For the best experience, open
https://m.punjabitribuneonline.com
on your mobile browser.
Advertisement

ਜਲੇਬੀਆਂ ਵਾਲਾ ਲਿਫਾਫਾ

08:12 AM Jul 26, 2023 IST
ਜਲੇਬੀਆਂ ਵਾਲਾ ਲਿਫਾਫਾ
Advertisement

ਪਾਲੀ ਰਾਮ ਬਾਂਸਲ

Advertisement

“ਸਰ, ਉਹ ਫੋਟੋਸਟੇਟ ਵਾਲਾ ਕਹਿੰਦਾ, ਪਹਿਲਾਂ ਪਰਚੀ ਲੈ ਕੇ ਆ, ਫੇਰ ਕਰੂ ਫੋਟੋਸਟੇਟ।” ਬੈਂਕ ਦੇ ਦਰਜਾ ਚਾਰ ਮੁਲਾਜ਼ਮ ਨੇ ਰੋਂਦੂ ਜਿਹਾ
ਮੂੰਹ ਬਣਾਉਂਦੇ ਹੋਏ ਕਿਹਾ।
“ਤੂੰ ਕਹਿਣਾ ਸੀ ਕਿ ਪਰਚੀ ਬਾਅਦ ’ਚ ਭੇਜ ਦਿੰਨੇ ਆਂ, ਮੈਨੇਜਰ ਸਾਹਿਬ ਰੁਝੇ ਹੋਏ ਸੀ ਕੰਮ ’ਚ।”
“ਕਿਹਾ ਸੀ ਜੀ ਪਰ ਉਹ ਕਹਿੰਦਾ... ਮੈਂ ਤੁਹਾਡੀ ਬਗਾਰ ਕਰਨ ਲਈ ਨੀ ਬੈਠਾ। ਪਰਚੀ ਬਨਿਾ ਫੋਟੋਸਟੇਟ ਨਹੀਂ ਹੋਣੀ, ਕਹਿ ਦੇਈਂ ਆਪਣੇ ਮੈਨੇਜਰ ਨੂੰ।” ਉਹਨੇ ਜਵਾਬ ਦਿੱਤਾ।
ਇਸ ਗੱਲ ’ਤੇ ਮੈਨੂੰ ਗੁੱਸਾ ਜਿਹਾ ਆਇਆ ਤੇ ਮੈਂ ਉਸੇ ਵਕਤ ਫੋਟੋਸਟੇਟ ਵਾਲੀ ਦੁਕਾਨ ਦੇ ਮਾਲਕ ਨੂੰ ਫੋਨ ਮਿਲਾ ਲਿਆ- “ਮ੍ਹਾਰਾਜ, ਸਭ ਠੀਕ-ਠਾਕ ਤਾਂ ਹੈ? ਮੁੰਡਾ ਭੇਜਿਆ ਸੀ ਕੁਝ ਕਾਗਜ਼ਾਤ ਫੋਟੋਸਟੇਟ ਕਰਾਉਣ ਲਈ। ਤੁਸੀਂ ਜਵਾਬ ਈ ਦੇ’ਤਾ। ਕੀ ਗੱਲ ਨਾਰਾਜ਼ਗੀ ਐ ਜਨਾਬ ਕੁਝ?”
“ਆਹੋ ਨਾਂਹ ਕੀਤੀ ਐ। ਪਰਚੀ ਬਗੈਰ ਮੈਂ ਨਹੀਂ ਕਰਦਾ ਫੋਟੋਸਟੇਟ।” ਜਵਾਬ ਕੁਰੱਖਤ ਸੀ। ਉੱਕਾ ਹੀ ਉਮੀਦ ਨਹੀਂ ਸੀ।
