ਈਪੀਐੱਫਓ ਪੈਨਸ਼ਨਰ ਹੁਣ ਕਿਸੇ ਵੀ ਬੈਂਕ ’ਚੋਂ ਕਢਵਾ ਸਕਣਗੇ ਪੈਨਸ਼ਨ
ਨਵੀਂ ਦਿੱਲੀ, 3 ਜਨਵਰੀ
ਕਰਮਚਾਰੀ ਪ੍ਰੋਵੀਡੈਂਟ ਫੰਡ ਸੰਗਠਨ (ਈਪੀਐੱਫਓ) ਦੇ ਪੈਨਸ਼ਨਰ ਹੁਣ ਕਿਸੇ ਵੀ ਬੈਂਕ ਤੋਂ ਪੈਨਸ਼ਨ ਕਢਵਾ ਸਕਣਗੇ। ਰਿਟਾਇਰਮੈਂਟ ਫੰਡ ਬਾਰੇ ਸੰਸਥਾ ਈਪੀਐੱਫਓ ਨੇ ਪੂਰੇ ਦੇਸ਼ ਵਿਚਲੇ ਆਪਣੇ ਖੇਤਰੀ ਦਫ਼ਤਰਾਂ ਵਿਚ ਕੇਂਦਰੀਕ੍ਰਿਤ ਪੈਨਸ਼ਨ ਪੇਮੈਂਟ ਸਿਸਟਮ ਪ੍ਰਬੰਧ ਲਾਗੂ ਕਰਨ ਦਾ ਅਮਲ ਪੂਰਾ ਕਰ ਲਿਆ ਹੈ। ਕਿਰਤ ਮੰਤਰਾਲੇ ਨੇ ਕਿਹਾ ਕਿ ਈਪੀਐੱਫਓ ਦੀ ਇਸ ਪੇਸ਼ਕਦਮੀ ਦਾ 68 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਇਸ ਪ੍ਰਬੰਧ ਤਹਿਤ ਲਾਭਪਾਤਰੀ ਭਾਵ ਪੈਨਸ਼ਨਰ ਹੁਣ ਕਿਸੇ ਵੀ ਬੈਂਕ ਵਿਚੋਂ ਪੈਨਸ਼ਨ ਕਢਵਾ ਸਕਣਗੇ ਤੇ ਉਨ੍ਹਾਂ ਨੂੰ ਪੈਨਸ਼ਨ ਸ਼ੁਰੂ ਕਰਵਾਉਣ ਮੌਕੇ ਤਸਦੀਕ ਲਈ ਕਿਸੇ ਬੈਂਕ ਵਿਚ ਜਾਣ ਦੀ ਵੀ ਲੋੜ ਨਹੀਂ ਪਏਗੀ ਤੇ ਰਕਮ ਜਾਰੀ ਹੋਣ ਤੋਂ ਫੌਰੀ ਮਗਰੋਂ ਕਰੈਡਿਟ ਹੋ ਜਾਵੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜਨਵਰੀ 2025 ਤੋਂ ਸੀਪੀਪੀਐੱਸ ਪ੍ਰਣਾਲੀ ਪੂਰੇ ਭਾਰਤ ਵਿੱਚ ਪੈਨਸ਼ਨ ਦਾ ਵੇਰਵਾ ਯਕੀਨੀ ਬਣਾਏਗੀ ਅਤੇ ਪੈਨਸ਼ਨਰਾਂ ਦੇ ਕਿਸੇ ਹੋਰ ਥਾਂ ਜਾਣ ਜਾਂ ਉਨ੍ਹਾਂ ਵੱਲੋਂ ਆਪਣਾ ਬੈਂਕ ਜਾਂ ਸ਼ਾਖਾ ਬਦਲਣ ਦੇ ਬਾਵਜੂਦ ਪੈਨਸ਼ਨ ਭੁਗਤਾਨ ਆਦੇਸ਼ (ਪੀਪੀਓ) ਨੂੰ ਇਕ ਤੋਂ ਦੂਜੇ ਦਫ਼ਤਰ ਵਿੱਚ ਤਬਦੀਲ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਨਾਲ ਉਨ੍ਹਾਂ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਸੇਵਾਮੁਕਤੀ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਚਲੇ ਜਾਂਦੇ ਹਨ। -ਪੀਟੀਆਈ