ਨਗਰ ਪੰਚਾਇਤ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਮੁਲਤਵੀ ਹੋਣ ’ਤੇ ਈਓ ਦਾ ਘਿਰਾਓ
ਭਗਵਾਨ ਦਾਸ ਗਰਗ
ਨਥਾਣਾ, 30 ਸਤੰਬਰ
ਸਥਾਨਕ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਅੱਜ ਇਥੇ ਹੋਣ ਵਾਲੀ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ। ਅਜਿਹਾ ਸਮੱਰਥ ਅਧਿਕਾਰੀ ਦੀ ਗੈਰ-ਹਾਜ਼ਰ ਹੋਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਇਹ ਸੂਚਨਾ ਮਿਲਦਿਆਂ ਹੀ ਕੌਂਸਲਰਾਂ ਨੇ ਪ੍ਰਮੁੱਖ ਵਿਅਕਤੀਆਂ ਦੇ ਸਹਿਯੋਗ ਨਾਲ ਕਾਰਜ ਸਾਧਕ ਅਫ਼ਸਰ ਦਾ ਘਿਰਾਓ ਕਰ ਲਿਆ। ਕੌਂਸਲਰਾਂ ਦੋੋਸ਼ ਲਾਇਆ ਕਿ ਇਹ ਸਾਰਾ ਘਟਨਾਕ੍ਰਮ ਸਿਆਸੀ ਦਖ਼ਲਅੰਦਾਜ਼ੀ ਕਾਰਨ ਵਾਪਰਿਆ ਹੈ। ਕਾਰਜ ਸਾਧਕ ਅਫ਼ਸਰ ਤਰੁਣ ਕੁਮਾਰ ਨੇ ਦੱਸਿਆ ਕਿ ਕਨਵੀਨਰ ਕਮ ਨਾਇਬ ਤਹਿਸੀਲਦਾਰ ਦੇ ਅਚਾਨਕ ਛੁੱਟੀ ’ਤੇ ਚਲੇ ਜਾਣ ਕਾਰਨ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਹੋਣ ਵਾਲੀ ਚੋਣ ਦੀ ਕਾਰਵਾਈ ਨੇਪਰੇ ਨਹੀਂ ਚੜ੍ਹ ਸਕੀ। ਉਨ੍ਹਾਂ ਕਿਹਾ ਕਿ ਇਸ ਚੋਣ ਸਬੰਧੀ ਨਵੀਂ ਮਿਤੀ ਤੈਅ ਕੀਤੀ ਜਾਵੇਗੀ। ਇਸ ਘਿਰਾਓ ਦੀ ਜਾਣਕਾਰੀ ਮਿਲਣ ’ਤੇ ਪਰਮਪਾਲ ਸਿੰਘ ਤਹਿਸੀਲਦਾਰ ਮੌਕੇ ’ਤੇ ਪੁੱਜੇ ਅਤੇ ਕੌਂਸਲਰਾਂ ਨੂੰ ਨਵੀਂ ਮਿਤੀ ਲੈ ਕੇ ਦੇਣ ਦਾ ਭਰੋਸਾ ਦਿਵਾਇਆ ਪਰ ਕੌਂਸਲਰ ਅੱਜ ਦੀ ਤਾਰੀਖ ਵਿੱਚ ਹੀ ਚੋਣ ਕਰਵਾਉਣ ਲਈ ਅੜੇ ਰਹੇ। ਕਾਰਜ ਸਾਧਕ ਅਫ਼ਸਰ ਨੇ ਨਗਰ ਕੌਂਸਲਰਾਂ ਨੂੰ ਮਿਲ ਕੇ ਭਰੋਸਾ ਦਿਵਾਇਆ ਕਿ ਚਾਰ ਦਿਨ ਬਾਅਦ ਡਿਪਟੀ ਕਮਿਸ਼ਨਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾ ਕੇ ਚੋਣ ਸਬੰਧੀ ਨਵੀਂ ਮਿਤੀ ਤੈਅ ਕੀਤੀ ਜਾਵੇਗੀ। ਇਸ ਉਪਰੰਤ ਪੁਲੀਸ ਨੇ ਈਓ ਨੂੰ ਰਿਹਾਅ ਕਰਵਾਇਆ।
ਮੋਟਰਾਂ ਨਾ ਚਲਾਉਣ ’ਤੇ ਸੰਘਰਸ਼ ਦੀ ਚਿਤਾਵਨੀ
ਨਥਾਣਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਥਾਣਾ ਦੇ ਛੱਪੜਾਂ ਦੇ ਪਾਣੀ ਦੀ ਨਿਕਾਸੀ ਲਈ ਲਾਇਆ ਪੱਕਾ ਮੋਰਚਾ ਅੱਜ ਅਠਾਰਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਦੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦਾ ਕੋਈ ਵੀ ਸਹਿਯੋਗ ਨਾ ਮਿਲਣ ਕਾਰਨ ਕੌਂਸਲਰਾਂ ਨੇ ਪਾਣੀ ਦੀ ਨਿਕਾਸੀ ਵਾਲੀਆਂ ਮੋਟਰਾਂ ਬੰਦ ਕਰ ਦਿੱਤੀਆਂ ਹਨ ਅਤੇ ਛੱਪੜਾਂ ’ਚ ਭਾਰੀ ਮਾਤਰਾ ਚ ਗਾਰ ਜਮ੍ਹਾਂ ਹੋਣ ਕਰਕੇ ਪਾਣੀ ਦਾ ਲੈਵਲ ਉੱਚਾ ਹੋ ਰਿਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਬਲਾਕ ਦੇ ਆਗੂਆਂ ਰਾਮਰਤਨ ਸਿੰਘ, ਲਖਵੀਰ ਸਿੰਘ, ਗੁਰਜੰਟ ਸਿੰਘ, ਪਰਮਜੀਤ ਕੌਰ ਅਤੇ ਗੁਰਮੇਲ ਕੌਰ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਧਿਕਾਰੀ ਛੱਪੜਾਂ ਨੂੰ ਡੂੰਘੇ ਕਰਨ ਦੇ ਲਾਰੇ ਲਾ ਰਹੇ ਹਨ ਜਦੋ ਕਿ ਪਾਣੀ ਦੀ ਆਰਜ਼ੀ ਨਿਕਾਸੀ ਵਾਸਤੇ ਲਾਈਆਂ ਮੋਟਰਾਂ ਬੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੰਗਲਵਾਰ ਤੋ ਇਹ ਮੋਟਰਾਂ ਦੁਬਾਰਾ ਨਾ ਚਲਾਈਆਂ ਗਈਆਂ ਤਾਂ ਦੁਪਹਿਰ ਤੱਕ ਸਖਤ ਐਕਸਨ ਕੀਤਾ ਜਾਵੇਗਾ। ਕੌਂਸਲਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਆਪਣੇ ਖਰਚੇ ’ਤੇ ਮੋਟਰਾਂ ਚਲਾ ਰਹੇ ਸਨ ਅਤੇ ਨਗਰ ਪੰਚਾਇਤ ਅਧਿਕਾਰੀਆਂ ਦਾ ਕੋਈ ਸਹਿਯੋਗ ਨਾ ਮਿਲਣ ਕਰਕੇ ਉਹ ਬੰਦ ਕਰਨੀਆਂ ਪਈਆਂ ਹਨ।