ਯੁੱਗ ਦਾ ਅੰਤ: ਰਤਨ ਟਾਟਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਮੁੰਬਈ, 10 ਅਕਤੂਬਰ
ਉੱਘੇ ਉਦਯੋਗਪਤੀ, ਸਮਾਜ ਸੇਵੀ ਤੇ ਟਾਟਾ ਸਮੂਹ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦਾ ਅੱਜ ਇਥੇ ਕੇਂਦਰੀ ਮੁੰਬਈ ਦੇ ਸ਼ਮਸ਼ਾਨਘਾਟ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਮੁੰਬਈ ਪੁਲੀਸ ਨੇ ਰਸਮੀ ਗਾਰਡ ਆਫ ਆਨਰ ਨਾਲ ਟਾਟਾ ਨੂੰ ਸ਼ਰਧਾਂਜਲੀ ਭੇਟ ਕੀਤੀ। ਵਰਲੀ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਰਸਮਾਂ ਮੌਕੇ ਰਤਨ ਟਾਟਾ ਦੇ ਮਤਰੇਏ ਭਰਾ ਨੋਇਲ ਟਾਟਾ ਸਣੇ ਟਾਟਾ ਪਰਿਵਾਰ ਦੇ ਹੋਰ ਮੈਂਬਰ, ਟਾਟਾ ਗਰੁੱਪ ਦੇ ਚੇਅਰਮੈਨ ਐੱਨ.ਚੰਦਰਸ਼ੇਖਰਨ ਤੇ ਸਿਖਰਲੇ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਉਨ੍ਹਾਂ ਦੇ ਕੈਬਨਿਟ ਕੁਲੀਗ ਪਿਊਸ਼ ਗੋਇਲ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਹਾਜ਼ਰ ਸਨ। ਅੰਤਿਮ ਰਸਮਾਂ ਪਾਰਸੀ ਰਵਾਇਤਾਂ ਮੁਤਾਬਕ ਪੂਰੀਆਂ ਕੀਤੀਆਂ ਗਈਆਂ। ਬਾਕੀ ਰਸਮਾਂ ਅਗਲੇ ਤਿੰਨ ਦਿਨਾਂ ਵਿਚ ਟਾਟਾ ਦੇ ਦੱਖਣੀ ਮੁੰਬਈ ’ਚ ਕੋਲਾਬਾ ਵਿਚਲੇ ਬੰਗਲੇ ’ਚ ਹੋਣਗੀਆਂ। ਮਹਾਰਾਸ਼ਟਰ ਸਰਕਾਰ ਵੱਲੋਂ ਐਲਾਨੇ ਇਕ ਦਿਨ ਦੇ ਰਾਜਸੀ ਸੋਗ ਕਰਕੇ ਰਾਜ ਦੇ ਸਰਕਾਰੀ ਦਫ਼ਤਰਾਂ ਵਿਚ ਤਿਰੰਗੇ ਝੰਡੇ ਅੱਧੇ ਝੁਕੇ ਰਹੇ। ਰਤਨ ਟਾਟਾ ਦਾ ਬੁੱਧਵਾਰ ਦੇਰ ਰਾਤ ਬ੍ਰੀਚ ਕੈਂਡ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ, ਜਿੱਥੇ ਉਹ ਪਿਛਲੇ ਕੁਝ ਦਿਨਾਂ ਤੋਂ ਦਾਖ਼ਲ ਸਨ।
ਇਸ ਤੋ ਪਹਿਲਾਂ ਸਿਆਸਤਦਾਨਾਂ ਤੇ ਕਾਰਪੋਰੇਟ ਜਗਤ ਦੇ ਆਗੂਆਂ ਸਣੇ ਵੱਖ ਵੱਖੇ ਖੇਤਰਾਂ ਨਾਲ ਸਬੰਧਤ ਹਜ਼ਾਰਾਂ ਲੋਕਾਂ ਨੇ ਦੱਖਣੀ ਮੁੰਬਈ ਦੇ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ(ਐੱਨਸੀਪੀਏ) ਵਿਚ ਰਤਨ ਟਾਟਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਟਾਟਾ ਦੀ ਮ੍ਰਿਤਕ ਦੇਹ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਐੱਨਸੀਪੀਏ ਵਿਚ ਸਵੇਰੇ ਸਾਢੇ ਦਸ ਤੋਂ ਸ਼ਾਮੀਂ 4 ਵਜੇ ਤੱਕ ਰੱਖੀ ਗਈ। ਮਗਰੋਂ ਟਾਟਾ ਦੀ ਮ੍ਰਿਤਕ ਦੇਹ ਨੂੰ ਗੱਡੀਆਂ ਦੇ ਕਾਫ਼ਲੇ ਦੇ ਰੂਪ ਵਿਚ ਵਰਲੀ ਸਥਿਤ ਸ਼ਮਸ਼ਾਨਘਾਟ ਲਿਜਾਇਆ ਗਿਆ। ਉੱਘੇ ਸਨਅਤਕਾਰ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਐੱਨਸੀਪੀ (ਐੱਸਪੀ) ਸ਼ਰਦ ਪਵਾਰ, ਉਨ੍ਹਾਂ ਦੀ ਧੀ ਸੁਪ੍ਰਿਆ ਸੂਲੇ, ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ, ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ, ਦੀਪਕ ਪਾਰੇਖ, ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ, ਮੁੰਬਈ ਦੇ ਪੁਲੀਸ ਕਮਿਸ਼ਨਰ ਵਿਵੇਕ ਫਨਸਾਲਕਰ ਸ਼ਾਮਲ ਸਨ। ਬੁੁੱਧਵਾਰ ਦੇਰ ਰਾਤ ਟਾਟਾ ਦੇ ਦੇਹਾਂਤ ਦਾ ਪਤਾ ਲੱਗਦਿਆਂ ਹੀ ਮੁੱਖ ਮੰਤਰੀ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਸਿੱਖਿਆ ਮੰਤਰੀ ਦੀਪਕ ਕੇਸਾਰਕਰ ਤੇ ਸਨਅਤਕਾਰ ਮੁਕੇਸ਼ ਅੰਬਾਨੀ ਹਸਪਤਾਲ ਪੁੱਜ ਗਏ ਸਨ। ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਾਟਾ ਦੇ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਤਨ ਟਾਟਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਭਾਰਤੀ ਸਨਅਤ ਦੇ ਮਹਾਰਥੀ ਸਨ, ਜੋ ਸੱਤਾਧਾਰੀਆਂ ਅੱਗੇ ਸੱਚ ਬੋਲਣ ਦੀ ਦਲੇਰੀ ਰੱਖਦੇ ਸਨ। -ਪੀਟੀਆਈ
ਭਗਵੰਤ ਮਾਨ ਤੇ ਨਾਇਬ ਸੈਣੀ ਵੱਲੋਂ ਦੁੱਖ ਦਾ ਇਜ਼ਹਾਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਹਮਰੁਤਬਾ ਨਾਇਬ ਸਿੰਘ ਸੈਣੀ ਨੇ ਰਤਨ ਟਾਟਾ ਦੇ ਅਕਾਲ ਚਲਾਣੇ ’ਤੇ ਸੰਵੇਦਨਾ ਜ਼ਾਹਿਰ ਕੀਤੀ ਹੈ। ਉਨ੍ਹਾਂ ਭਾਰਤ ਨੂੰ ਵਿਕਾਸ ਤੇ ਤਰੱਕੀ ਦੇ ਰਾਹ ਪਾਉਣ ਲਈ ਟਾਟਾ ਵੱੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਮਾਨ ਨੇ ਕਿਹਾ ਕਿ ਟਾਟਾ ਦੇ ਦੇਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ। ਉਨ੍ਹਾਂ ਕਿਹਾ ਕਿ ਉੱਘੇ ਸਨਅਤਕਾਰ, ਜਿਨ੍ਹਾਂ ਆਧੁਨਿਕ ਭਾਰਤ ਵਿਚ ਸਨਅਤੀ ਵਿਕਾਸ ਨੂੰ ਆਕਾਰ ਦੇਣ ਵਿਚ ਅਹਿਮ ਭੂਮਿਕਾ ਨਿਭਾਈ, ਦੇ ਚਲਾਣੇ ਨਾਲ ਪੂਰਾ ਦੇਸ਼ ਸਦਮੇ ਵਿਚ ਹੈ। ਸੈਣੀ ਨੇ ਕਿਹਾ, ‘ਦੇਸ਼ ਤੇ ਦੁਨੀਆ ਦੇ ਉੱਘੇ ਸਨਅਤਕਾਰ, ਮਹਾਨ ਦੇਸ਼ਭਗਤ ਤੇ ਪਦਮ ਵਿਭੂਸ਼ਣ ਐਵਾਰਡੀ ਰਤਨ ਟਾਟਾ ਦੇ ਦੇਹਾਂਤ ਦੀ ਖ਼ਬਰ ਬੇਹੱਦ ਦੁਖਦਾਈ ਹੈ। ਭਾਰਤ ਨੂੰ ਤਰੱਕੀ ਦੇ ਰਾਹ ਪਾਉਣ ਲਈ ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਪਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਬਖ਼ਸ਼ੇ। ਓਮ ਸ਼ਾਂਤੀ।’’ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ, ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਵੀ ਟਾਟਾ ਦੇ ਦੇਹਾਂਤ ’ਤੇ ਦੁੱਖ ਜਤਾਇਆ ਹੈ। -ਪੀਟੀਆਈ
