ਭਾਜਪਾ ਦੇ ਮਦਦਗਾਰ ਮਹਾਰਾਸ਼ਟਰ ਦੇ ਦੁਸ਼ਮਣ: ਊਧਵ ਠਾਕਰੇ
ਕੋਹਲਾਪੁਰ, 5 ਨਵੰਬਰ
ਸ਼ਿਵ ਸੈਨਾ (ਯੂਬੀਟੀ) ਪ੍ਰਧਾਨ ਊਧਵ ਠਾਕਰੇ ਨੇ ਚੋਣ ਪ੍ਰਚਾਰ ਵਿੱਢਦਿਆਂ ਅਤੇ 2022 ਵਿੱਚ ਪਾਰਟੀ ’ਚ ਹੋਈ ਵੰਡ ਦਾ ਜ਼ਿਕਰ ਕਰਦਿਆਂ 20 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਨੂੰ ਮਹਾਰਾਸ਼ਟਰ ਨੂੰ ਪਿਆਰ ਕਰਨ ਵਾਲਿਆਂ ਅਤੇ ਇਸ (ਸੂਬੇ) ਨੂੰ ਧੋਖਾ ਦੇਣ ਵਾਲਿਆਂ ਵਿਚਾਲੇ ਲੜਾਈ ਕਰਾਰ ਦਿੱਤਾ ਹੈ। ਠਾਕਰੇ ਨੇ ਆਪਣੀ ਸਾਬਕਾ ਸਹਿਯੋਗੀ ਭਾਜਪਾ ਤੇ ਉਸ ਦੇ ਭਾਈਵਾਲਾਂ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਜਿਹੜੇ ਲੋਕ ਕੌਮੀ ਪਾਰਟੀ ਦੀ ਮਦਦ ਕਰ ਰਹੇ ਹਨ, ਉਹ ਮਹਾਰਾਸ਼ਟਰ ਦੇ ‘ਦੁਸ਼ਮਣ’ ਹਨ। ਇਸ ਮੌਕੇ ਉਨ੍ਹਾਂ ਨੇ ਵੋਟਰਾਂ ਨਾਲ ਕਈ ਵਾਅਦੇ ਵੀ ਕੀਤੇ ਜਿਨ੍ਹਾਂ ’ਚ ਮਹਾ ਵਿਕਾਸ ਅਘਾੜੀ (ਐੱਮਵੀਏ) ਗੱਠਜੋੜ ਦੇ ਸੱਤਾ ’ਚ ਆਉਣ ’ਤੇ ਹਰ ਜ਼ਿਲ੍ਹੇ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਮੰਦਰ ਬਣਾਉਣਾ ਵੀ ਸ਼ਾਮਲ ਹੈ।
ਅਸੈਂਬਲੀ ਚੋਣਾਂ ਲਈ ਕੋਹਲਾਪੁਰ ਜ਼ਿਲ੍ਹੇ ਦੇ ਰਾਧਾਨਗਰੀ ਹਲਕੇ ਵਿੱਚ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਹਾਰਾਸ਼ਟਰ ਨੂੰ ਪਿਆਰ ਕਰਦੇ ਹਨ ਉਹ ਵਿਰੋਧੀ ਐੱਮਵੀਏ ਨਾਲ ਜੁੜੇ ਹਨ, ਜਿਸ ਵਿੱਚ ਸ਼ਿਵ ਸੈਨਾ (ਯੂਬੀਟੀ), ਕਾਂਗਰਸ ਅਤੇ ਐੱਨਸੀਪੀ (ਐੱਸਪੀ) ਸ਼ਾਮਲ ਹਨ। ਰਾਧਾਨਗਰੀ ਪ੍ਰਕਾਸ਼ ਅਬਿਤਕਰ ਜੋ ਕਿ ਊਧਵ ਦੀ ਲੀਡਰਸ਼ਪ ਖ਼ਿਲਾਫ਼ ਬਗ਼ਾਵਤ ਕਰਨ ਵਾਲੇ 40 ਵਿਧਾਇਕਾਂ ’ਚ ਸ਼ਾਮਲ ਸੀ, ਦਾ ਚੋਣ ਹਲਕਾ ਹੈ। ਊਧਵ ਨੇ ਕਿਹਾ ਕਿ ਜੋ (ਵਿਅਕਤੀ) ਸੱਤਾਧਾਰੀ ਮਹਾਯੁਤੀ ਗੱਠਜੋੜ ਵਿੱਚ ਸ਼ਾਮਲ ਭਾਜਪਾ ਦੀ ਮਦਦ ਕਰ ਰਹੇ ਹਨ, ਉਹ ਮਹਾਰਾਸ਼ਟਰ ਦੇ ‘ਦੁਸ਼ਮਣ’ ਹਨ। ਸਾਬਕਾ ਮੁੱਖ ਮੰਤਰੀ ਨੇ ਭਾਜਪਾ ’ਤੇ ਮਹਾਰਾਸ਼ਟਰ ਨੂੰ ਗੁਜਰਾਤ (ਜਿਥੇ ਭਗਵਾ ਪਾਰਟੀ ਸੱਤਾ ’ਚ ਹੈ) ਕੋਲ ਵੇਚਣ ਦੋਸ਼ ਵੀ ਲਾਇਆ। -ਪੀਟੀਆਈ