For the best experience, open
https://m.punjabitribuneonline.com
on your mobile browser.
Advertisement

ਅੰਗਰੇਜ਼ੀ ਮਹਿਜ਼ ਬਸਤੀਵਾਦੀ ਭਾਸ਼ਾ ਨਹੀਂ

07:53 AM Oct 02, 2023 IST
ਅੰਗਰੇਜ਼ੀ ਮਹਿਜ਼ ਬਸਤੀਵਾਦੀ ਭਾਸ਼ਾ ਨਹੀਂ
Advertisement

ਦੀਪਾਂਕਰ ਗੁਪਤਾ
ਕੁਝ ਅਰਸਾ ਪਹਿਲਾਂ ਤੱਕ ਇਹ ਕਿਆਸ ਕਰਨਾ ਵੀ ਲਗਭਗ ਅਸੰਭਵ ਜਿਹਾ ਸੀ ਕਿ ਮਾਂ ਬੋਲੀ ਵਾਲੇ ਸਕੂਲਾਂ ਵਿਚ ਪੜ੍ਹੇ ਭਾਰਤੀ ਵਿਗਿਆਨੀ ਵੀ ਕਦੇ ਚੰਦ ’ਤੇ ਭੇਜਿਆ ਜਾਣ ਵਾਲਾ ਕੋਈ ਰਾਕੇਟ ਤਿਆਰ ਕਰ ਸਕਦੇ ਹਨ। ਗ਼ਲਤੀ ਨਾਲ ਜੇ ਤੁਸੀਂ ਕਦੇ ਅਜਿਹਾ ਖਿਆਲ ਆਪਣੇ ਮੂੰਹੋਂ ਬਿਆਨ ਕਰ ਬੈਠਦੇ ਸੀ ਤਾਂ ਲੋਕ ਸੋਚਦੇ ਸਨ ਕਿ ਤੁਹਾਡਾ ਦਿਮਾਗ ਚਕਰਾ ਗਿਆ ਹੈ। ਆਮ ਜਨ ਮਾਨਸ ਵਿਚ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਸਿਰਫ਼ ਅੰਗਰੇਜ਼ੀ ਮਾਧਿਅਮ ਵਾਲੇ ਕੁਲੀਨ ਸਕੂਲ ਹੀ ਇਹੋ ਜਿਹੀ ਲਿਆਕਤ ਦਾ ਸੰਚਾਰ ਕਰਨ ਦੇ ਸਮੱਰਥ ਹਨ।
ਚੰਦਰਯਾਨ-3 ਮਿਸ਼ਨ ਨਾਲ ਇਹ ਧਾਰਨਾ ਬਦਲ ਸਕਦੀ ਹੈ। ਮਿਸ਼ਨ ਦੇ ਚੰਦ ਦੀ ਸਤਹ ’ਤੇ ਉਤਰਨ ਤੋਂ ਬਾਅਦ ਜਦੋਂ ਇਸਰੋ ਦੇ ਵਿਗਿਆਨੀ ਟੀਵੀ ਅਤੇ ਰੇਡੀਓ ’ਤੇ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਹ ਰਵਾਨੀ ਨਾਲ ਬਹੁਤ ਵਧੀਆ ਅੰਗਰੇਜ਼ੀ ਬੋਲ ਰਹੇ ਸਨ। ਉਨ੍ਹਾਂ ਦੀ ਸਕੂਲੀ ਪੜ੍ਹਾਈ ਭਾਵੇਂ ਕਿਹੋ ਜਿਹੀ ਵੀ ਰਹੀ ਹੋਵੇ ਪਰ ਇਸ ਦੇ ਬਾਵਜੂਦ ਕੋਈ ਭਾਸ਼ਾਈ ਗੜਬੜ ਨਜ਼ਰ ਨਹੀਂ ਆ ਰਹੀ ਸੀ ਅਤੇ ਉਨ੍ਹਾਂ ਦੇ ਅੰਗਰੇਜ਼ੀ ਉਚਾਰਨ ਵਿਚ ਵੀ ਕੋਈ ਗਫ਼ਲਤ ਨਹੀਂ ਸੀ। ਇਹ ਗੱਲ ਸਹੀ ਹੈ ਕਿ ਇਹ ਵਿਗਿਆਨੀ ਇੰਨੀ ਬੁਲੰਦੀ ’ਤੇ ਇਸ ਲਈ ਪਹੁੰਚ ਸਕੇ ਕਿਉਂਕਿ ਉਨ੍ਹਾਂ ਇਸ ਗੱਲ ਦੀ ਪ੍ਰਵਾਹ ਕੀਤੇ ਬਗ਼ੈਰ ਕਿ ਉਹ ਸ਼ੇਕਸਪੀਅਰ ਤੇ ਮਿਲਟਨ ਦੇ ਕਥਨਾਂ ਦਾ ਹਵਾਲਾ ਦੇ ਸਕਣਗੇ ਜਾਂ ਨਹੀਂ, ਉਨ੍ਹਾਂ ਅੰਗਰੇਜ਼ੀ ਦਾ ਤਕਨੀਕੀ ਭਾਸ਼ਾ ਵਜੋਂ ਖੁੱਲ੍ਹ ਕੇ ਇਸਤੇਮਾਲ ਕੀਤਾ। ਉਨ੍ਹਾਂ ਲਈ ਸਭ ਤੋਂ ਵੱਧ ਇਹ ਗੱਲ ਮਾਇਨੇ ਰੱਖਦੀ ਸੀ ਕਿ ਅੰਗਰੇਜ਼ੀ ਦੀ ਹੁਨਰਮੰਦੀ ਨਾਲ ਵਰਤੋਂ ਕਰਨ ਦੀ ਮੁਹਾਰਤ ਹਾਸਲ ਕੀਤੀ ਜਾਵੇ ਜਿਸ ਨਾਲ ਉਨ੍ਹਾਂ ਲਈ ਅਥਾਹ ਮੌਕਿਆਂ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ। ਅੰਗਰੇਜ਼ੀ ਉਨ੍ਹਾਂ ਲਈ ਔਜ਼ਾਰ ਮਾਤਰ ਸੀ ਨਾ ਕਿ ਦੂਜਿਆਂ ’ਤੇ ਰੋਅਬ-ਦਾਬ ਪਾਉਣ ਦੀ ਕੋਈ ਸਜਾਵਟੀ ਪੇਟੀ।
ਚੇਤੇ ਕਰੋ, ਅਸੀਂ ਮਹਾਤਮਾ ਗਾਂਧੀ ਤੇ ਸਰਦਾਰ ਪਟੇਲ ਜਿਹੀਆਂ ਹਸਤੀਆਂ ਵਾਂਗ ਸੋਚਦੇ ਹਾਂ। ਇਨ੍ਹਾਂ ਨੂੰ ਆਪਣੀ ਭਾਸ਼ਾਈ ਤੇ ਸਭਿਆਚਾਰਕ ਰਹਿਤਲ ’ਚ ਰਹਿ ਕੇ ਜਵਾਨ ਹੋਣ ਦੇ ਮੌਕੇ ਮਿਲੇ, ਫਿਰ ਉਹ ਇੰਗਲੈਂਡ ’ਚ ਬੈਰਿਸਟਰ ਦੀ ਪਦਵੀ ਤੱਕ ਪਹੁੰਚੇ ਸਨ। ਸਰਦਾਰ ਪਟੇਲ ਦਾ ਪਹਿਲਾ ਸਕੂਲ ਗੁਜਰਾਤ ਦੇ ਕਰਮਸਾਡ ਪਿੰਡ ’ਚ ਸੀ ਅਤੇ ਗਾਂਧੀ ਦੀਆਂ ਜਿ਼ਆਦਾਤਰ ਲਿਖਤਾਂ ਗੁਜਰਾਤੀ ’ਚ ਸਨ। ਜਦੋਂ ਅੰਗਰੇਜ਼ੀ ਤਕਨੀਕੀ ਸੰਦ ਦੀ ਬਜਾਇ ਸਭਿਆਚਾਰਕ ਸਨਮਾਨ ਦਾ ਪ੍ਰਤੀਕ ਬਣ ਗਈ ਤਾਂ ਕਿਤੇ ਜਾ ਕੇ ਕੋਝਾ ਬਸਤੀਵਾਦੀ ਆਪਣਾ ਚਿਹਰਾ ਦਿਖਾਉਣ ਲੱਗਿਆ ਸੀ। ਚੰਦਰਯਾਨ-3 ਮਿਸ਼ਨ ਨਾਲ ਜੁੜੇ ਵਿਗਿਆਨੀਆਂ ’ਚੋਂ ਕੁਝ ਵਿਗਿਆਨੀ ਅੰਗਰੇਜ਼ੀ ਭਾਸ਼ਾ ਦੀ ਨਫ਼ਾਸਤ ਤੋਂ ਵਿਰਵੇ ਹੋ ਸਕਦੇ ਹਨ ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਇਸ ਲਈ ਪ੍ਰਬੀਨਤਾ ਹਾਸਲ ਕਰ ਸਕੇ ਕਿਉਂਕਿ ਉਨ੍ਹਾਂ ਨੇ ਅੰਗਰੇਜ਼ੀ ਨੂੰ ਚੰਗੇ ਵਿਗਿਆਨਕ ਸੰਦ ਵਾਂਗ ਵਰਤਿਆ ਸੀ, ਤੇ ਅੰਤ ਨੂੰ ਇਹੀ ਗੱਲ ਮਾਇਨੇ ਰੱਖਦੀ ਹੈ।
1990ਵਿਆਂ ਤੋਂ ਇਹ ਦੇਖਣ ਵਿਚ ਆਇਆ ਹੈ ਕਿ ਵਿਗਿਆਨ ਨੂੰ ਬਿਹਤਰੀਨ ਪ੍ਰਤਿਭਾ ਛੋਟੇ ਛੋਟੇ ਕਸਬਿਆਂ ’ਚੋਂ ਮਿਲਦੀ ਹੈ। ਜਦੋਂ ਅਸੀਂ ਕੌਮੀ ਰਾਜਮਾਰਗਾਂ ਤੋਂ ਇਨ੍ਹਾਂ ਨਾਮਾਲੂਮ ਸੰਸਥਾਵਾਂ ਦੇ ਕੋਲੋਂ ਗੁਜ਼ਰਦੇ ਹਾਂ ਤਾਂ ਸਾਡੀ ਇਨ੍ਹਾਂ ਵੱਲ ਨਜ਼ਰ ਨਹੀਂ ਜਾਂਦੀ। ਸੰਭਵ ਹੈ ਕਿ ਭਾਬਾ ਸਾਰਾਭਾਈ ਦਾ ਯੁੱਗ ਖ਼ਤਮ ਹੋ ਗਿਆ ਹੋਵੇ ਪਰ ਉਨ੍ਹਾਂ ਦੇ ਸ਼ੁਰੂਆਤੀ ਯਤਨਾਂ ਸਦਕਾ ਹੀ ਹੁਣ ਵਿਗਿਆਨ ਦਾ ਦਰਖ਼ਤ ਵਧ ਫੁੱਲ ਰਿਹਾ ਹੈ ਅਤੇ ਹੁਣ ਵੀ ਇਹ ਦੀਵਾਰਾਂ ਦੀਆਂ ਤਰੇੜਾਂ ’ਚੋਂ ਵੀ ਫੁੱਟ ਕੇ ਨਿਕਲ ਆਉਂਦਾ ਹੈ।
ਕੋਈ ਸਮਾਂ ਹੁੰਦਾ ਸੀ ਜਦੋਂ ਲੋਕਾਂ ਨੂੰ ਅੰਗਰੇਜ਼ੀ ਮਿਜ਼ਾਜ ਅਤੇ ਲਹਿਜੇ ਕਰ ਕੇ ਮਾਣ-ਤਾਣ ਦਿੱਤਾ ਜਾਂਦਾ ਸੀ ਪਰ ਹੁਣ ਇਹ ਪ੍ਰਜਾਤੀ ਲੋਪ ਹੋ ਰਹੀ ਹੈ। ਇਸ ਸਮੇਂ ਇਸਰੋ ਵਿਗਿਆਨੀ ਜਿਹੇ ਆਪਣੇ ਦਮ ’ਤੇ ਪ੍ਰਾਪਤੀਆਂ ਕਰਨ ਵਾਲੇ ਲੋਕਾਂ ਨੂੰ ਸਤਿਕਾਰ ਮਿਲਦਾ ਹੈ ਜਨਿ੍ਹਾਂ ਦੀ ਅੰਗਰੇਜ਼ੀ ਸੰਦ-ਮੂਲਕ ਹੁੰਦੀ ਹੈ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਦੇਸ਼ ਵਿਚ ਹਿੰਦੀ ਤੋਂ ਬਾਅਦ ਅੰਗਰੇਜ਼ੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਬੰਗਾਲੀ, ਮਰਾਠੀ ਤੇ ਹੋਰਨਾਂ ਭਾਸ਼ਾਵਾਂ ਤੋਂ ਕਾਫ਼ੀ ਅਗਾਂਹ ਹੈ। ਇਹ ਗੱਲ ਠੀਕ ਹੈ ਕਿ ਅੰਗਰੇਜ਼ੀ ਇਸ ਸਮੂਹ ਦੀ ਮਾਤ ਭਾਸ਼ਾ ਨਹੀਂ ਸਗੋਂ ਦੂਜੀ ਜਾਂ ਤੀਜੀ ਭਾਸ਼ਾ ਹੈ, ਫਿਰ ਵੀ ਉਨ੍ਹਾਂ ਦੀ ਅੰਗਰੇਜ਼ੀ ਦੀ ਮੁਹਾਰਤ ਇੰਨੀ ਕੁ ਵਧੀਆ ਹੈ ਕਿ ਉਹ ਸਾਡੇ ਦੇਸ਼ ਦੇ ਪ੍ਰਮੁੱਖ ਵਿਗਿਆਨੀ ਬਣਨ ਵਿਚ ਸਫਲ ਹੋਏ ਹਨ। ਉਹ ਅੰਗਰੇਜ਼ੀ ਨੂੰ ਬਸਤੀਵਾਦ ਦੀ ਰਹਿੰਦ ਖੂੰਹਦ ਵਜੋਂ ਨਹੀਂ ਦੇਖਦੇ ਸਗੋਂ ਕਿਸੇ ਕੰਪਾਸ ਤੇ ਪੈੱਨ ਪੈਂਸਿਲ ਸੈੱਟ ਵਾਂਗ ਔਜ਼ਾਰ ਦੀ ਤਰ੍ਹਾਂ ਲੈਂਦੇ ਹਨ। ਇਸ ਨਾਲ ਬਸਤੀਵਾਦੀ ਕਿਤੋਂ ਨਹੀਂ ਆਉਂਦਾ।
ਜਵਿੇਂ ਅਸੀਂ ਹੁਣੇ ਹੁਣੇ ਚੰਦਰਯਾਨ ਵਿਗਿਆਨੀਆਂ ਦੇ ਰੂਪ ਵਿਚ ਦੇਖਿਆ ਹੈ, ਮਾਤ ਭਾਸ਼ਾ ਵਿਚ ਪੜ੍ਹਾਈ ਚੰਗੀ ਅੰਗਰੇਜ਼ੀ ਸਿੱਖਣ ਦੇ ਰਾਹ ਦਾ ਬਿਲਕੁੱਲ ਅਡਿ਼ੱਕਾ ਨਹੀਂ ਬਣਦੀ। ਜੇ ਭਾਰਤ ਵਿਚ ਜਿ਼ਆਦਾਤਰ ਬੱਚਿਆਂ ਦੀ ਸਿਖਲਾਈ ਦਾ ਪੱਧਰ ਬਹੁਤ ਹੀ ਮਾੜਾ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਪੜ੍ਹਾਈ ਦਾ ਮਿਆਰ ਮਾੜਾ ਹੈ ਅਤੇ ਅੰਗਰੇਜ਼ੀ ਨੂੰ ਹਟਾਉਣ ਨਾਲ ਇਸ ਵਿਚ ਕੋਈ ਫ਼ਰਕ ਨਹੀਂ ਪੈਣਾ। ਸਕੂਲੀ ਬੱਚਿਆਂ ਨੂੰ ਮਾਤ ਭਾਸ਼ਾ ਦਾ ਗਿਆਨ ਹੋਣਾ ਅਤੇ ਸਭਿਆਚਾਰਕ ਵਿਰਾਸਤ ਦਾ ਸੁਆਦ ਲੈਣਾ ਜ਼ਰੂਰੀ ਹੈ ਪਰ ਉਨ੍ਹਾਂ ਨੂੰ ਸ਼ੁੱਧ ਉਪਯੋਗਤਾ ਲਈ ਅੰਗਰੇਜ਼ੀ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ।
ਸਾਡੇ ਕੁਝ ਇਸਰੋ ਵਿਗਿਆਨੀਆਂ ਦੀਆਂ ਸਵੈ-ਜੀਵਨੀਆਂ ’ਤੇ ਝਾਤ ਮਾਰੋ। ਕੇ ਸਵਿਾਨ ਕੰਨਿਆਕੁਮਾਰੀ ਜਿ਼ਲੇ ਦੇ ਵੱਲਨਕੁਮਾਰਨਵੱਲੀ ਦੇ ਸਾਧਾਰਨ ਜਿਹੇ ਸਕੂਲ ਵਿਚ ਪੜ੍ਹੇ ਸਨ ਅਤੇ ਫਿਰ ਉਨ੍ਹਾਂ ਆਈਆਈਟੀ ਤੋਂ ਪੀਐੱਚਡੀ ਕੀਤੀ। ਉਹ ਆਪਣੇ ਪਰਿਵਾਰ ’ਚੋਂ ਪਹਿਲੇ ਗ੍ਰੈਜੁਏਟ ਹਨ; ਜਾਂ ਆਦਿਤਿਆ ਸੌਰ ਮਿਸ਼ਨ ਦੀ ਮੁਖੀ ਨਿਗ਼ਾਰ ਸ਼ਾਜੀ ਨੂੰ ਲੈ ਲਓ। ਉਹ ਸੇਂਗੋਤਾਈ ਕਸਬੇ ਜੋ ਲੁਹਾਰਾ ਕੰਮ ਲਈ ਜਾਣਿਆ ਜਾਂਦਾ ਹੈ, ਦੇ ਸਕੂਲ ’ਚੋਂ ਪੜ੍ਹੇ ਸਨ। ਇਸ ਤੋਂ ਬਾਅਦ ਉਹ ਤਿਰੂਨੇਲਵੇਲੀ ਇੰਜਨੀਅਰਿੰਗ ਕਾਲਜ ਵਿਚ ਦਾਖ਼ਲਾ ਲਿਆ ਸੀ।
ਇਸ ਪ੍ਰਸੰਗ ਵਿਚ ਯੂਰੋਪ ਦਾ ਰਿਕਾਰਡ ਕਾਫ਼ੀ ਸ਼ਾਨਾਮੱਤਾ ਹੈ। ਸਵੀਡਨ ਦੇ ਲੋਕ ਸੇਲਮਾ ਲੇਜਰਲਿਫ ਅਤੇ ਪਾਰ ਲੇਜਰਕਵਿਸਟ ਜਿਹੇ ਆਪਣੇ ਨੋਬੇਲ ਪੁਰਸਕਾਰ ਜੇਤੂਆਂ ਨੂੰ ਬਹੁਤ ਮਾਣ ਦਿੰਦੇ ਹਨ ਪਰ ਅਕਾਦਮਿਕ ਤੇ ਵਿਗਿਆਨਕ ਕਾਰਜਾਂ ਵਿਚ ਅੰਗਰੇਜ਼ੀ ਭਾਸ਼ਾ ਦਾ ਧੜੱਲੇ ਨਾਲ ਇਸਤੇਮਾਲ ਕਰਦੇ ਹਨ। ਗੁੰਨਾਰ ਮਿਰਡਲ ਨੇ ‘ਏਸ਼ੀਅਨ ਡਰਾਮਾ’ ਪਹਿਲਾਂ ਅੰਗਰੇਜ਼ੀ ਵਿਚ ਲਿਖਿਆ ਸੀ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਇਹ ਰਚਨਾ ਸਵੀਡਿਸ਼ ਨਾਲੋਂ ਅੰਗਰੇਜ਼ੀ ਵਿਚ ਜਿ਼ਆਦਾ ਪੜ੍ਹੀ ਜਾਵੇਗੀ। ਉਨ੍ਹਾਂ ਦੀ ਸੋਚ ਵਿਹਾਰਕ ਤੇ ਉਪਯੋਗੀ ਸੀ।
