ਗੋਲਡਨ ਫੋਰੈਸਟ ਕੰਪਨੀ ਦੀ ਜ਼ਮੀਨ ਤੋਂ ਛੁਡਾਏ ਜਾਣਗੇ ਕਬਜ਼ੇ
ਸਰਬਜੀਤ ਸਿੰਘ ਭੱਟੀ
ਲਾਲੜੂ, 24 ਨਵੰਬਰ
ਇਲਾਕੇ ਅੰਦਰ ਵੱਖ-ਵੱਖ ਪਿੰਡਾਂ ਦੇ ਰਕਬੇ ਵਿੱਚ ਪੈਂਦੀ ਗੋਲਡਨ ਫੋਰੈਸਟ ਕੰਪਨੀ ਦੀਆਂ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ੇ ਛੁਡਾਉਣ ਲਈ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ।
ਹਲਕੇ ਦੇ ਕਰੀਬ ਇਕ ਦਰਜਨ ਪਿੰਡਾਂ ਵਿੱਚ ਵਿੱਚ ਪੈਂਦੀ ਕੰਪਨੀ ਦੀ ਕਰੀਬ 1800 ਏਕੜ ਵਿਵਾਦਤ ਜ਼ਮੀਨ ਤੋਂ ਕਬਜ਼ੇ ਹਟਾਉਣ ਲਈ ਐੱਸਡੀਐੱਮ ਵੱਲੋਂ ਸਬੰਧਤ ਤਹਿਸੀਲਦਾਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਲਾਲੜੂ, ਹੰਡੇਸਰਾ ਅਤੇ ਜ਼ੀਰਕਪੁਰ ਖੇਤਰ ’ਚ ਵੱਧ ਰਕਬਾ ਪੈਂਦਾ ਹੈ। ਐੱਸਡੀਐੱਮ ਡੇਰਾਬਸੀ ਅਮਿਤ ਗੁਪਤਾ ਨੇ ਕਿਹਾ ਕਿ ਹਲਕੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸ਼ੀਲਦਾਰ, ਉਪ ਮੰਡਲ ਦੀ ਹਦੂਦ ਅੰਦਰ ਮੌਜੂਦ ਗੋਲਡਨ ਫੋਰੈਸਟ ਕੰਪਨੀ ਦੀ ਜ਼ਮੀਨ ਦਾ ਤੁਰੰਤ ਸਰਵੇਖਣ ਕਰਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਜ਼ਮੀਨ ਬਾਬਤ ਆਪੋ-ਆਪਣੇ ਅਧਿਕਾਰ ਖ਼ੇਤਰ ਵਿੱਚ ਬਿਨਾਂ ਕਿਸੇ ਦੇਰੀ ਅਤੇ ਅਣਗਹਿਲੀ ਤੋਂ ਸਰਵੇਖਣ ਮੁਕੰਮਲ ਕਰਵਾਇਆ ਜਾਵੇ। ਜੇ ਜ਼ਮੀਨ ‘ਤੇ ਕੋਈ ਕਬਜ਼ਾ ਪਾਇਆ ਜਾਂਦਾ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਸੁਪਰੀਮ ਕੋਰਟ ਵੱਲੋਂ ਤਾਇਨਾਤ ਕੀਤੇ ਕਮੇਟੀ ਮੈਂਬਰਾਂ ਨਾਲ ਤਾਲਮੇਲ ਕਰ ਕੇ ਕਬਜ਼ੇ ਛੁਡਵਾਏ ਜਾਣ। ਇਸ ਕੰਮ ’ਚ ਹਲਕਾ ਪਟਵਾਰੀਆਂ ਦੀ ਵੀ ਡਿਊਟੀ ਲਗਾਈ ਜਾਵੇ ਕਿ ਉਹ ਜ਼ਮੀਨ ਬਾਬਤ ਹਰ ਹਫ਼ਤੇ ਰਿਪੋਰਟ ਤਿਆਰ ਕਰ ਕੇ ਸਬੰਧਤ ਹਲਕਾ ਮਾਲ ਅਫ਼ਸਰ ਨੂੰ ਭੇਜਣ।