ਮਹਾਰਾਸ਼ਟਰ ਕੈਬਨਿਟ ਵੱੱਲੋਂ ਰਤਨ ਟਾਟਾ ਨੂੰ ‘ਭਾਰਤ ਰਤਨ’ ਦੇਣ ਦੀ ਮੰਗ
ਮੁੰਬਈ: ਮਹਾਰਾਸ਼ਟਰ ਕੈਬਨਿਟ ਨੇ ਅੱਜ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਹਾਨ ਉਦਯੋਗਪਤੀ ਮਰਹੂਮ ਰਤਨ ਟਾਟਾ ਨੂੰ ਦੇਸ਼ ਦਾ ਸਿਖਰਲਾ ਨਾਗਰਿਕ ਸਨਮਾਨ ‘ਭਾਰਤ ਰਤਨ’ ਦਿੱਤਾ ਜਾਵੇ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਹੋਈ ਕੈਬਨਿਟ ਦੀ ਬੈਠਕ ਦੌਰਾਨ ਉੱਘੇ ਸਨਅਤਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਟਾਟਾ ਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ।
ਜਦੋਂ ਰਤਨ ਟਾਟਾ ਨੂੰ ‘ਵੈਲਕਮ’ ਦਾ ਐੱਸਐੱਮਐੱਸ ਭੇਜ ਕੇ ਨੈਨੋ ਗੁਜਰਾਤ ਲਿਆਏ ਸਨ ਮੋਦੀ
ਨਵੀਂ ਦਿੱਲੀ: ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਰਤਨ ਟਾਟਾ ਨੂੰ ਇਕ ਸ਼ਬਦ ਦਾ ਐੱਸਐੱਮਐੱਸ ਵੈਲਕਮ (ਸਵਾਗਤ ਹੈ) ਭੇਜਿਆ ਸੀ ਜਿਸ ਮਗਰੋਂ 2008 ’ਚ ਟਾਟਾ ਨੈਨੋ ਪ੍ਰਾਜੈਕਟ ਪੱਛਮੀ ਬੰਗਾਲ ਤੋਂ ਗੁਜਰਾਤ ਤਬਦੀਲ ਹੋ ਗਿਆ ਸੀ। ਇਸ ਨਾਲ ਦੁਨੀਆ ਦੀ ਸਭ ਤੋਂ ਸਸਤੀ ਕਾਰ ਦੱਸੀ ਜਾਂਦੀ ਨੈਨੋ ਦੇ ਇਤਿਹਾਸ ’ਚ ਇਕ ਅਧਿਆਏ ਖ਼ਤਮ ਹੋ ਗਿਆ ਸੀ ਅਤੇ ਦੂਜਾ ਸ਼ੁਰੂ ਹੋ ਗਿਆ ਸੀ। ਪੱਛਮੀ ਬੰਗਾਲ ’ਚ 2006 ’ਚ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਿਆ ਦੀ ਅਗਵਾਈ ਹੇਠਲੀ ਖੱਬੇ ਮੋਰਚੇ ਦੀ ਸਰਕਾਰ ਵੱਲੋਂ ਟਾਟਾ ਗਰੁੱਪ ਵਾਸਤੇ ਸਿੰਗੂਰ ’ਚ ਨੈਨੋ ਕਾਰ ਪ੍ਰੋਡਕਸ਼ਨ ਯੂਨਿਟ ਲਗਾਉਣ ਲਈ ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਮੁਖੀ ਮਮਤਾ ਬੈਨਰਜੀ ਦੀ ਅਗਵਾਈ ਹੇਠ ਤਿੱਖੇ ਪ੍ਰਦਰਸ਼ਨ ਕੀਤੇ ਗਏ ਸਨ। ਮੋਦੀ ਨੇ ਟਾਟਾ ਨੂੰ ਇਹ ਐੱਸਐੱਮਐੱਸ ਉਸ ਸਮੇਂ ਭੇਜਿਆ ਸੀ ਜਦੋਂ ਉਹ ਕੋਲਕਾਤਾ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੱਛਮੀ ਬੰਗਾਲ ’ਚੋਂ ਟਾਟਾ ਨੈਨੋ ਪ੍ਰਾਜੈਕਟ ਬਾਹਰ ਲਿਜਾਣ ਦਾ ਐਲਾਨ ਕਰ ਰਹੇ ਸਨ। -ਪੀਟੀਆਈ