ਨੇਚਰ ਪਾਰਕ ਦੀ ਸਾਂਭ-ਸੰਭਾਲ ਲਈ ਵਾਤਾਵਰਨ ਪ੍ਰੇਮੀ ਅੱਗੇ ਆਏ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 9 ਜੂਨ ਮੁਹਾਲੀ ਨਗਰ ਨਿਗਮ ਅਤੇ ਗਮਾਡਾ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਨੇਚਰ ਪਾਰਕ ਵਿੱਚ ਸ਼ਰੇਆਮ ਕੁਦਰਤ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਅਤਿ ਦੀ ਗਰਮੀ ਵਿੱਚ ਪਾਰਕ ਵਿਚਲੇ ਫੁਲ ਅਤੇ ਪੌਦੇ ਸੁੱਕਣ ਲੱਗ ਪਏ ਹਨ। ਸ਼ਹਿਰ ਦੇ ਕੁੱਝ ਵਾਤਾਵਰਨ ਪ੍ਰੇਮੀਆਂ ਵੱਲੋਂ ਕਰੀਬ 58 ਏਕੜ ਵਿੱਚ ਫੈਲੇ ਨੇਚਰ ਪਾਰਕ ਦੀ ਸਾਂਭ-ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਟੀਮਾਂ ਬਣਾ ਕੇ ਫੁੱਲ, ਬੂਟਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂ ਪਾਣੀ ਦਿੱਤਾ ਜਾ ਰਿਹਾ ਹੈ।
ਪ੍ਰੋ. ਮਨਦੀਪ ਸਿੰਘ, ਸੁਖਪਾਲ ਸਿੰਘ ਛੀਨਾ, ਐਡਵੋਕੇਟ ਪੂਰਨ ਸਿੰਘ, ਪਰਮਿੰਦਰ ਕੌਰ, ਨਿਰਮਲ ਸਿੰਘ, ਗੁਰਮੀਤ ਸਿੰਘ ਵਾਲੀਆ, ਹਰਿੰਦਰ ਸਿੰਘ, ਕਮਲਜੀਤ ਕੌਰ, ਅਮਰਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਪਾਰਕ ਦੀ ਦੇਖਰੇਖ ਲਈ ਠੇਕਾ ਦਿੱਤਾ ਹੋਇਆ ਹੈ ਪਰ ਇੱਥੇ ਸਪਰਿੰਕਲਰ ਨੈੱਟਵਰਕ ਨਹੀਂ ਚਲਾਇਆ ਜਾ ਰਿਹਾ ਜਿਸ ਕਾਰਨ ਵਿੱਚ ਪਾਰਕ ਵਿੱਚ ਘਾਹ ਅਤੇ ਪੌਦੇ ਸੁੱਕ ਰਹੇ ਹਨ। ਵਾਤਾਵਰਨ ਪ੍ਰੇਮੀਆਂ ਨੇ ਇਸ ਸਬੰਧੀ ਮੁਹਾਲੀ ਨਗਰ ਨਿਗਮ ਦੀ ਕਮਿਸ਼ਨਰ, ਮੇਅਰ ਅਤੇ ਮੁੱਖ ਇੰਜਨੀਅਰ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਕਮਿਸ਼ਨ ਨੂੰ ਮਿਲ ਕੇ ਵੀ ਪਾਰਕ ਦੇ ਮੌਜੂਦਾ ਹਾਲਤ ਬਾਰੇ ਜਾਣੂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਸੈਰ ਕਰਨ ਆਉਂਦੇ ਹਨ। ਜੇ ਪ੍ਰਸ਼ਾਸਨ ਵੱਲੋਂ ਇਸ ਦੇ ਰੱਖ-ਰਖਾਅ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਇੱਥੇ ਕੁਦਰਤ ਦਾ ਬਹੁਤ ਵਧੀਆ ਨਜ਼ਾਰਾ ਬੱਝ ਸਕਦਾ ਹੈ।
ਪਾਰਕ ਦੇ ਰੱਖ-ਰਖਾਅ ਦਾ ਕੰਮ ਕਿਸੇ ਵਾਤਾਵਰਨ ਪ੍ਰੇਮੀ ਨੂੰ ਸੌਂਪਣ ਦੀ ਮੰਗ
ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਪਖਾਨੇ ਵਿੱਚ ਹੱਥ ਧੋਣ ਲਈ ਸਾਬਣ ਤੱਕ ਨਹੀਂ ਹਨ। ਇੱਥੇ ਲੱਗੇ ਟਿਊਬਵੈੱਲ ਦਾ ਪਾਣੀ ਟੈਂਕਰਾਂ ਵਿੱਚ ਭਰ ਕੇ ਬਾਹਰਲੀਆਂ ਸਾਈਟਾਂ ’ਤੇ ਭੇਜਿਆ ਜਾ ਰਿਹਾ ਹੈ। ਇਸ ਨਾਲ ਬਿਜਲੀ ਤੇ ਪਾਣੀ ਦੀ ਬਰਬਾਦੀ ਹੋ ਰਹੀ ਹੈ। ਉਨ੍ਹਾਂ ਕਮਿਸ਼ਨਰ ਤੋਂ ਮੰਗ ਕੀਤੀ ਕਿ ਸਾਲ 2024-25 ਲਈ ਨੇਚਰ ਪਾਰਕ ਦੇ ਰੱਖ-ਰਖਾਅ ਲਈ ਕਿਸੇ ਵਾਤਾਵਰਨ ਪ੍ਰੇਮੀ ਨੂੰ ਹੀ ਕੰਮ ਸੌਂਪਿਆ ਜਾਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਗਲੋਬਲ ਵਾਰਮਿੰਗ ਦੇ ਚੱਲਦਿਆਂ ਵੱਧ ਤੋਂ ਵੱਧ ਪੌਦੇ ਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ।