ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ’ਚ ਵਾਤਾਵਰਨ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਜੂਨ
ਸਥਾਨਕ ਰੈੱਡ ਕਰਾਸ ਨਸ਼ਾ ਛੁਡਾਉ ਕੇਂਦਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਸੰਸਥਾ ਦੇ ਪ੍ਰਾਜੈਕਟ ਡਾਇਰੈਕਟਰ ਬਲਰਾਜ ਸਿੰਘ ਨੇ ਦਾਖ਼ਲ ਮਰੀਜ਼ਾਂ ਨੂੰ ਵਿਸ਼ਵ ਵਾਤਾਵਰਨ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਵਿਸ਼ਵ ਵਾਤਾਵਰਨ ਦਿਵਸ ਵਾਤਾਵਰਨ ਦੀਆਂ ਚੁਣੌਤੀਆਂ - ਜਿਵੇਂ ਕਿ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦਾ ਮਕਸਦ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਲਿਆਉਣਾ ਅਤੇ ਕੁਦਰਤ ਪ੍ਰਤੀ ਆਪਣਾ ਫਰਜ਼ ਨਿਭਾਉਣਾ ਹੈ। ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਬਹੁਤ ਲੋੜ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਮਨੁੱਖੀ ਜੀਵਨ ਲਈ ਸਿਹਤਮੰਦ ਅਤੇ ਸਾਫ਼-ਸੁਥਰਾ ਵਾਤਾਵਰਨ ਕਿੰਨਾ ਜ਼ਰੂਰੀ ਹੈ। ਕੁਦਰਤੀ ਸੋਮਿਆਂ ਦੀ ਲੁੱਟ ਨੂੰ ਰੋਕਣਾ ਹੋਵੇਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਸ਼ੁੱਧ ਹਵਾ ਵਿੱਚ ਸਾਹ ਲੈ ਸਕਣ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਸਿਰਫ਼ ਜ਼ਮੀਨ ’ਤੇ ਹੀ ਰੁੱਖ ਲਗਾਉਣੇ ਜ਼ਰੂਰੀ ਨਹੀਂ ਹਨ, ਨੇੜੇ-ਤੇੜੇ ਦੇ ਗਮਲਿਆਂ ਵਿੱਚ ਵੀ ਰੁੱਖ ਲਗਾਏ ਜਾ ਸਕਦੇ ਹਨ ਅਤੇ ਘਰ ਦੇ ਨਾਲ-ਨਾਲ ਆਲੇ-ਦੁਆਲੇ ਦੇ ਵਾਤਾਵਰਨ ਨੂੰ ਵੀ ਹਰਿਆ-ਭਰਿਆ ਰਖਿਆ ਜਾ ਸਕਦਾ ਹੈ। ਪਾਣੀ ਦੀ ਵਰਤੋਂ ਕਰਦੇ ਸਮੇਂ ਟੂਟੀ ਅੱਧੀ ਹੀ ਖੋਲ੍ਹੀ ਜਾਵੇ ਤਾਂ ਕਿ ਪਾਣੀ ਦੀ ਬਰਬਾਦੀ ਨਾ ਹੋਵੇ। ਉਨ੍ਹਾਂ ਕਿਹਾ ਕਿ ਬੁਰਸ਼ ਕਰਦੇ ਸਮੇਂ ਜਾਂ ਹੱਥ ਧੋਂਦੇ ਸਮੇਂ ਟੂਟੀ ਨੂੰ ਲਗਾਤਾਰ ਨਾ ਚਲਾਓ। ਖਾਣਾ ਬਣਾਉਂਦੇ ਸਮੇਂ ਜਾਂ ਖਾਣਾ ਖਾਂਦੇ ਸਮੇਂ ਲੋੜ ਅਨੁਸਾਰ ਹੀ ਬਰਤਨਾਂ ਦੀ ਵਰਤੋਂ ਕਰੋ ਤਾਂ ਕਿ ਇਨ੍ਹਾਂ ਨੂੰ ਧੋਣ ’ਚ ਜ਼ਿਆਦਾ ਪਾਣੀ ਦੀ ਬਰਬਾਦੀ ਨਾ ਹੋਵੇ। ਖਾਦਾਂ ਅਤੇ ਕੀਟਨਾਸ਼ਕਾਂ ਦੀ ਘੱਟ ਵਰਤੋਂ ਕਰੋ, ਤਾਂ ਜੋ ਮਿੱਟੀ ਨੂੰ ਗੰਦਗੀ ਤੋਂ ਬਚਾਇਆ ਜਾ ਸਕੇ।
ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਕੇਸੀਟੀ ਕਾਲਜ ਆਫ ਇੰਜਨਿਅਰਿੰਗ ਐਂਡ ਟੈਕਨੋਲੋਜੀ ਫਤਹਿਗੜ੍ਹ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੇ ਪੌਦੇ ਲਗਾਏ। ਇਸ ਮੌਕੇ ਕਾਲਜ ਦੇ ਚੇਅਰਮੈਨ ਮੌਂਟੀ ਗਰਗ ਨੇ ਦੱਸਿਆ ਕਿ ਸੰਸਾਰ ਵਾਤਾਵਰਨ ਦਿਵਸ, ਕੁਦਰਤ ਅਤੇ ਧਰਤੀ ਦੀ ਰੱਖਿਆ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਪ੍ਰੋਗਰਾਮ ਨੂੰ ਸੰਯੁਕਤ ਰਾਸ਼ਟਰ ਵੱਲੋਂ ਚਲਾਇਆ ਜਾਂਦਾ ਹੈ। ਇਸ ਮੌਕੇ ਕਾਲਜ ਦੇ ਸਕੱਤਰ ਰਾਮ ਗੋਪਾਲ ਗਰਗ, ਪ੍ਰਧਾਨ ਜਸਵੰਤ ਸਿੰਘ ਵੜੈਚ ਆਦਿ ਹਾਜ਼ਰ ਸਨ।
ਪਾਤੜਾਂ (ਪੱਤਰ ਪ੍ਰੇਰਕ): ਮਦਰ ਇੰਡੀਆ ਕਾਲਜ ਆਫ ਐਜੂਕੇਸ਼ਨ ਅਤੇ ਮਦਰ ਇੰਡੀਆ ਸਕੂਲ ਨੇ ਵਿਸ਼ਵ ਵਾਤਾਵਰਨ ਦਿਵਸ ਧੂਮ-ਧਾਮ ਨਾਲ ਮਨਾਇਆ। ਇਸ ਦੌਰਾਨ ਵਾਤਾਵਰਨ ਵਿੱਚ ਆ ਰਹੇ ਬਦਲਾਅ ਕਾਰਨ ਦਿਨੋ ਦਿਨ ਵੱਧਦੀ ਤਪਸ਼ ਅਤੇ ਜਲਵਾਯੂ ਸੰਕਟ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦੀ ਸਹੁੰ ਚੁਕਾਈ ਅਤੇ ਬੂਟੇ ਵੰਡੇ। ਡਾ. ਨਿਖਿਲ ਕਾਂਤ, ਕਾਲਜ ਮੈਨੇਜਮੈਂਟ ਦੇ ਚੇਅਰਮੈਨ ਰਾਕੇਸ਼ ਗਰਗ ਅਤੇ ਵੀਨਾ ਰਾਣੀ ਮਦਰ ਇੰਡੀਆ ਕਾਲਜ ਤੇ ਸਕੂਲ ਦੀ ਐੱਮਡੀ ਨੇ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ।
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ ਵੱਲੋਂ ਸੰਸਥਾ ਦੇ ਸਰਪ੍ਰਸਤ ਮਥੁਰਾ ਦਾਸ ਸਵਤੰਤਰ, ਚੇਅਰਮੈਨ ਰਾਜ ਕੁਮਾਰ ਜੈਨ ਅਤੇ ਪ੍ਰਧਾਨ ਕੁਲਦੀਪ ਕੁਮਾਰ ਵਰਮਾ ਦੀ ਸਾਂਝੀ ਅਗਵਾਈ ਹੇਠ ਵਾਤਾਵਰਨ ਦਿਵਸ ਮਨਾਇਆ ਗਿਆ ਜਿਸ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ ਅਤੇ ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਵਿਖੇ ਬੂਟੇ ਲਗਾਏ ਗਏ। ਸਰਕਾਰੀ ਹਾਈ ਸਕੂਲ ਗੁਰਦਿੱਤਪੁਰਾ ਨੱਤਿਆਂ ਨੂੰ ਵੀ ਬੂਟੇ ਲਗਾਉਣ ਲਈ ਦਿੱਤੇ ਗਏ। ਇਸ ਮੌਕੇ ਪੁਰਾਣਾ ਰਾਜਪੁਰਾ ਦੇ ਮਿਊਂਸਿਪਲ ਕੌਂਸਲਰ ਜੈ ਕ੍ਰਿਸ਼ਨ ਅਗਰਵਾਲ, ਕੁਲਦੀਪ ਕੁਮਾਰ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ, ਪ੍ਰਿੰਸੀਪਲ ਡਾ. ਨਰਿੰਦਰ ਕੌਰ, ਸੰਗੀਤਾ ਵਰਮਾ, ਸਮਾਜ ਸੇਵੀ ਡਾ. ਸੁਰਜੀਤ ਵਰਮਾ, ਅਸ਼ਵਨੀ ਕੁਮਾਰ ਨੇ ਵਾਤਾਵਰਨ ਦਿਵਸ ਮੌਕੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਅਧਿਆਪਕ ਰਾਜਿੰਦਰ ਸਿੰਘ ਚਾਨੀ ਨੇ ਦਾਨੀ ਸੱਜਣਾਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਸਕੂਲਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਸਕੂਲਾਂ ਦਾ ਚੌਗਿਰਦਾ ਹਰਿਆਵਲ ਭਰਪੂਰ ਹੋ ਸਕੇ।
ਐੱਨਐੱਸਐੱਸ ਵਾਲੰਟੀਅਰਾਂ ਨੇ ਵਾਤਾਵਰਨ ਦਿਵਸ ਮਨਾਇਆ
ਸ਼ੇਰਪੁਰ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ਼ ਐਮੀਨੈਂਸ) ਘਨੌਰੀ ਕਲਾਂ ਵਿਖੇ ਸਕੂਲ ਪ੍ਰਿੰਸੀਪਲ ਖੁਸ਼ਦੀਪ ਗੋਇਲ ਦੀ ਪ੍ਰੇਰਨਾ ਸਦਕਾ ਐੱਨਐੱਸਐੱਸ ਵਾਲੰਟੀਅਰਾਂ ਨੇ ਸਕੂਲ ਵਿੱਚ ਵਾਤਾਵਰਨ ਦਿਵਸ ਮਨਾਇਆ। ਇਸ ਦੌਰਾਨ ਬੂਟੇ ਲਗਾਏ ਗਏ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਦਾ ਵੀ ਅਹਿਦ ਲਿਆ। ਇਸ ਮੌਕੇ ਐੱਨਐੱਸਐੱਸ ਦੇ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ, ਈਕੋ ਕਲੱਬ ਦੇ ਇੰਚਾਰਜ ਦਿਲਪ੍ਰੀਤ ਸਿੰਘ ਵਾਲੰਟੀਅਰਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਕੇ ਵਾਤਾਵਰਨ ਦੀ ਸ਼ੁੱਧਤਾ ਅਤੇ ਤੰਦਰੁਸ਼ਤ ਜੀਵਨ ਜਿਉਣ ਦਾ ਪਾਠ ਪੜ੍ਹਾਇਆ। ਇਸ ਮੌਕੇ ਭੀਮ ਸਿੰਘ, ਸੰਦੀਪ ਰਾਣੀ, ਪ੍ਰਵੇਸ਼ ਅਖਤਰ, ਨਿਰਭੈ ਸਿੰਘ ਅਤੇ ਕਰਮਜੀਤ ਸਿੰਘ ਆਦਿ ਹਾਜ਼ਰ ਸਨ।