ਚੇਤਨਾ ਪਰਖ ਪ੍ਰੀਖਿਆ ਲਈ ਵਿਦਿਆਰਥੀਆਂ ’ਚ ਉਤਸ਼ਾਹ
ਪੱਤਰ ਪ੍ਰੇਰਕ
ਅੰਮ੍ਰਿਤਸਰ, 23 ਅਕਤੂਬਰ
ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਅਤੇ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਛੇਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 20 ਅਤੇ 21 ਅਕਤੂਬਰ ਨੂੰ ਕਰਵਾਈ ਗਈ, ਜਿਸ ਵਿੱਚ 26,735 ਵਿਦਿਆਰਥੀਆਂ ਨੇ ਭਾਗ ਲਿਆ। ਸੁਸਾਇਟੀ ਦੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਭਾਗ ਦੇ ਮੁਖੀ ਰਾਮ ਸਵਰਨ ਲੱਖੇਵਾਲੀ ਤੇ ਮੀਡੀਆ ਵਿਭਾਗ ਦੇ ਮੁਖੀ ਸੁਮੀਤ ਨੇ ਦੱਸਿਆ ਕਿ ਪ੍ਰੀਖਿਆ ਦਾ ਨਤੀਜਾ ਅਗਲੇ ਮਹੀਨੇ ਐਲਾਨਿਆ ਜਾਵੇਗਾ।
ਸ਼ਾਹਕੋਟ ’ਚ 1276 ਵਿਦਿਆਰਥੀਆਂ ਨੇ ਿਦੱਤੀ ਪ੍ਰੀਖਿਆ
ਸ਼ਾਹਕੋਟ (ਪੱਤਰ ਪ੍ਰੇਰਕ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲਈ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ’ਚ ਸੁਸਾਇਟੀ ਦੀ ਇਕਾਈ ਸ਼ਾਹਕੋਟ ਦੇ 18 ਪ੍ਰੀਖਿਆ ਕੇਦਰਾਂ ’ਚ 1276 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸੁਸਾਇਟੀ ਦੀ ਇਕਾਈ ਸ਼ਾਹਕੋਟ ਦੇ ਕਾਰਜਕਾਰੀ ਮੁਖੀ ਹਰਜਿੰਦਰ ਬਾਗਪੁਰ ਅਤੇ ਪ੍ਰੀਖਿਆ ਇੰਚਾਰਜ ਪ੍ਰਿਤਪਾਲ ਬਾਗਪੁਰੀ ਅਤੇ ਬਿੱਟੂ ਰੂਪੇਵਾਲੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਨੇ ਇਲਾਕੇ ਦੇ 20 ਸਕੂਲਾਂ ’ਚ ਸੰਪਰਕ ਕਰ ਕੇ ਅਧਿਆਪਕਾਂ ਦੇ ਸਹਿਯੋਗ ਨਾਲ 1535 ਵਿਦਿਆਰਥੀਆਂ ਦੀ ਰਜਿਸਟ੍ਰੇਸਨ ਕੀਤੀ ਸੀ। ਇਨ੍ਹਾਂ ਵਿੱਚੋਂ 751 ਮਿਡਲ ਅਤੇ 784 ਵਿਦਿਆਰਥੀ ਸੈਕੰਡਰੀ ਨਾਲ ਸਬੰਧਤ ਸਨ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਮਿਡਲ ਦੇ 630 ਤੇ ਸੈਕੰਡਰੀ ਦੇ 646 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।