‘ਆਪ’ ਦੇ ਕਾਫ਼ਲੇ ’ਚ ਅਕਾਲੀ ਕੌਂਸਲਰ ਦੀ ਐਂਟਰੀ
ਸ਼ਗਨ ਕਟਾਰੀਆ
ਜੈਤੋ, 29 ਅਕਤੂਬਰ
ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਜੈਤੋ ਵਿੱਚ ਸਿਆਸੀ ਉਥਲ-ਪੁਥਲ ਉਬਾਲੇ ਮਾਰ ਰਹੀ ਹੈ। ਇਸ ਦੇ ਚੱਲਦਿਆਂ ਅੱਜ ਹਾਕਮ ਧਿਰ ਆਮ ਆਦਮੀ ਪਾਰਟੀ ਨੂੰ ਉਸ ਵਕਤ ਬਲ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਅਤੇ ਕੌਂਸਲਰ ਨਰਿੰਦਰ ਸਿੰਘ ਰਾਮੇਆਣਾ ਨੇ ਜੈਤੋ ਤੋਂ ਵਿਧਾਇਕ ਇੰਜਨੀਅਰ ਅਮੋਲਕ ਸਿੰਘ ਦੀ ਅਗਵਾਈ ਵਿਚ ‘ਆਪ’ ਦਾ ਪੱਲਾ ਫੜਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤਿੰਨ ਕੌਂਸਲਰਾਂ ਨੇ ਕੌਂਸਲ ਦੇ ਕਾਂਗਰਸੀ ਪ੍ਰਧਾਨ ਸੁਰਜੀਤ ਸਿੰਘ ਬਾਬਾ ਵੱਲੋਂ ਮੁੜ ਤੋਂ ਭਰੋਸੇ ਦਾ ਵੋਟ ਹਾਸਲ ਕਰਨ ਸਬੰਧੀ ਮਤਾ ਲਿਆਉਣ ਲਈ ਈਓ ਨੂੰ ਲਿਖਤੀ ਪੱਤਰ ਸੌਂਪਿਆ ਸੀ। ਈਓ ਨਰਿੰਦਰ ਕੁਮਾਰ ਨੇ ਦੱਸਿਆ ਸੀ ਕਿ ਦੋ ਹਫ਼ਤੇ ਦੇ ਅੰਦਰ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਪ੍ਰਧਾਨ ਨੂੰ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ। ਲੋਕ ਚਰਚਾ ਭਖੀ ਹੋਈ ਹੈ ਕਿ ਕਾਂਗਰਸੀ ਪ੍ਰਧਾਨ ਤੋਂ ਬਾਅਦ ਹੁਣ ‘ਆਪ’ ਦਾ ਪ੍ਰਧਾਨ ਬਣਨ ਦੀਆਂ ਤਿਆਰੀਆਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਅਕਾਲੀ ਦਲ ਅਤੇ ਕਾਂਗਰਸ ਦੇ ਦੋ ਹੋਰ ਕੌਂਸਲਰ ‘ਆਪ’ ਦੀਆਂ ਬਰੂਹਾਂ ’ਤੇ ਹਨ ਅਤੇ ਇਸ ਬਾਰੇ ਕਦੇ ਵੀ ਐਲਾਨ ਹੋ ਸਕਦਾ ਹੈ।
ਸਿਆਸੀ ਸਮੀਕਰਨਾਂ ਦੀ ਜੋੜ-ਤੋੜ ਤੋਂ ਅੰਦਾਜ਼ਾ ਲਾ ਰਹੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕੌਂਸਲਰਾਂ ’ਤੇ ਦਲ-ਬਦਲੀ ਕਾਨੂੰਨ ਲਾਗੂ ਨਾ ਹੋਣ ਕਰ ਕੇ ਸੱਤਾਧਾਰੀ ਖੇਮਾ ਸਹਿਜੇ ਹੀ ਆਪਣਾ ਪੱਲੜਾ ਭਾਰੀ ਕਰ ਕੇ ਟੀਚੇ ਨੂੰ ਸਰ ਕਰ ਸਕਦਾ ਹੈ।
ਨਰਿੰਦਰ ਸਿੰਘ ਰਾਮੇਆਣਾ ਨੇ ਜਿੱਥੇ ‘ਆਪ’ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ’ਚ ਸ਼ਾਮਲ ਹੋਣ ਦੀ ਗੱਲ ਆਖੀ ਹੈ, ਉਥੇ ਵਿਧਾਇਕ ਅਮੋਲਕ ਸਿੰਘ ਵੱਲੋਂ ਉਨ੍ਹਾਂ ਨੂੰ ਪਾਰਟੀ ’ਚ ਮਾਣ-ਸਨਮਾਨ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਇਸ ਮੌਕੇ ਪਾਰਟੀ ਦੇ ਸੂਬਾਈ ਆਗੂ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਟਰੱਕ ਅਪਰੇਟਰ ਯੂਨੀਅਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਬਲਾਕ ਪ੍ਰਧਾਨ ਜਸਵੰਤ ਸਿੰਘ ਜੈਤੋ, ਅਸ਼ੋਕ ਕੁਮਾਰ, ਕੌਂਸਲਰ ਡਾ. ਹਰੀਸ਼ ਚੰਦਰ ਸਮੇਤ ਵੱਡੀ ਗਿਣਤੀ ਵਿੱਚ ‘ਆਪ’ ਦੇ ਸਥਾਨਕ ਆਗੂ ਹਾਜ਼ਰ ਸਨ।