ਦੁੱਲਦੀ ਵਾਸੀਆਂ ਤੇ ਪ੍ਰਸ਼ਾਸਨ ਵਿਚਾਲੇ ਰੇੜਕਾ ਖ਼ਤਮ
ਨਿੱਜੀ ਪੱਤਰ ਪ੍ਰੇਰਕ
ਨਾਭਾ, 25 ਜੁਲਾਈ
ਸੀਵਰੇਜ ਦਾ ਪਾਣੀ ਪਿੰਡ ਦੁੱਲਦੀ ਦੇ ਛੱਪੜ ਵਿੱਚ ਪਾਉਣ ਕਾਰਨ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਵਿਚਾਲੇ ਪੈਦਾ ਹੋਇਆ ਵਿਵਾਦ ਅੱਜ ਸਮਾਪਤ ਹੋ ਗਿਆ। ਜਾਣਕਾਰੀ ਅਨੁਸਾਰ ਸੀਵਰੇਜ ਬੋਰਡ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਦੁਲੱਦੀ ਵਿੱਚ ਜਾ ਕੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਜ਼ਿਕਰਯੋਗ ਹੈ ਕਿ ਨੂੰ ਨਾਭਾ ਸੀਵਰੇਜ ਟਰੀਟਮੈਂਟ ਪਲਾਂਟ ਦਾ ਪਾਣੀ ਪਿੰਡ ਦੇ ਟੋਭੇ ’ਚ ਪਾਏ ਜਾਣ ਕਾਰਨ ਲੋਕਾਂ ਵਿੱਚ ਡਰ ਸੀ ਕਿ ਇਸ ਨਾਲ ਉਨ੍ਹਾਂ ਦੀ ਸਮੱਸਿਆਵਾਂ ਵਿੱਚ ਇਜ਼ਾਫਾ ਹੋਵੇਗਾ। ਪਿੰਡ ਵਾਸੀਆਂ ਨੂੰ ਖਦਸ਼ਾ ਸੀ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਜ਼ਿਆਦਾਤਰ ਐਸਟੀਪੀ ਸਹੀ ਕੰਮ ਨਹੀਂ ਕਰਦੇ ਤੇ ਉਨ੍ਹਾਂ ਵਿਚੋਂ ਗੰਦਾ ਪਾਣੀ ਹੀ ਚੱਲਦਾ ਹੈ।
ਅੱਜ ਸੀਵਰੇਜ ਬੋਰਡ ਦੇ ਐਕਸੀਅਨ ਵਿਕਾਸ ਧਵਨ ਨੇ ਲੋਕਾਂ ਨੂੰ ਦੱਸਿਆ ਕਿਸ ਤਰ੍ਹਾਂ ਪਿੰਡ ਵਾਸੀ ਮਹਿਕਮੇ ਨੂੰ ਪੰਜ ਲੱਖ ਰੁਪਏ ਦਾ ਜੁਰਮਾਨਾ ਕਰਵਾ ਸਕਦੇ ਹਨ ਜੇਕਰ ਐਸਟੀਪੀ ਆਪਣੇ ਮੰਤਵ ਪੂਰੇ ਨਾ ਕਰ ਰਿਹਾ ਹੋਵੇ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਿੱਚ ਇਹ ਪਾਣੀ ਆਰਜ਼ੀ ਤੌਰ ’ਤੇ ਪਾਇਆ ਜਾਵੇਗਾ ਕਿਉਂਕਿ ਇਸ ਨੂੰ ਅੱਗੇ ਸਰਹਿੰਦ ਚੋਅ ਤੱਕ ਲਿਜਾਣ ਲਈ 11.29 ਕਰੋੜ ਪਾਸ ਹੋ ਗਏ ਹਨ। ਇਸ ਦੌਰਾਨ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਲਿਖਤੀ ਭਰੋਸਾ ਦਿੱਤਾ ਕਿ ਇੱਕ ਸਾਲ ਵਿੱਚ ਇਹ ਪਾਣੀ ਅੱਗੇ ਲਿਜਾਇਆ ਜਾਵੇਗਾ। ਇਸ ਤੋਂ ਇਲਾਵਾ ਪਹਿਲਾਂ ਤੋਂ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਲਈ ਪਿੰਡ ਵਿੱਚ ਥਾਪਰ ਮਾਡਲ ਅਨੁਸਾਰ ਟੋਭੇ ਦਾ ਨਵੀਂਨੀਕਰਨ ਕਰਕੇ ਸਾਫ ਪਾਣੀ ਟੋਭੇ ਵਿੱਚ ਜਾਵੇਗਾ। ਪ੍ਰਸ਼ਾਸਨ ਨੇ ਲਿਖਤੀ ਭਰੋਸਾ ਦਿੱਤਾ ਕਿ ਇਹ ਪ੍ਰਾਜੈਕਟ ਵੀ ਐਸਟੀਪੀ ਦਾ ਪਾਣੀ ਛੱਡੇ ਜਾਣ ਤੋਂ ਪਹਿਲਾਂ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਦੌਰਾਨ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਰਹੇ। ਸਾਬਕਾ ਸਰਪੰਚ ਗੁਰਚਰਨ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਪ ਜੇਕਰ ਇਹ ਵਾਅਦੇ ਪੂਰੇ ਨਾ ਹੋਏ ਤਾਂ ਪਿੰਡ ਵਾਸੀ ਐੱਸਟੀਪੀ ਦਾ ਪਾਣੀ ਬੰਦ ਕਰਨ ਲਈ ਮਜਬੂਰ ਹੋਣਗੇ।