ਹਰਿਆਣਾ ਦੇ ਚੋਣ ਦੰਗਲ ਵਿੱਚ ਕਿਸਾਨਾਂ ਦਾ ਦਾਖ਼ਲਾ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 19 ਸਤੰਬਰ
ਚੌਟਾਲਾ ਖਾਨਦਾਨ ਦੀ ਜੱਦੀ ਸੀਟ ਡੱਬਵਾਲੀ ਵਿੱਚ ਹੁਣ ਪੰਜ ਸਿਆਸੀ ਧਿਰਾਂ ਵਿਚਕਾਰ ਮੁੱਖ ਮੁਕਾਬਲੇ ਦੌਰਾਨ ਕਿਸਾਨ ਸੰਘਰਸ਼ ਵੀ ਚੱਲੇਗਾ। ਅੱਜ ਭਾਰਤੀ ਕਿਸਾਨ ਏਕਤਾ ਅਤੇ ਹਰਿਆਣਾ ਕਿਸਾਨ ਏਕਤਾ ਨੇ ਪਿੰਡ ਗੰਗਾ ਤੋਂ ‘ਕਿਸਾਨ ਮੰਗੇ ਇਨਸਾਫ਼’ ਯਾਤਰਾ ਦਾ ਆਗਾਜ਼ ਕੀਤਾ। ਇਸ ਤੋਂ ਪਹਿਲਾਂ ਟਿਕਰੀ ਬਾਰਡਰ ’ਤੇ ਸ਼ਹੀਦ ਹੋਏ ਗੰਗਾ ਪਿੰਡ ਦੇ ਕਿਸਾਨ ਗੋਪਾਲ ਰਾਮ ਦੇ ਫੋਟੋ ‘ਤੇ ਫੁੱਲ ਚੜ੍ਹਾਏ ਗਏ ਅਤੇ ਕਿਸਾਨ ਅੰਦੋਲਨ-1 ਅਤੇ 2 ਵਿੱਚ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਕਿਸਾਨਾਂ ਦੇ ਸੰਘਰਸ਼ ਕਾਰਨ ਡੱਬਵਾਲੀ ਤੋਂ ਕਈ ਉਮੀਦਵਾਰਾਂ ਦੀ ਸਿਆਸੀ ‘ਹਵਾ’ ਖ਼ਰਾਬ ਹੋਣ ਦੇ ਆਸਾਰ ਬਣ ਗਏ ਹਨ। ਅੱਜ ਯਾਤਰਾ ਕਈ ਪਿੰਡਾਂ ਵਿੱਚ ਪੁੱਜੀ। ਕਿਸਾਨ ਆਗੂ ਔਲਖ ਨੇ ਜਜਪਾ ਉਮੀਦਵਾਰ ‘ਤੇ ਵਿਅੰਗ ਕਰਦਿਆਂ ਕਿਹਾ ਕਿ ਡੱਬਵਾਲੀ ਦੇ ਵਿਕਾਸ ਦੀ ਗੱਲ ਕਰਣ ਵਾਲੇ ਦਿੱਗਵਿਜੈ ਚੌਟਾਲਾ ਬਠਿੰਡਾ ਜ਼ਿਲ੍ਹੇ ਦੀ ਫੁੱਲੋ ਖਾਰੀ ਤੇਲ ਰਿਫਾਇਨਰੀ ਵਿੱਚ ਜਾ ਕੇ ਕਹਿੰਦੇ ਹਨ ਕਿ ਇਸ ਦੇ ਪ੍ਰਦੂਸ਼ਣ ਨਾਲ ਆਲੇ-ਦੁਆਲੇ ਦੇ ਪਿੰਡਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਜਦਕਿ ਡੱਬਵਾਲੀ ਦੇ ਪੰਨੀਵਾਲਾ ਰੂਲਦੂ ਵਿੱਚ ਸਥਿਤ ਈਥਾਨੋਲ ਫੈਕਟਰੀ ਦੇ ਨੇੜਲੇ ਪਿੰਡਾਂ ਦਾ ਜੀਵਨ ਨਰਕ-ਤੁੱਲ ਹੋ ਰਿਹਾ ਹੈ, ਉਹ ਇਨ੍ਹਾਂ ਨੂੰ ਨਹੀਂ ਵਿਖਾਈ ਨਹੀਂ ਦਿੰਦਾ। ਕਿਸਾਨ ਦੇ ੲੰਜਡੇ ’ਤੇ ਭ੍ਰਿਸ਼ਟਾਚਾਰ ਸਣੇ ਕਈ ਮੁੱਦੇ ਹਨ। ਕਿਸਾਨ ਆਗੂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਸਿਆਸੀ ਦਲਾਂ ’ਤੇ ਬਹਿਕਾਵੇ ਵਿੱਚ ਆਪਸੀ ਭਾਈਚਾਰਾ ਖ਼ਰਾਬ ਨਾ ਕੀਤਾ ਜਾਵੇ। ਇਸ ਮੌਕੇ ਅੰਗਰੇਜ਼ ਸਿੰਘ ਕੋਟਲੀ, ਜਸਬੀਰ ਸਿੰਘ ਅਲੀਕਾਂ, ਮਿੱਠੂ ਕੰਬੋਜ, ਗੁਰਲਾਲ ਸਿੰਘ ਭੰਗੂ, ਜਗਦੀਪ ਸਿੰਘ ਲੋਹਗੜ੍ਹ, ਨੱਥਾ ਸਿੰਘ ਝੋਰੜਰੋਹੀ, ਅਮਰੀਕ ਸਿੰਘ ਮਾਖਾ, ਰਾਜੂ ਸਿੰਘ, ਕਾਕਾ ਸਿੰਘ ਅਤੇ ਤੇਜਪਾਲ ਮਹਿਤਾ ਮੌਜੂਦ ਸਨ।