ਇੱਕੋ ਮੂਰਖ ਕਾਫ਼ੀ
ਮਨੁੱਖ ਦੀ ਜ਼ਿੰਦਗੀ ਦੀ ਤ੍ਰਾਸਦੀ ਇਹ ਹੈ ਕਿ ਉਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਮੂਰਖ ਹੈ ਜਾਂ ਸਮਝਦਾਰ। ਦੂਜੇ ਲੋਕਾਂ ਨੂੰ ਤਾਂ ਇਹ ਪਤਾ ਹੁੰਦਾ ਹੈ ਕਿ ਇਹ ਬੰਦਾ ਮੂਰਖ ਹੈ ਜਾਂ ਸਮਝਦਾਰ ਪਰ ਮੂਰਖ ਵਿਅਕਤੀ ਆਪਣੇ ਆਪ ਨੂੰ ਮੂਰਖ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਕਿੰਨਾ ਚੰਗਾ ਹੁੰਦਾ ਕਿ ਜੇਕਰ ਪਰਮਾਤਮਾ ਬੰਦੇ ਦੇ ਅੰਦਰ ਕੋਈ ਅਜਿਹਾ ਯੰਤਰ ਫਿੱਟ ਕਰਕੇ ਭੇਜਦਾ ਜਾਂ ਫੇਰ ਵਿਗਿਆਨੀ ਕੋਈ ਅਜਿਹਾ ਯੰਤਰ ਈਜਾਦ ਕਰ ਲੈਂਦੇ ਜਿਸ ਨਾਲ ਵਿਅਕਤੀ ਨੂੰ ਆਪਣੇ ਮੂਰਖ ਜਾਂ ਸਮਝਦਾਰ ਹੋਣ ਦਾ ਅਹਿਸਾਸ ਹੋ ਜਾਂਦਾ। ਇਸ ਨਾਲ ਬਹੁਤ ਸਾਰੇ ਝਗੜੇ, ਸਮੱਸਿਆਵਾਂ ਅਤੇ ਇੱਕ ਦੂਜੇ ਨਾਲ ਸ਼ਿਕਵੇ ਸ਼ਿਕਾਇਤਾਂ ਆਪਣੇ ਆਪ ਹੱਲ ਹੋ ਜਾਣੇ ਸਨ।
ਮੂਰਖ ਵਿਅਕਤੀ ਨੂੰ ਕਹਿਣ ਲਈ ਇਹ ਕਹਾਵਤ ਕਿਸੇ ਨੇ ਬਹੁਤ ਸੋਚ ਸਮਝ ਕੇ ਹੀ ਬਣਾਈ ਹੋਵੇਗੀ ਕਿ ਮੂਰਖਾਂ ਦੇ ਕਿਹੜੇ ਸਿੰਙ ਹੁੰਦੇ ਹਨ ਜਿਹੜੇ ਤੇਰੇ ਨਹੀਂ ਹਨ। ਵੇਖਣ ਨੂੰ ਤਾਂ ਸਾਰੇ ਲੋਕ ਇੱਕੋ ਤਰ੍ਹਾਂ ਦੇ ਹੀ ਲੱਗਦੇ ਹਨ ਪਰ ਮੂਰਖ ਅਤੇ ਸਮਝਦਾਰ ਵਿੱਚ ਫ਼ਰਕ ਇਹ ਹੁੰਦਾ ਹੈ ਕਿ ਮੂਰਖ ਵਿਅਕਤੀ ਅਕਲ ਤੋਂ ਖਾਲੀ ਹੁੰਦਾ ਹੈ। ਉਸ ਦੀਆਂ ਮੂਰਖਾਂ ਵਾਲੀਆਂ ਗੱਲਾਂ, ਆਦਤਾਂ ਹੀ ਉਸ ਦੇ ਮੂਰਖ ਹੋਣ ਦੀ ਪਛਾਣ ਹੁੰਦੀਆਂ ਹਨ। ਕਹਿੰਦੇ ਹਨ ਕਿ ਇੱਕ ਵਾਰ ਇੱਕ ਬੰਦੇ ਨੂੰ ਸਾਰਾ ਪਿੰਡ ਮੂਰਖ ਕਹਿਣ ਲੱਗ ਪਿਆ। ਉਹ ਆਪਣੇ ਪਿੰਡ ਦੇ ਲੋਕਾਂ ਤੋਂ ਤੰਗ ਆ ਕੇ ਪਿੰਡ ਛੱਡ ਕੇ ਦੂਰ ਅਜਿਹੀ ਥਾਂ ’ਤੇ ਚਲਾ ਗਿਆ ਜਿੱਥੇ ਉਸ ਨੂੰ ਕੋਈ ਨਾ ਜਾਣਦਾ ਹੋਵੇ। ਇੱਕ ਦਿਨ ਇੱਕ ਵਿਅਕਤੀ ਨੇ ਉਸ ਨੂੰ ਉਸ ਦਾ ਹਾਲ ਪੁੱਛਦਿਆਂ ਕਿਹਾ, ‘‘ਹੋਰ ਬਈ ਮੂਰਖਾ, ਤੇਰਾ ਕੀ ਹਾਲ ਹੈ?’’ ਉਸ ਮੂਰਖ ਨੇ ਉਸ ਵਿਅਕਤੀ ਨੂੰ ਆਪਣਾ ਹਾਲ ਦੱਸਣ ਦੀ ਬਜਾਏ ਕਿਹਾ, ‘‘ਭਰਾਵਾ, ਤੇਰਾ ਪਿੰਡ ਕਿਹੜਾ ਹੈ?’’ ਉਸ ਵਿਅਕਤੀ ਨੇ ਅੱਗੋਂ ਜਵਾਬ ਦਿੱਤਾ, ‘‘ਮੇਰਾ ਪਿੰਡ ਇਹੋ ਹੈ।’’ ਮੂਰਖ ਨੇ ਉਸ ਵਿਅਕਤੀ ਨੂੰ ਫਿਰ ਸਵਾਲ ਕੀਤਾ, ‘‘ਜੇਕਰ ਤੇਰਾ ਪਿੰਡ ਇਹੋ ਹੈ ਤਾਂ ਇਹ ਦੱਸ, ਤੈਨੂੰ ਇਹ ਕਿਵੇਂ ਪਤਾ ਲੱਗਾ ਕਿ ਲੋਕ ਮੈਨੂੰ ਮੂਰਖ ਕਹਿੰਦੇ ਹਨ। ਇਸ ਨਾਂ ਤੋਂ ਤਾਂ ਤੰਗ ਆ ਕੇ ਮੈਂ ਆਪਣਾ ਪਿੰਡ ਛੱਡਿਆ ਸੀ।’’ ਉਹ ਵਿਅਕਤੀ ਬੋਲਿਆ, ‘‘ਮਿੱਤਰਾ, ਤੇਰੀਆਂ ਗੱਲਾਂ ਹੀ ਮੂਰਖਾਂ ਵਾਲੀਆਂ ਹਨ। ਮੈਨੂੰ ਕਿਸੇ ਨੇ ਵੀ ਤੇਰਾ ਨਾਂ ਨਹੀਂ ਦੱਸਿਆ।’’
ਕਿਸੇ ਪਰਿਵਾਰ, ਅਦਾਰੇ, ਸਕੂਲ ਕਾਲਜ ਅਤੇ ਯੂਨੀਵਰਸਿਟੀ ’ਚ ਜਿੰਨੇ ਵੀ ਮਰਜ਼ੀ ਸਮਝਦਾਰ ਵਿਅਕਤੀ ਹੋਣ, ਉਹ ਘੱਟ ਹੁੰਦੇ ਹਨ ਪਰ ਉਨ੍ਹਾਂ ਦਾ ਮਾਹੌਲ ਖਰਾਬ ਕਰਨ ਲਈ ਇੱਕੋ ਮੂਰਖ ਹੀ ਕਾਫ਼ੀ ਹੁੰਦਾ ਹੈ। ਇੱਕ ਮੂਰਖ ਵਿਅਕਤੀ ਹੀ ਕਈ ਸਮਝਦਾਰਾਂ ਦੀ ਪੇਸ਼ ਨਹੀਂ ਚੱਲਣ ਦਿੰਦਾ। ਘਰ ’ਚ ਇੱਕ ਮੂਰਖ ਨੂੰਹ ਜਾਂ ਇੱਕ ਮੂਰਖ ਜਵਾਈ ਆ ਜਾਵੇ ਤਾਂ ਪਰਿਵਾਰ ਦੀ ਮਾਨਸਿਕ ਸ਼ਾਂਤੀ ਭੰਗ ਹੋ ਜਾਂਦੀ ਹੈ। ਸਿਆਣੇ ਲੋਕ ਇਹ ਵੀ ਕਹਿੰਦੇ ਹਨ ਕਿ ਰੱਬ ਮੂਰਖ ਵਿਅਕਤੀ ਨਾਲ ਵਾਹ ਨਾ ਪਾਵੇ। ਸਮਝਦਾਰ ਨੂੰ ਤਾਂ ਸਮਝਾਇਆ ਜਾ ਸਕਦਾ ਹੈ, ਮੂਰਖ ਨੂੰ ਨਹੀਂ। ਮੂਰਖ ਨੂੰ ਸਮਝਾਉਣਾ ਥਿੰਦੇ ਘੜੇ ਉੱਤੇ ਪਾਣੀ ਪਾਉਣ ਅਤੇ ਮੱਝ ਅੱਗੇ ਬੀਨ ਵਜਾਉਣ ਦੇ ਬਰਾਬਰ ਹੁੰਦਾ ਹੈ। ਮੂਰਖਾਂ ਦੀ ਮੂਰਖਾਂ ਨਾਲ ਹੀ ਬਣ ਸਕਦੀ ਹੈ, ਸਮਝਦਾਰਾਂ ਨਾਲ ਨਹੀਂ। ਕਿਹਾ ਇਹ ਵੀ ਜਾਂਦਾ ਹੈ ਕਿ ਮੂਰਖ ਨਾਲ ਮੱਥਾ ਮਾਰਨ ਨਾਲੋਂ ਚੁੱਪ ਰਹਿਣਾ ਬਿਹਤਰ ਹੁੰਦਾ ਹੈ। ਇੱਕ ਮੂਰਖ ਕਈ ਸਮਝਦਾਰਾਂ ਨੂੰ ਵਕਤ ਪਾ ਛੱਡਦਾ ਹੈ। ਸਮਝਦਾਰ ਲੋਕ ਲੱਭਣੇ ਪੈਂਦੇ ਹਨ, ਮੂਰਖਾਂ ਦੀ ਕਮੀ ਕੋਈ ਨਹੀਂ ਹੁੰਦੀ। ਅਰਸਤੂ ਕਹਿੰਦਾ ਸੀ ਕਿ ਜੇਕਰ ਸਮਾਜ ਵਿੱਚ ਮੂਰਖ ਲੋਕ ਨਾ ਹੁੰਦੇ ਤਾਂ ਸਮਝਦਾਰਾਂ ਦੀ ਕਦਰ ਵੀ ਨਹੀਂ ਪੈਣੀ ਸੀ। ਮੂਰਖ ਵਿਅਕਤੀ ਆਪਣੇ ਆਪ ਨੂੰ ਮੂਰਖ ਮੰਨਣ ਲਈ ਤਿਆਰ ਨਹੀਂ ਹੁੰਦਾ। ਜੇਕਰ ਮੂਰਖ ਵਿਅਕਤੀ ਮੰਨ ਲਵੇ ਕਿ ਉਹ ਮੂਰਖ ਹੈ, ਫੇਰ ਉਹ ਮੂਰਖ ਹੋ ਹੀ ਨਹੀਂ ਸਕਦਾ। ਹਰ ਵਿਅਕਤੀ ਆਪਣੇ ਆਪ ਨੂੰ ਅਰਸਤੂ, ਪਲੈਟੋ, ਸੁਕਰਾਤ ਅਤੇ ਇਬਰਾਹੀਮ ਲਿੰਕਨ ਸਮਝਦਾ ਹੈ, ਭਾਵੇਂ ਉਸ ਨੂੰ ਅਕਲ ਕੌਡੀ ਦੀ ਨਾ ਹੋਵੇ। ਜੇਕਰ ਅਕਲ ਮੁੱਲ ਵਿਕਦੀ ਹੁੰਦੀ ਤਾਂ ਹਰ ਕੋਈ ਖਰੀਦ ਲੈਂਦਾ ਤੇ ਇਸ ਦੁਨੀਆ ਵਿੱਚ ਕੋਈ ਵੀ ਮੂਰਖ ਨਾ ਹੁੰਦਾ।
