ਪੀਏਯੂ ਵਿੱਚ ਇੰਜਨੀਅਰ ਦਿਵਸ ਮਨਾਇਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਸਤੰਬਰ
ਤਕਨੀਕੀ ਸਿੱਖਿਆ ਬਾਰੇ ਭਾਰਤੀ ਸੁਸਾਇਟੀ ਦੇ ਪੀ.ਏ.ਯੂ. ਵਿੱਚ ਸਥਾਪਤ ਚੈਪਟਰ ਵੱਲੋਂ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਇੰਜਨੀਅਰ ਦਿਵਸ ਮਨਾਇਆ ਗਿਆ। ਇਹ ਦਿਹਾੜਾ ਭਾਰਤ ਰਤਨ ਐੱਮ ਵਿਸ਼ਵੇਸਵਰਈਆ ਦੀ ਯਾਦ ਵਿੱਚ ਮਨਾਇਆ ਗਿਆ ਜੋ ਹਿੰਦੁਸਤਾਨ ਦੇ ਪਹਿਲੇ ਅਤੇ ਉੱਘੇ ਇੰਜਨੀਅਰ ਵਜੋਂ ਜਾਣੇ ਜਾਂਦੇ ਹਨ। ਸਮਾਗਮ ਵਿੱਚ ਆਈਸੀਏਆਰ (ਸਿਫਟ) ਦੇ ਨਿਰਦੇਸ਼ਕ ਡਾ. ਨਚਿਕੇਤ ਕੋਤਵਾਲੀ ਮੁੱਖ ਮਹਿਮਾਨ ਵਜੋਂ ਜਦਕਿ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਡਾ. ਸਹਿਜਪਾਲ ਸਿੰਘ ਨੇ ਭਾਰਤ ਦੇ ਭਵਿੱਖ ਦੀ ਨਿਰਮਾਣਕਾਰੀ ਦੇ ਸਬੰਧ ਵਿੱਚ ਇੰਜਨੀਅਰਾਂ ਦੀ ਭੂਮਿਕਾ ਬਾਰੇ ਗੱਲ ਕੀਤੀ। ਡੀਨ ਡਾ. ਮਨਜੀਤ ਸਿੰਘ ਨੇ ਖੇਤੀ ਖੇਤਰ ਵਿੱਚ ਸਥਿਰਤਾ ਲਈ ਇੰਜਨੀਅਰਾਂ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਦੀ ਗੱਲ ਕੀਤੀ। ਤਕਨੀਕੀ ਸਿੱਖਿਆ ਸਬੰਧੀ ਭਾਰਤੀ ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਚੇਅਰਮੈਨ ਡਾ. ਜੇ ਪੀ ਸਿੰਘ ਨੇ ਮੁੱਖ ਬੁਲਾਰਿਆਂ ਨਾਲ ਜਾਣ-ਪਛਾਣ ਕਰਵਾਈ। ਸਮਾਗਮ ਵਿੱਚ ਡਾ. ਸੁਨੀਲ ਗਰਗ, ਡਾ. ਸੰਜੇ ਸਤਪੁਤੇ, ਡਾ. ਸੌਰਵ ਰਤਰਾ, ਡਾ. ਰਿਤੇਸ਼ ਜੈਨ, ਡਾ. ਐੱਸ ਕੇ ਲੋਹਾਨ, ਡਾ. ਸੰਤੋਸ਼ ਅਤੇ ਡਾ. ਸੰਧਿਆ ਨੇ ਵਿਸ਼ੇਸ਼ ਯੋਗਦਾਨ ਪਾਇਆ। ਅਖੀਰ ਵਿੱਚ ਡਾ. ਮਨਪ੍ਰੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।