ਗੱਲ 2006-07 ਦੀ ਹੈ। ਮੈਂ ਮਾਲਵਾ ਗ੍ਰਾਮੀਣ ਬੈਂਕ ਦੀ ਸੰਗਰੂਰ ਵਾਲੀ ਸਾਖਾ ਵਿਚ ਮੈਨੇਜਰ ਸੀ। ਉਸ ਸਮੇਂ ਬੈਂਕ ਕੋਲ ਆਪਣੀ ਫੋਟੋਸਟੇਟ ਮਸ਼ੀਨ ਬਗੈਰਾ ਨਹੀਂ ਸੀ ਹੁੰਦੀ। ਪੰਜਾਬ ਦੇ ਕਿਸੇ ਸਰਕਾਰੀ ਵਿਭਾਗ ’ਚੋਂ ਰਿਟਾਇਰ ਹੋਏ ਇੱਕ ਅਫਸਰ ਜਿਸ ਨਾਲ ਮੇਰੀ ਥੋੜ੍ਹੀ ਬਹੁਤੀ ਜਾਣ-ਪਛਾਣ ਪਹਿਲਾਂ ਹੀ ਸੀ, ਨੇ ਬੈਂਕ ਤੋਂ ਥੋੜ੍ਹੀ ਦੂਰੀ ’ਤੇ ਫੋਟੋਸਟੇਟ ਦਾ ਕੰਮ ਸ਼ੁਰੂ ਕੀਤਾ।
“ਬਾਂਸਲ ਸਾਹਿਬ, ਫੋਟੋਸਟੇਟ ਦਾ ਕੰਮ ਸ਼ੁਰੂ ਕੀਤਾ ਹੈ ਬੈਂਕ ਤੋਂ ਚਾਰ ਦੁਕਾਨਾਂ ਛੱਡ ਕੇ। ਫੋਟੋਸਟੇਟ ਦੀ ਸੇਵਾ ਮੈਨੂੰ ਦਿਆ ਕਰੋ।” ਇੱਕ ਦਨਿ ਉਹਨੇ ਮੇਰੀ ਕੈਬਨਿ ’ਚ ਆ ਕੇ ਬੇਨਤੀ ਕੀਤੀ ਸੀ।
“ਕੋਈ ਗੱਲ ਨੀ ਜੀ, ਕੰਮ ਤਾਂ ਕਰਵਾਉਣਾ ਈ ਹੁੰਦੈ, ਤੁਹਾਡੇ ਕੋਲੋਂ ਕਰਵਾ ਲਿਆ ਕਰਾਂਗੇ। ਬੈਠੋ, ਚਾਹ ਦਾ ਕੱਪ ਸਾਂਝਾ ਕਰਦੇ ਆਂ।” ਮੈਂ ਅਪਣੱਤ ਦਿਖਾਈ ਸੀ। ਮੁਲਾਜ਼ਮ ਨੂੰ ਬੁਲਾ ਕੇ ਚਾਹ ਲਿਆਉਣ ਲਈ ਕਿਹਾ ਸੀ ਤੇ ਨਾਲ ਹੀ ਉਸ ਨੂੰ ਤਾਕੀਦ ਕੀਤੀ ਕਿ ਅੱਜ ਤੋਂ ਬਾਅਦ ਬੈਂਕ ਦੇ ਕੋਈ ਵੀ ਕਾਗਜ਼ਾਤ ਫੋਟੋਸਟੇਟ ਕਰਾਉਣੇ ਹੋਣ, ਇਨ੍ਹਾਂ ਦੀ ਦੁਕਾਨ ਤੋਂ ਕਰਾਉਣੇ ਨੇ।
ਖੈਰ! ਬੈਂਕ ਦੇ ਕਾਗਜ਼ਾਤ ਦੀ ਫੋਟੋਸਟੇਟ ਅਸੀਂ ਉਨ੍ਹਾਂ ਦੀ ਦੁਕਾਨ ਤੋਂ ਕਰਵਾਉਣ ਲੱਗ ਪਏ। ਫੋਟੋਸਟੇਟ ਕਰਵਾਉਣ ਵਾਲੀਆਂ ਕਾਪੀਆਂ ਦੀ ਗਿਣਤੀ ਮੁਤਾਬਿਕ ਪਰਚੀ ਭੇਜ ਦਿੰਦੇ ਸੀ ਤੇ ਮਹੀਨੇ ਦੇ ਅੰਤ ’ਤੇ ਹਿਸਾਬ ਕਰ ਕੇ ਭੁਗਤਾਨ ਕਰ ਦਿੰਦੇ ਸੀ। ਇਹ ਸਿਲਸਿਲਾ ਠੀਕ-ਠਾਕ ਚਲਦਾ ਰਿਹਾ।
...ਤੇ ਹੁਣ ਆਹ ਮਸਲਾ ਬਣ ਗਿਆ ਸੀ। ਫੋਟੋਸਟੇਟ ਦੁਕਾਨ ਦੇ ਮਾਲਕ ਦੇ ਇਸ ਵਰਤਾਓ ਤੋਂ ਮੈਨੂੰ ਬੜਾ ਦੁੱਖ ਮਹਿਸੂਸ ਹੋਇਆ ਤੇ ਗੁੱਸਾ ਵੀ ਆਇਆ। ਜਕੋ-ਤਕੀ ਜਿਹੀ ਵਿਚ ਮੈਂ ਦੁਕਾਨ ’ਤੇ ਹੀ ਚਲਾ ਗਿਆ। ਮੇਰਾ ਮਨ ਬੇਸ਼ਕ ਦੁਖੀ ਸੀ ਪਰ ਮੈਂ ਗੱਲ ਵਧਾਉਣ ਦੇ ਮੂਡ ’ਚ ਨਹੀਂ ਸੀ।
“ਭਾਈ ਸਾਹਿਬ, ਗਰਮੀ ਬਹੁਤ ਐ, ਤੁਹਾਡਾ ਵੀ ਕੀ ਕਸੂਰ ਐ! ਸਿਰ ਨੂੰ ਵੀ ਚੜ੍ਹ ਜਾਂਦੀ ਐ ਗਰਮੀ।” ਉਸ ਨੂੰ ਸ਼ਾਂਤ ਕਰਨ ਲਈ ਮੈਂ ਆਪਣੇ ਤਰੀਕੇ ਨਾਲ ਇੱਕ ਕਿਸਮ ਦੀ ਤੰਜ਼ ਕੱਸੀ।
“ਕੀ ਮਤਲਬ ਐ ਤੇਰਾ? ਮੈਨੇਜਰ ਹੋਏਂਗਾ ਆਪਣੇ ਬੈਂਕ ’ਚ, ਮੈਂ ਵੀ ਗਜ਼ਟਿਡ ਅਫਸਰ ਆਂ।” ਉਸ ਨੇ ਨਾਸਾਂ ਫੁਲਾਉਂਦਿਆਂ ਤੇ ਸੂਈ ਕੁੱਤੀ ਵਾਂਗ ਮੇਰੇ ਵੱਲ ਝਾਕਦਿਆਂ ਕਿਹਾ। ਉਸ ਦੀ ਅਜਿਹੀ ਬੋਲ-ਬਾਣੀ ਤੋਂ ਮੈਂ ਸਮਝ ਗਿਆ ਕਿ ਇਸ ਨੂੰ ਹੁਣ ਨਰਮ ਭਾਸ਼ਾ ਸਮਝ ਨਹੀਂ ਆਉਣੀ। ਅਪਣੇ ਸੁਭਾਅ ਮੁਤਾਬਿਕ ਮੈਂ ਥੋੜ੍ਹੀ ਕੀਤੇ ਤੈਸ਼ ’ਚ ਨਹੀਂ ਆਉਂਦਾ ਪਰ ਜਦੋਂ ਲੱਗੇ ਕਿ ਅਗਲਾ ਨਰਮੀ ਜਾਂ ਚੁੱਪ ਨੂੰ ਕਮਜ਼ੋਰੀ ਸਮਝ ਰਿਹਾ ਹੈ ਤਾਂ ਫਿਰ ਨਫਾ-ਨੁਕਸਾਨ ਨਹੀਂ ਦੇਖਦਾ।
“ਤੂੰ ਅਫਸਰ ਹੈ ਨਹੀਂ, ਹੁੰਦਾ ਸੀ। ਐਥੇ ਹੁਣ ਤੂੰ ਅਫਸਰ ਦੀ ਕੁਰਸੀ ’ਤੇ ਨੀ ਬੈਠਾ, ਫੋਟੋਸਟੇਟ ਮਸ਼ੀਨ ਚਲਾਉਣ ਵਾਲਾ ਦੁਕਾਨਦਾਰ ਐਂ। ਹੁਣ ਅਫਸਰੀ ਭੁੱਲ ਜਾ। ਨਾਲੇ ਮੈਂ ਨਹੀਂ ਸੀ ਆਇਆ ਤੇਰੇ ਕੋਲ, ਤੂੰ ਆਇਆ ਸੀ ਮੇਰੇ ਕੋਲ ਕੰਮ ਮੰਗਣ।” ਮੇਰੇ ਅੰਦਰ ਡਾਢੀ ਉਥਲ-ਪੁਥਲ ਹੋ ਚੁੱਕੀ ਸੀ। ਤਿੰਨ-ਚਾਰ ਮਿੰਟ ਦੇ ਬੋਲ-ਬਰਾਲੇ ਤੋਂ ਬਾਅਦ ਅਸੀਂ ਦੋਵੇਂ ਚੁੱਪ ਕਰ ਕੇ ਬੈਠ ਗਏ ਤੇ ਸ਼ਾਂਤ ਵੀ ਹੋ ਗਏ।
“ਭਾਈ ਸਾਹਿਬ, ਆਪਣਾ ਛੋਟਾ ਜਿਹਾ ਸ਼ਹਿਰ ਹੈ। ਪਤਾ ਨੀ ਇੱਕ-ਦੂਜੇ ਨੂੰ ਕਦੋਂ ਤੇ ਕਿੱਥੇ ਮਿਲ ਪਈਏ। ਚੰਗਾ ਨੀ ਲੱਗਣਾ ਇਹੋ ਜਿਹੇ ਮੌਕਿਆ ’ਤੇ ਇੱਕ ਦੂਜੇ ਤੋਂ ਪਾਸਾ ਵੱਟਦੇ ਫਿਰੀਏ।” ਮੇਰੇ ਦਿਮਾਗ ’ਚ ਹੁਣ ਆਪਸਦਾਰੀ ਰੱਖਣ ਦੀ ਗੱਲ ਆ ਰਹੀ ਸੀ। ਉਹ ਵੀ ਹੁਣ ਤੱਕ ਕੁਝ ਠੰਢਾ ਹੋ ਚੁੱਕਿਆ ਸੀ।
“ਮੈਂ 5 ਵਜੇ ਤੱਕ ਬੈਂਕ ’ਚ ਈ ਆਂ। ਜੇ ਤੁਹਾਨੂੰ ਵੀ ਲਗਦੈ ਕਿ ਆਪਸਦਾਰੀ ਰੱਖਣੀ ਹੈ ਤਾਂ ਆ ਜਾਇਓ ਬੈਂਕ ’ਚ, ਨਹੀਂ ਤਾਂ ਤੁਸੀਂ ਆਪਣੇ ਘਰ ਰਾਜ਼ੀ ਤੇ ਮੈਂ ਆਪਣੇ ਘਰੇ।” ਕੁਰਸੀ ਤੋਂ ਉਠਦਿਆਂ ਮੈਂ ਉਸ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਕਿਹਾ ਸੀ ਤੇ ਵਾਪਸ ਬੈਂਕ ਆ ਗਿਆ।
“ਮੈਨੇਜਰ ਸਾਹਿਬ, ਤੁਹਾਡੇ ਠਰੰਮੇ, ਸ਼ਹਿਣ ਸ਼ਕਤੀ ਤੇ ਸਬੰਧ ਕਾਇਮ ਰੱਖਣ ਵਾਲੀ ਗੱਲ ਨੇ ਮੈਨੂੰ ਕੀਲ ਲਿਆ ਭਾਈ। ਗਲਤੀ ਮੇਰੀ ਈ ਸੀ। ਤੁਹਾਡਾ ਗੁੱਸਾ ਜਾਇਜ਼ ਸੀ।” ਇਹ ਕਹਿੰਦਿਆਂ ਉਹਨੇ ਹੱਥ ’ਚ ਫੜਿਆ ਤੱਤੀਆਂ ਤੱਤੀਆਂ ਜਲੇਬੀਆਂ ਦਾ ਲਿਫਾਫਾ ਮੇਜ਼ ’ਤੇ ਰੱਖ ਦਿੱਤਾ। ਉਹ ਘੰਟੇ ਕੁ ਬਾਅਦ ਹੀ ਬੈਂਕ ਆ ਗਿਆ ਸੀ।
ਮੈਂ ਵੀ ਆਪਣੀ ਸੀਟ ਤੋਂ ਉਠਿਆ ਤੇ ਉਹਨੂੰ ਜੱਫੀ ਪਾ ਲਈ ਤੇ ਸਾਰੇ ਸਟਾਫ ਨਾਲ ਜਲੇਬੀਆਂ ਦਾ ਆਨੰਦ ਮਾਣਿਆ।
ਅੱਜ ਇੰਨੇ ਵਰ੍ਹਿਆਂ ਬਾਅਦ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ ਕਿ ਸ਼ਹਿਰ ਦੇ ਇੱਕ ਬਸ਼ਿੰਦੇ ਨਾਲ ਰਿਸ਼ਤਾ ਟੁੱਟਣ ਤੋਂ ਹੀ ਨਹੀਂ ਬਚਾਇਆ ਬਲਕਿ ਹੋਰ ਮਜ਼ਬੂਤ ਕਰ ਲਿਆ ਸੀ।
ਸੰਪਰਕ: 81465-80919

Advertisement

Advertisement
Author Image

sukhwinder singh

View all posts

Advertisement