਂ: ਰਾਹੁਲ
ਨਵੀਂ ਦਿੱਲੀ, 29 ਸਤੰਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਰਾਜਨੀਤੀ ’ਚ ਮਹਿਲਾਵਾਂ ਦੀ ਵੱਧ ਹਿੱਸੇਦਾਰੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਹੀ ਮਾਇਨਿਆਂ ’ਚ ਬਰਾਬਰੀ ਤੇ ਨਿਆਂ ਲਈ ਇਹ ਜ਼ਰੂਰੀ ਹੈ। ਉਨ੍ਹਾਂ ਅਸਲ ਤਬਦੀਲੀ ਲਿਆਉਣ ਲਈ ਉਤਸ਼ਾਹਿਤ ਅੱਧੀ ਅਬਾਦੀ ਨੂੰ ‘ਸ਼ਕਤੀ ਮੁਹਿੰਮ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਰਾਜਨੀਤੀ ’ਚ ਮਹਿਲਾਵਾਂ ਦੇ ਹਿੱਤਾਂ ਲਈ ਬਰਾਬਰ ਮੌਕੇ ਮੁਹੱਈਆ ਕਰਨਾ ਹੈ।
ਰਾਹੁਲ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਇੱਕ ਸਾਲ ਪਹਿਲਾਂ ਮਹਿਲਾ ਰਾਜਨੀਤੀ ਨੂੰ ਕੇਂਦਰ ’ਚ ਰੱਖ ਕੇ ਅਸੀਂ ‘ਇੰਦਰਾ ਫੈਲੋਸ਼ਿਪ’ ਦੀ ਸ਼ੁਰੂਆਤ ਕੀਤੀ ਸੀ। ਅੱਜ ਇਹ ਪਹਿਲ ਮਹਿਲਾ ਲੀਡਰਸ਼ਿਪ ਦੇ ਇੱਕ ਸ਼ਕਤੀਸ਼ਾਲੀ ਕਾਫਲੇ ’ਚ ਤਬਦੀਲ ਹੋ ਚੁੱਕੀ ਹੈ।’ ਉਨ੍ਹਾਂ ਕਿਹਾ, ‘ਰਾਜਨੀਤੀ ’ਚ ਮਹਿਲਾਵਾਂ ਦੀ ਹਿੱਸੇਦਾਰੀ ਵਧਾਏ ਬਿਨਾਂ ਸਮਾਜ ’ਚ ਬਰਾਬਰੀ ਤੇ ਨਿਆਂ ਸੰਭਵ ਨਹੀਂ ਹੈ। ਅੱਧੀ ਅਬਾਦੀ, ਪੂਰਾ ਹੱਕ-ਹਿੱਸੇਦਾਰੀ, ਕਾਂਗਰਸ ਪਾਰਟੀ ਦੀ ਸੋਚ ਤੇ ਸੰਕਲਪ ਦਾ ਪ੍ਰਤੀਕ ਹੈ।’
ਕਾਂਗਰਸ ਆਗੂ ਨੇ ਕਿਹਾ, ‘ਮੈਂ ਇੱਕ ਵਾਰ ਫਿਰ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀਆਂ ਇੱਛੁਕ ਮਹਿਲਾਵਾਂ ਨੂੰ ‘ਸ਼ਕਤੀ ਮੁਹਿੰਮ’ ਨਾਲ ਜੁੜਨ ਤੇ ਮਹਿਲਾ ਕੇਂਦਰਿਤ ਰਾਜਨੀਤੀ ਦਾ ਹਿੱਸਾ ਬਣਨ ਦਾ ਸੱਦਾ ਦਿੰਦਾ ਹਾਂ। ਸ਼ਕਤੀ ਮੁਹਿੰਮ ਨਾਲ ਜੁੜ ਕੇ ਮਹਿਲਾਵਾਂ ਬਲਾਕ ਪੱਧਰ ’ਤੇ ਮਜ਼ਬੂਤ ਸੰਗਠਨ ਦਾ ਨਿਰਮਾਣ ਕਰ ਰਹੀਆਂ ਹਨ। ਉਨ੍ਹਾਂ ਨੂੰ ਸਿੱਖਣ, ਅੱਗੇ ਵਧਣ ਅਤੇ ਤਬਦੀਲੀ ਲਿਆਉਣ ਦਾ ਮੌਕਾ ਮਿਲ ਰਿਹਾ ਹੈ। ਤੁਸੀਂ ਵੀ ਇਸ ਤਬਦੀਲੀ ਦਾ ਹਿੱਸਾ ਬਣੋ ਤੇ ਇੰਦਰਾ ਫੈਲੋਸ਼ਿਪ ਰਾਹੀਂ ਸ਼ਕਤੀ ਮੁਹਿੰਮ ਨਾਲ ਜੁੜੋ।’ -ਪੀਟੀਆਈ
ਰਾਹੁਲ ਦੇਸ਼ ਦੀ ਅਗਵਾਈ ਕਰਨਗੇ: ਪਾਇਲਟ
ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਇੱਕ ਅਜਿਹੇ ਆਗੂ ਵਜੋਂ ਦੇਖਦੇ ਹਨ ਜੋ ਭਵਿੱਖ ’ਚ ਦੇਸ਼ ਦੀ ਅਗਵਾਈ ਕਰਨਗੇ ਅਤੇ ਅਗਲੀਆਂ ਲੋਕ ਸਭਾ ਚੋਣਾਂ ਸਮੇਂ ਸਾਰੀ ਵਿਰੋਧੀ ਧਿਰ ਇਕਜੁੱਟ ਹੋ ਕੇ ਉਨ੍ਹਾਂ ਪਿੱਛੇ ਖੜ੍ਹੀ ਹੋਵੇਗੀ। ਪੀਟੀਆਈ ਨੂੰ ਇੱਕ ਇੰਟਰਵਿਊ ਦੌਰਾਨ ਪਾਇਲਟ ਨੇ ਕਿਹਾ ਕਿ ਇਤਿਹਾਸਕ ਭਾਰਤ ਜੋੜੋ ਯਾਤਰਾ ਤੇ ਕਾਂਗਰਸ ਲਈ ਚੰਗੇ ਨਤੀਜਿਆਂ ਤੋਂ ਬਾਅਦ ਰਾਹੁਲ ਨੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੇ ਸਾਰੇ ਮੋਰਚਿਆਂ ’ਤੇ ਨਾਕਾਮ ਸਾਬਤ ਹੋਣ ’ਤੇ ਕੇਂਦਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ’ਚ ਸਿਰਫ਼ ਕਾਂਗਰਸ ਦੇ ਹੀ ਨਹੀਂ ਬਲਕਿ ਸਾਰੀ ਵਿਰੋਧੀ ਧਿਰ ਦੇ ਨੇਤਾ ਹਨ। ਉਨ੍ਹਾਂ ਕਿਹਾ, ‘ਹਰਿਆਣਾ ਤੇ ਜੰਮੂ ਕਸ਼ਮੀਰ ’ਚ ਸਾਨੂੰ ਸ਼ਾਨਦਾਰ ਜਿੱਤ ਮਿਲੇਗੀ ਅਤੇ ਇਸ ਮਗਰੋਂ ਆਉਣ ਵਾਲੇ ਦੋ ਰਾਜਾਂ ਮਹਾਰਾਸ਼ਟਰ ਤੇ ਝਾਰਖੰਡ ’ਚ ਇੰਡੀਆ ਗੱਠਜੋੜ ਮਜ਼ਬੂਤ ਸਥਿਤੀ ਵਿੱਚ ਹੈ।’ -ਪੀਟੀਆਈ
‘ਵਿਜੈ ਸੰਕਲਪ ਯਾਤਰਾ’ ਦਾ ਅੱਜ ਕਰਨਗੇ ਆਗਾਜ਼
ਚੰਡੀਗੜ੍ਹ (ਆਤਿਸ਼ ਗੁਪਤਾ): ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੁਲਾਰਾ ਦੇਣ ਲਈ ਰਾਹੁਲ ਗਾਂਧੀ ਨੇ ਹਰਿਆਣਾ ਵਿੱਚ ਡੇਰੇ ਲਾਉਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਵੱਲੋਂ ਹਰਿਆਣਾ ਵਿੱਚ ‘ਵਿਜੈ ਸੰਕਲਪ ਯਾਤਰਾ’ ਕੱਢੀ ਜਾਵੇਗੀ। ਇਹ ਯਾਤਰਾ 30 ਸਤੰਬਰ ਨੂੰ ਸ਼ੁਰੂ ਹੋ ਕੇ 3 ਅਕਤੂਬਰ ਤੱਕ ਹਰਿਆਣਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚੋਂ ਕੱਢੀ ਜਾਵੇਗੀ। ਯਾਤਰਾ ਵਿੱਚ ਰਾਹੁਲ ਗਾਂਧੀ ਦੇ ਨਾਲ ਪ੍ਰਿਯੰਕਾ ਗਾਂਧੀ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਕੁਮਾਰੀ ਸ਼ੈਲਜਾ ਸਣੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਸ਼ਮੂਲੀਅਤ ਕਰਨਗੇ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ 30 ਸਤੰਬਰ ਨੂੰ ਜ਼ਿਲ੍ਹਾ ਅੰਬਾਲਾ ਦੇ ਵਿਧਾਇਕ ਸਭਾ ਹਲਾਕ ਨਾਰਾਇਣਗੜ੍ਹ ਵਿਖੇ ਜਨ ਸਭਾ ਨੂੰ ਸੰਬੋਧਨ ਕੀਤਾ ਜਾਵੇਗਾ।