ਮੋੜ ਦਿਓ
ਸੁਹਿੰਦਰ ਬੀਰ
ਸਾਨੂੰ ਸਾਡਾ ਸ਼ੀਸ਼ੇ ਵਰਗਾ ਅੰਬਰ ਮੋੜ ਦਿਓ।
ਧਰਤੀ ਦੀ ਉਹ ਆਦਿ ਜੁਗਾਦੀ ਚਾਦਰ ਮੋੜ ਦਿਓ।
ਕਾਦਰ ਨੇ ਜਿਸ ਕਾਇਨਾਤ ਦੀ ਘਾੜਤ ਕੀਤੀ ਸੀ।
ਕੁਦਰਤ ਦੀ ਲੀਲ੍ਹਾ ਸਭ ਤਾਈਂ ਅਰਪਿਤ ਕੀਤੀ ਸੀ।
ਸਹਿਜ ਸੁਖਾਵਾਂ ਸਭ ਦਾ ਸਾਂਝਾ ਦਰ ਘਰ ਮੋੜ ਦਿਓ...
ਬੱਦਲਾਂ ਸੰਗ ਕਲੋਲਾਂ ਕਰਦੇ ਜੰਗਲ ਵਾਹ ਦਿੱਤੇ।
ਅੰਬਰ ਨੂੰ ਹੱਥ ਲਾਉਂਦੇ ਉੱਚੇ ਪਰਬਤ ਢਾਹ ਦਿੱਤੇ।
ਬੇਘਰ ਹੋਏ ਜੀਵਾਂ ਦੇ ਸਭ ਲਸ਼ਕਰ ਮੋੜ ਦਿਓ...
ਆਦਮ ਨੇ ਹੁਣ ਆਦਮ ਦਾ ਹੈ ਬਾਣਾ ਬਦਲ ਲਿਆ।
ਹਰ ਹਾਕਮ ਦੇ ਬੋਲਾਂ ਵਿੱਚ ਸਿਕੰਦਰ ਬੋਲ ਰਿਹਾ।
ਪਾਠ ਮੁਹੱਬਤ ਦਾ ਜੋ ਪੜ੍ਹੇ ਪੈਗ਼ੰਬਰ ਮੋੜ ਦਿਓ...
ਐਟਮ ਦੇ ਸਮਿਆਂ ਵਿੱਚ ਹਰ ਇੱਕ ਬੰਦਾ ਸਹਿਮ ਰਿਹਾ।
ਚਾਰੇ ਕੂਟਾਂ ਨੂੰ ਜੰਗਬਾਜ਼ਾਂ ਨੇ ਹੈ ਘੇਰ ਲਿਆ।
ਵਰ੍ਹਦੀ ਅੱਗ ਨੂੰ ਸੀਤ ਕਰਨ ਜੋ ਸਾਗਰ ਮੋੜ ਦਿਓ...
ਸੂਰਜ ਦੀ ਓਜ਼ੋਨ ਪਰਤ ਨੂੰ ਦੂਸ਼ਿਤ ਕਰ ਬੈਠੇ।
ਅਪਣੀ ਰੱਤ ਵਿੱਚ ਜ਼ਹਿਰ ਅਸੀਂ ਹਾਂ ਆਪੇ ਭਰ ਬੈਠੇ।
ਸੱਜਰੀ ਖੁਸ਼ਬੂ ਵਾਲੇ ਸਾਡੇ ਚੇਤਰ ਮੋੜ ਦਿਓ...
ਸਾਨੂੰ ਸਾਡਾ ਸ਼ੀਸ਼ੇ ਵਰਗਾ ਅੰਬਰ ਮੋੜ ਦਿਓ।
ਧਰਤੀ ਦੀ ਉਹ ਆਦਿ ਜੁਗਾਦੀ ਚਾਦਰ ਮੋੜ ਦਿਓ।
ਗ਼ਜ਼ਲ
ਮਹਿੰਦਰ ਸਿੰਘ ਮਾਨ
ਭਾਵੇਂ ਇੱਥੇ ਸਾਡੇ ਯਾਰ ਬੜੇ ਨੇ,
ਪਰ ਔਕੜ ਵੇਲੇ ਨਾ ਨਾਲ ਖੜ੍ਹੇ ਨੇ।
ਜਾਨ ਕਿਸਾਨਾਂ ਦੀ ਮੁੱਠ ’ਚ ਆ ਜਾਵੇ,
ਪੱਕੀਆਂ ਫ਼ਸਲਾਂ ’ਤੇ ਜਦ ਪੈਂਦੇ ਗੜ੍ਹੇ ਨੇ।
ਉਹ ਬੰਦੇ ਉਨ੍ਹਾਂ ਦੇ ਦਿਲਾਂ ’ਚ ਵਸੇ ਨੇ,
ਲੋਕਾਂ ਦੇ ਹੱਕਾਂ ਖ਼ਾਤਰ ਜੋ ਲੜੇ ਨੇ।
ਉਨ੍ਹਾਂ ਨੂੰ ਆਪਣੀ ਸਿਹਤ ਦੀ ਚਿੰਤਾ ਹੈ,
ਜਿਨ੍ਹਾਂ ਨੇ ਪਾਣੀ ਲਈ ਰੱਖੇ ਘੜੇ ਨੇ।
ਨੇਤਾਵਾਂ ਨੂੰ ਲਾਭ ਹੋਇਆ ਹੈ ਬਹੁਤਾ,
ਜਦ ਤੋਂ ਲੋਕਾਂ ਦੇ ਵਿੱਚ ਬਣੇ ਧੜੇ ਨੇ।
ਇੱਕ ਦਿਨ ਰਲ ਕੇ ਵੀ ਬੈਠਣਗੇ ਸਾਰੇ,
ਜੇ ਭਾਈ, ਭਾਈ ਆਪਸ ’ਚ ਲੜੇ ਨੇ।
ਛੇਤੀ ਹੀ ਉਨ੍ਹਾਂ ਹੋ ਜਾਣਾ ਹਰੇ ਭਰੇ,
ਜਿਨ੍ਹਾਂ ਰੁੱਖਾਂ ਦੇ ਹੁਣ ਪੱਤੇ ਝੜੇ ਨੇ।
ਸੰਪਰਕ: 99158-03554
* * *
ਮਾਂ ਦਾ ਪਿਆਰ
ਰਾਜਿੰਦਰ ਜੈਦਕਾ
ਇਹ ਪੈਰਾਂ ਦਾ ਚੱਕਰ ਨੀ ਮਾਏ
ਬਹਿਣ ਨਹੀਂ ਦਿੰਦਾ ਮੈਨੂੰ
ਤੁਰਦਾ ਜਾਂਦਾ ਧੂੜ ਉੱਡਦੀ
ਪਿੰਡ ਦਿਸੇ ਨਾ ਮੈਨੂੰ
ਕਿਹੜੀ ਚੀਜ਼ ਮੈਂ ਲੱਭਦਾ ਰਹਿਦਾ
ਪਤਾ ਨਾ ਮੈਨੂੰ ਲੱਗੇ
ਦਫ਼ਤਰਾਂ ਦੇ ਵਿੱਚ ਗੇੜੇ ਮਾਰਾਂ
ਸੁੰਨ ਕਰ ਦਿੰਦੇ ਮੈਨੂੰ
ਆਵੇਗਾ ਕਦ ਪੁੱਤ ਮੇਰਾ
ਮਾਂ ਉਡੀਕਦੀ ਰਹਿੰਦੀ
ਸਾਡਾ ਵਿਹੜਾ ਸੁੰਨਾ ਪਿਆ
ਕਦੇ ਨਾ ਬੋਲੇ ਕਾਂ
ਘਰ ਜਦ ਮੈਂ ਮੁੜ ਕੇ ਆਉਂਦਾ
ਰੱਬ ਦਾ ਸ਼ੁਕਰ ਮਨਾਉਂਦੀ
ਕੈਸੀ ਭਟਕਣ ਲਾ ਲੈਂਦਾ ਤੂੰ
ਰੋਜ਼ ਪੁੱਛਦੀ ਰਹਿੰਦੀ
ਮੈਂ ਜਾਣਾ ਪਰਦੇਸ ਨੀ ਮਾਏ
ਕੰਮ ਦੀ ਤੋਟ ਨਾ ਹੋਊ
ਹਰ ਰੋਜ਼ ਮੈਂ ਡਾਲਰ ਕਮਾਊਂ
ਪੈਸੇ ਰੱਜ ਕੇ ਭੇਜੂੰ
ਕੈਲੀਫੋਰਨੀਆ ਦੇ ਵਿੱਚ ਬੈਠਾ
ਮਾਂ ਨੂੰ ਯਾਦ ਹਾਂ ਕਰਦਾ
ਕਿਵੇਂ ਰਹਿੰਦੀ ਹੋਊ ਮੇਰੇ ਬਿਨਾਂ
ਰੋਜ਼ ਹਾਉਕੇ ਭਰਦਾ
ਮਾਂ ਦਾ ਖ਼ਤ ਮਿਲਿਆ ਮੈਨੂੰ
ਹਾਲ ਪੁੱਛਿਆ ਮੇਰਾ
ਮੈਂ ਤਾਂ ਆਖ਼ਰੀ ਸਾਹਾਂ ’ਤੇ ਹਾਂ
ਸੁਖੀ ਰਹਿ ਪੁੱਤ ਮੇਰਿਆ
ਮੈਂ ਤਾਂ ਮਿੱਟੀ ਬਣ ਜਾਊਂ
ਕਾਹਲੀ ਨਾਲ ਨਾ ਆਵੀਂ
ਆਵੇਂਗਾ ਜਦ ਤੂੰ ਇੱਥੇ
ਗੰਗਾ ਫੁੱਲ ਪਾ ਜਾਵੀਂ
ਸੰਪਰਕ: 98729-42175