ਈਪੀਐੱਫਓ ਪੈਨਸ਼ਨਰ ਕਿਸੇ ਵੀ ਬੈਂਕ ਤੋਂ ਲੈ ਸਕਣਗੇ ਪੈਨਸ਼ਨ
ਨਵੀਂ ਦਿੱਲੀ:
ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਐਂਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐੱਫਓ) ਦੀ ਪੈਨਸ਼ਨ ਯੋਜਨਾ ਦੇ ਘੇਰੇ ’ਚ ਆਉਣ ਵਾਲੇ ਪੈਨਸ਼ਨਰ ਜਨਵਰੀ ਤੋਂ ਕਿਸੇ ਵੀ ਬੈਂਕ ਜਾਂ ਉਸ ਦੀ ਬ੍ਰਾਂਚ ਤੋਂ ਪੈਨਸ਼ਨ ਲੈ ਸਕਣਗੇ। ਇਸ ਫ਼ੈਸਲੇ ਨਾਲ ਈਪੀਐੱਫਓ ਦੇ 78 ਲੱਖ ਤੋਂ ਵਧ ਈਪੀਐੱਸ-95 ਯੋਜਨਾ ਦੇ ਪੈਨਸ਼ਨਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਕਿਰਤ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਮਾਂਡਵੀਆ ਨੇ ਐਂਪਲਾਈਜ਼ ਪੈਨਸ਼ਨ ਯੋਜਨਾ 1995 ਲਈ ਕੇਂਦਰੀਕ੍ਰਿਤ ਪੈਨਸ਼ਨ ਭੁਗਤਾਨ ਪ੍ਰਣਾਲੀ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਂਡਵੀਆ ਈਪੀਐੱਫਓ ਦੇ ਅਹਿਮ ਫ਼ੈਸਲੇ ਲੈਣ ਵਾਲੀ ਜਥੇਬੰਦੀ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੇ ਚੇਅਰਪਰਸਨ ਵੀ ਹਨ। ਬਿਆਨ ਮੁਤਾਬਕ ਕੇਂਦਰੀਕ੍ਰਿਤ ਪੈਨਸ਼ਨ ਭੁਗਤਾਨ ਪ੍ਰਬੰਧ ਨਾਲ ਪੂਰੇ ਮੁਲਕ ’ਚ ਕਿਸੇ ਵੀ ਬੈਂਕ ਜਾਂ ਬ੍ਰਾਂਚ ਰਾਹੀਂ ਪੈਨਸ਼ਨ ਦਿੱਤੀ ਜਾ ਸਕੇਗੀ। ਕੇਂਦਰੀ ਮੰਤਰੀ ਨੇ ਕਿਹਾ, ‘‘ਕੇਂਦਰੀਕ੍ਰਿਤ ਪੈਨਸ਼ਨ ਭੁਗਤਾਨ ਪ੍ਰਣਾਲੀ ਦੀ ਮਨਜ਼ੂਰੀ ਈਪੀਐੱਫਓ ਦੇ ਆਧੁਨਿਕੀਕਰਨ ਦੀ ਪਹਿਲ ਵੱਲ ਮੀਲ ਦਾ ਪੱਥਰ ਹੈ। ਇਸ ਤਹਿਤ ਪੈਨਸ਼ਨਰ ਦੇਸ਼ ’ਚ ਕਿਤਿਉਂ ਵੀ, ਕਿਸੇ ਵੀ ਬੈਂਕ ਅਤੇ ਕਿਸੇ ਵੀ ਬ੍ਰਾਂਚ ਤੋਂ ਆਪਣੀ ਪੈਨਸ਼ਨ ਲੈ ਸਕਣਗੇ। ਇਸ ਨਾਲ ਪੈਨਸ਼ਨਰਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੁਸ਼ਕਲ ਦਾ ਨਿਬੇੜਾ ਹੋ ਜਾਵੇਗਾ।’’ ਕੇਂਦਰੀਕ੍ਰਿਤ ਪ੍ਰਣਾਲੀ ਪੈਨਸ਼ਨ ਭੁਗਤਾਨ ਆਰਡਰ (ਪੀਪੀਓ) ਨੂੰ ਇਕ ਦਫ਼ਤਰ ਤੋਂ ਦੂਜੇ ਦਫ਼ਤਰ ’ਚ ਤਬਦੀਲ ਕਰਨ ਦੀ ਲੋੜ ਤੋਂ ਬਿਨ੍ਹਾਂ ਪੂਰੇ ਮੁਲਕ ’ਚ ਪੈਨਸ਼ਨ ਦੀ ਬੇਰੋਕ ਵੰਡ ਯਕੀਨੀ ਬਣਾਏਗੀ। ਇਹ ਉਨ੍ਹਾਂ ਪੈਨਸ਼ਨਰਾਂ ਲਈ ਵੱਡੀ ਰਾਹਤ ਹੋਵੇਗੀ ਜੋ ਰਿਟਾਇਰਮੈਂਟ ਮਗਰੋਂ ਆਪਣੇ ਗ੍ਰਹਿ ਨਗਰ ਚਲੇ ਜਾਂਦੇ ਹਨ। -ਪੀਟੀਆਈ