ਵਾਤਾਵਰਨ ਦਿਵਸ: ਜੂਨੀਅਰ ਤੇ ਸੀਨੀਅਰ ਵਰਗ ਦੇ ਰਾਜ ਪੱਧਰੀ ਲੇਖ ਮੁਕਾਬਲੇ
ਪੱਤਰ ਪ੍ਰੇਰਕ
ਯਮੁਨਾਨਗਰ, 5 ਜੂਨ
ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ, ਪੰਚਕੂਲਾ ਨੇ ਸੁਖਮਨੀ ਰਿਜ਼ੋਰਟ ਜਗਾਧਰੀ ਵਿੱਚ ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਸੂਬਾਈ ਸਮਾਗਮ ਕਰਵਾਇਆ। ਇਸ ਮੌਕੇ ਸਕੂਲ ਸਿੱਖਿਆ, ਜੰਗਲਾਤ ਅਤੇ ਵਾਤਾਵਰਨ ਮੰਤਰੀ ਕੰਵਰਪਾਲ ਨੇ ਮੁੱਖ ਮਹਿਮਾਨ, ਜਦਕਿ ਯਮੁਨਾਨਗਰ ਦੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪੀ. ਰਾਘਵੇਂਦਰ ਰਾਓ, ਮੈਂਬਰ ਸਕੱਤਰ ਪ੍ਰਦੀਪ ਕੁਮਾਰ, ਰਾਜ ਸਲਾਹਕਾਰ ਕਮੇਟੀ ਦੇ ਚੇਅਰਮੈਨ ਕੇ.ਸੀ. ਬਾਂਗੜ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਸਮਾਰੋਹ ਦੌਰਾਨ ਜੂਨੀਅਰ ਅਤੇ ਸੀਨੀਅਰ ਪੱਧਰ ‘ਤੇ ਵਿਦਿਆਰਥੀਆਂ ਦੇ ਵਾਤਾਵਰਨ ਸੁਰੱਖਿਆ ਸਬੰਧੀ ਲੇਖ ਮੁਕਾਬਲੇ ਕਰਵਾਏ ਗੲੇ। ਇਸ ਮੌਕੇ ਵਾਤਾਵਰਨ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਜਿਵੇਂ ਠੋਸ ਕੂੜਾ, ਇਲੈੱਕਟ੍ਰਾਨਿਕ ਵੇਸਟ ਅਤੇ ਪਲਾਸਟਿਕ ਵੇਸਟ ਸਬੰਧੀ ਸਟਾਲ ਲਗਾਏ ਗਏ। ਭਾਰਤ ਰਾਈਜ਼ ਐੱਨਜੀਓ ਦੇ ਮੈਂਬਰਾਂ ਨੇ ਵਾਤਾਵਰਨ ਸਬੰਧੀ ਜਾਗਰੂਕਤਾ ਸਬੰਧੀ ਪੇਸ਼ਕਾਰੀ ਕੀਤੀ ਗਈ। ਪਲਾਸਟਿਕ ਵੇਸਟ ਮੈਨੇਜਮੈਂਟ ਮਾਹਿਰ ਪਵੀ ਰਹੇਜਾ ਅਤੇ ਵਾਤਾਵਰਨ ਇੰਜੀਨੀਅਰ ਨਿਰਮਲ ਕਸ਼ਯਪ ਨੇ ਭਾਗੀਦਾਰਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਸਹੁੰ ਚੁਕਾਈ।
ਲੇਖ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੰਤਰੀ ਵੱਲੋਂ ਸਨਮਾਨਿਆ ਗਿਆ। ਰਾਜ ਪੱਧਰੀ ਜੂਨੀਅਰ ਅਤੇ ਸੀਨੀਅਰ ਵਰਗ ਲਈ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 51,000 ਰੁਪਏ, ਦੂਜੇ ਸਥਾਨ ਵਾਲੇ ਨੂੰ 31,000 ਰੁਪਏ ਅਤੇ ਤੀਜੇ ਸਥਾਨ ਵਾਲੇ ਨੂੰ 21,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਸਕਾਈਲਾਰਕ ਹੈਚਰੀ ਦੇ ਡਾਇਰੈਕਟਰ ਜਗੀਰ ਸਿੰਘ ਢੁਲ ਨੂੰ ਫਾਲਤੂ ਪਦਾਰਥਾਂ ਤੋਂ ਜੈਵਿਕ ਗੈਸ ਦਾ ਉਤਪਾਦਨ ਕਰਨ ਬਦਲੇ ਸਨਮਾਨਿਆ ਗਿਆ। ਪਾਣੀਪਤ ਦੀ ਆਰੂਸ਼ੀ ਮਿੱਤਲ ਨੂੰ ਤੂੜੀ ਅਤੇ ਹੋਰ ਖੇਤੀ ਰਹਿੰਦ-ਖੂੰਹਦ ਦੀ ਵਰਤੋਂ ਕਰਕੇ ਦਸਤਕਾਰੀ ਵਸਤੂਆਂ ਬਣਾਉਣ ਲਈ ਸਨਮਾਨਿਆ ਗਿਆ।
ਫਰੀਦਾਬਾਦ (ਪੱਤਰ ਪ੍ਰੇਰਕ): ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵਿੱਚ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਰਜਿਸਟਰਾਰ ਪ੍ਰੋ. ਜੋਤੀ ਰਾਣਾ ਨੇ ਖੁਦ ਇੱਕ ਬੂਟਾ ਲਗਾਇਆ ਅਤੇ ਵਾਤਾਵਰਨ ਦੀ ਸੰਭਾਲ ਲਈ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੱਦਾ ਦਿੱਤਾ। ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਵਿਦਿਆਰਥੀਆਂ ਨੇ ਮਿਲ ਕੇ ਬੂਟੇ ਲਗਾਏ ਅਤੇ ਵਿਦਿਆਰਥੀਆਂ ਨੇ ਇਨ੍ਹਾਂ ਬੂਟਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਲਈ।
ਕਾਲਜ ਵਿੱਚ ਬੂਟੇ ਲਗਾਏ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਇੱਥੋਂ ਦੇ ਆਰੀਆ ਕੰਨਿਆ ਕਾਲਜ ਵਿੱਚ ਵਾਤਾਵਰਨ ਦਿਵਸ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ, ਪਾਣੀ ਦੇ ਡਿੱਗਦੇ ਜਾ ਰਹੇ ਪੱਧਰ ਅਤੇ ਜਲਵਾਯੂ ਤਬਦੀਲੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਕਾਲਜ ਵਿੱਚ ਐਲਵੋਰਾ, ਬ੍ਰਹਮੀ ਆਂਵਲਾ, ਇੰਸੂਲੀਨ ਅਤੇ ਅਸ਼ਵਗੰਧਾ ਵਰਗੇ ਆਯੁਰਵੈਦਿਕ ਬੂਟੇ ਲਗਾਏ ਗਏ।