ਮੂਰਖ ਦਾ ਕੰਮ ਸਮੱਸਿਆਵਾਂ ਖੜ੍ਹੀਆਂ ਕਰਨਾ ਹੁੰਦਾ ਹੈ ਤੇ ਸਮਝਦਾਰਾਂ ਦਾ ਕੰਮ ਉਨ੍ਹਾਂ ਨੂੰ ਹੱਲ ਕਰਨਾ ਹੁੰਦਾ ਹੈ। ਵਿਆਹ ਦੇ ਰੰਗ ਵਿੱਚ ਭੰਗ ਇੱਕੋ ਮੂਰਖ ਵਿਅਕਤੀ ਪਾ ਦਿੰਦਾ ਹੈ, ਚਾਹੇ ਉਹ ਕੁੜੀ ਵਾਲਿਆਂ ਵੱਲੋਂ ਹੋਵੇ ਜਾਂ ਫਿਰ ਮੁੰਡੇ ਵਾਲਿਆਂ ਵੱਲੋਂ। ਪਤੀ ਪਤਨੀ ਵਿੱਚ ਤਲਾਕ, ਵਿਵਾਦਾਂ, ਲੜਾਈਆਂ ਅਤੇ ਜੰਗਾਂ ਪਿੱਛੇ ਬਹੁਤੀ ਵਾਰ ਮੂਰਖ ਵਿਅਕਤੀਆਂ ਦਾ ਹੀ ਦਿਮਾਗ਼ ਹੁੰਦਾ ਹੈ। ਮੂਰਖ ਵਿਅਕਤੀ ਨੂੰ ਉਦੋਂ ਤੱਕ ਰੋਟੀ ਹਜ਼ਮ ਨਹੀਂ ਹੁੰਦੀ ਜਦੋਂ ਤੱਕ ਉਹ ਆਪਣੀ ਮੂਰਖਤਾ ਨਾ ਵਿਖਾ ਲਵੇ। ਨਿਊਟਨ ਦੀ ਖੋਜ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਨੂੰ ਮੂਰਖਾਂ ਨੇ ਹੀ ਨਹੀਂ ਮੰਨਿਆ ਸੀ, ਸਮਝਦਾਰ ਤਾਂ ਉਸ ਨਾਲ ਸਹਿਮਤ ਸਨ। ਮੂਰਖਾਂ ਨੂੰ ਪੁਸਤਕਾਂ, ਨਸੀਹਤਾਂ, ਚੰਗੀ ਸੰਗਤ ਅਤੇ ਵਿਦਵਾਨਾਂ ਦੇ ਪ੍ਰਵਚਨ ਉਦੋਂ ਤੱਕ ਸਮਝਦਾਰ ਨਹੀਂ ਬਣਾ ਸਕਦੇ ਜਦੋਂ ਤੱਕ ਉਹ ਖ਼ੁਦ ਆਪਣੇ ਆਪ ਨੂੰ ਬਦਲਣ ਦੀ ਇੱਛਾ ਨਾ ਰੱਖਦੇ ਹੋਣ। ਮੂਰਖ ਵਿਅਕਤੀ ਨਾਲ ਬਹਿਸ ਕਰਨ ਦੀ ਬਜਾਏ ਉਸ ਤੋਂ ਕਿਨਾਰਾ ਕਰਨਾ ਜ਼ਿਆਦਾ ਚੰਗਾ ਹੁੰਦਾ ਹੈ ਕਿਉਕਿ ਬਹਿਸ ਵਿੱਚੋਂ ਕੁਝ ਨਿਕਲਦਾ ਨਹੀਂ ਸਗੋਂ ਮੂਰਖ ਨਾਲ ਮੱਥਾ ਲਗਾ ਕੇ ਆਪਣਾ ਹੀ ਪ੍ਰਭਾਵ ਪੇਤਲਾ ਪੈਂਦਾ ਹੈ।
ਸੰਪਰਕ: 98726-27136