ਜਿੱਥੋਂ ਤੱਕ ਫਰਾਂਸੀਸੀਆਂ ਦਾ ਸਵਾਲ ਹੈ, ਹਾਲਾਂਕਿ ਉਹ ਅੰਗਰੇਜ਼ਾਂ ਦੀ ਹਰ ਸ਼ੈਅ ਦਾ ਤਿਰਸਕਾਰ ਕਰਦੇ ਹਨ ਜਿਸ ਦਾ ਇਜ਼ਹਾਰ ਉਨ੍ਹਾਂ ਦੇ ਇਕ ਫਿ਼ਕਰੇ ‘ਪਰਫਿਡੀ ਐਂਗਲੈਟਰੀ’ (ਘਨਿਾਉਣੀ ਅੰਗਰੇਜ਼ੀਅਤ) ਤੋਂ ਹੋ ਜਾਂਦਾ ਹੈ ਪਰ ਇਸ ਦੇ ਬਾਵਜੂਦ ਇਹ ਵਾਲਟੇਅਰ ਸੀ ਜਿਸ ਨੇ ਸਭ ਤੋਂ ਪਹਿਲਾਂ ‘ਜੂਲੀਅਸ ਸੀਜ਼ਰ’ ਅਤੇ ਫਿਰ ‘ਹੈਮਲਟ’ ਦਾ ਅਨੁਵਾਦ ਕੀਤਾ ਸੀ। ਇਹ ਵੀ ਜਿ਼ਕਰਯੋਗ ਹੈ ਕਿ ਸ਼ੇਕਸਪੀਅਰ ਨੇ ‘ਹੈਮਲਟ’ ਸਾਰਾ ਬਿਰਤਾਂਤ ਇਕ ਡੈਨਿਸ਼ ਲੇਖਕ ਦੀ ਰਚਨਾ ‘ਐਮਲੈਟ’ ਤੋਂ ਲਿਆ ਸੀ। ਪ੍ਰੇਰਨਾ ਦੀ ਹਵਾ ਦੋਵੇਂ ਪਾਸੀਂ ਵਗਦੀ ਹੈ।
ਬਾਅਦ ਵਿਚ ਵਿਕਟਰ ਹਿਊਗੋ ਦੇ ਪੁੱਤਰ ਫਰਾਂਕਵਾਂ ਨੇ ਸ਼ੇਕਸਪੀਅਰ ਦੀਆਂ ਲਗਭਗ ਸਾਰੀਆਂ ਰਚਨਾਵਾਂ ਦਾ ਅਨੁਵਾਦ ਕੀਤਾ ਸੀ ਅਤੇ ਫਰਾਂਸੀਸੀ ਕਲਾਕਾਰ ਯੂਜੀਨ ਡੇਲਾਕਰੋਏ ਨੇ ‘ਹੈਮਲਟ’ ਤੋਂ ਪ੍ਰਭਾਵਿਤ ਹੋ ਕੇ ਇਸ ਦੀਆਂ ਲਿਥੋਗ੍ਰਾ਼ਫ਼ ਲੜੀਆਂ ਤਿਆਰ ਕਰਵਾਈਆਂ ਸਨ। ਇਸ ਦੇ ਹੁੰਦਿਆਂ-ਸੁੰਦਿਆਂ ਫਰਾਂਸੀਸੀ ਕਿਸੇ ਬਿਗਾਨੇ ਲੇਖਕ ਨੂੰ ਵਾਲਟੇਅਰ, ਵਿਕਟਰ ਹਿਊਗੋ ਜਾਂ ਆਪਣੇ ਕਿਸੇ ਵੀ ਸਭਿਆਚਾਰਕ ਮਹਾਂ ਹਸਤੀ ਦੀ ਥਾਂ ਦੇਣ ਲਈ ਤਿਆਰ ਨਹੀਂ ਹੁੰਦੇ। ਦੂਜਿਆਂ ਪ੍ਰਤੀ ਉਨ੍ਹਾਂ ਦੀ ਸਲਾਹੁਤਾ ਪਹਿਲਾਂ ਆਪਣੇ ਫ੍ਰੈਂਚ ਹੋਣ ਕਰ ਕੇ ਹੁੰਦੀ ਹੈ। ਇਸ ਮਾਮਲੇ ਵਿਚ ਫਰਾਂਸੀਸੀ ਕੋਈ ਵਿਲੱਖਣ ਨਹੀਂ ਹਨ। ਹਾਲੈਂਡ, ਫਨਿਲੈਂਡ ਅਤੇ ਨਾਰਵੇ ਜਿਹੇ ਮੁਲਕਾਂ ਵਿਚ ਬਹੁਤੇ ਲੋਕ ਅੰਗਰੇਜ਼ੀ ਬੋਲਦੇ ਹਨ, ਫਿਰ ਵੀ ਉਹ ਆਪਣੇ ਸਭਿਆਚਾਰਕ ਵਿਰਸੇ ਨੂੰ ਬਹੁਤ ਸੰਭਾਲ ਕੇ ਰੱਖਦੇ ਹਨ। ਜਰਮਨੀ ਵਿਚ ਨਾ ਕੇਵਲ ਅੰਗਰੇਜ਼ੀ ਵੱਡੇ ਪੱਧਰ ’ਤੇ ਬੋਲੀ ਜਾਂਦੀ ਹੈ ਸਗੋਂ ਉਨ੍ਹਾਂ ਦਾ ਬਹੁਤਾ ਕਾਰੋਬਾਰ ਵੀ ਅੰਗਰੇਜ਼ੀ ਵਿਚ ਹੀ ਚਲਦਾ ਹੈ, ਫਿਰ ਵੀ ਉਹ ਗੋਇਟੇ, ਸ਼ੂਬਰਟ ਅਤੇ ਸ਼ਿਲਰ ਜਿਹੇ ਆਪਣੇ ਵਿਦਵਾਨਾਂ ਤੇ ਲੇਖਕਾਂ ਨੂੰ ਵਡਿਆਉਂਦੇ ਹਨ। ਵਿਹਾਰਕ ਤੌਰ ’ਤੇ ਨਾਰਵੇ ਦੇ ਬਹੁਤੇ ਲੋਕੀਂ ਅੰਗਰੇਜ਼ੀ ਬੋਲਦੇ ਹਨ ਪਰ ਫਿਰ ਵੀ ਉਨ੍ਹਾਂ ਦਾ ਸਭਿਆਚਾਰਕ ਨਾਇਕ ਹੈੱਨਰਿਕ ਇਬਸਨ ਹੈ।
ਇਹ ਉਨ੍ਹਾਂ ਭਾਰਤੀਆਂ ਵਾਂਗ ਹੀ ਹੈ ਜਨਿ੍ਹਾਂ ਲਈ ਅੰਗਰੇਜ਼ੀ ਉਨ੍ਹਾਂ ਦੀ ਦੂਜੀ ਜਾਂ ਤੀਜੀ ਭਾਸ਼ਾ ਹੈ ਪਰ ਉਹ ਸ਼ੇਕਸਪੀਅਰ ਦੇ ‘ਕਿੰਗ ਲੀਅਰ’ ਦੇ ਕਥਕਲੀ ਤਰਜਮੇ ਦਾ ਖੂਬ ਲੁਤਫ਼ ਲੈਂਦੇ ਹਨ ਪਰ ਉਨ੍ਹਾਂ ਲਈ ਨ੍ਰਿਤ ਦਾ ਰੂਪ ਅਵਲ ਥਾਂ ’ਤੇ ਆਉਂਦਾ ਹੈ। ਇਸੇ ਕਰ ਕੇ ਅੰਗਰੇਜ਼ੀ ਦਾ ਬਸਤੀਵਾਦੀ ਲਬਾਦਾ ਹਟਾਇਆ ਜਾਣਾ ਚਾਹੀਦਾ ਹੈ ਤੇ ਇਸ ਨੂੰ ਔਜ਼ਾਰ ਦੇ ਰੂਪ ਵਿਚ ਵਰਤਿਆ ਜਾਣਾ ਚਾਹੀਦਾ ਹੈ। ਅੰਗਰੇਜ਼ੀ ਨੂੰ ਬਸਤੀਵਾਦ ਦਾ ਪ੍ਰਤੀਕ ਕਹਿ ਕੇ ਰੱਦਣਾ ਆਪਣੇ ਪੈਰਾਂ ’ਤੇ ਕੁਹਾੜੀ ਮਾਰਨ ਦੇ ਸਮਾਨ ਹੈ। ਇਸ ਮਾਮਲੇ ਵਿਚ ਇਸਰੋ ਦੇ ਵਿਗਿਆਨੀ ਇਸ ਦੇ ਜਿਊਂਦੇ ਜਾਗਦੇ ਸਬਕ ਹਨ।
(ਇਹ ਲੇਖ ਮੂਲ ਰੂਪ ਵਿਚ ‘ਦਿ ਟਾਈਮਜ਼ ਆਫ ਇੰਡੀਆ’ ਵਿਚ 16 ਸਤੰਬਰ ਨੂੰ ਛਪਿਆ।)
*ਲੇਖਕ ਸਮਾਜ ਸ਼ਾਸਤਰੀ ਹਨ।

Advertisement

Advertisement
Author Image

Advertisement
Advertisement
×