ਬੌਲੀਵੁਡ ਹਸਤੀਆਂ ਵੱਲੋਂ ਕੌਮੀ ਖੇਡ ਦਿਵਸ ’ਤੇ ਖ਼ਿਡਾਰੀਆਂ ਦੀ ਹੌਸਲਾ-ਅਫਜ਼ਾਈ
ਮੁੰਬਈ:
ਕੌਮੀ ਖੇਡ ਦਿਵਸ ਮੌਕੇ ਅੱਜ 29 ਅਗਸਤ ਨੂੰ ਬੌਲੀਵੁਡ ਅਦਾਕਾਰਾਂ ਸ਼ਿਲਪਾ ਸ਼ੈੱਟੀ, ਜੈਕੀ ਸ਼ਰੌਫ ਅਤੇ ਕੁਝ ਹੋਰ ਉੱਘੀਆਂ ਹਸਤੀਆਂ ਨੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਹੌਸਲਾ ਅਫਜ਼ਾਈ ਕੀਤੀ ਹੈ। ਇਨ੍ਹਾਂ ਅਦਾਕਾਰਾਂ ਨੇ ਸੋਸ਼ਲ ਮੀਡੀਆ ਜ਼ਰੀਏ ਉਨ੍ਹਾਂ ਲਈ ਵਿਸ਼ੇਸ਼ ਸੰਦੇਸ਼ ਭੇਜੇ ਹਨ। ਸ਼ਿਲਪਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਫੋਟੋ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਹੈ, ‘ਕੌਮੀ ਖੇਡ ਦਿਵਸ ਦੀਆਂ ਮੁਬਾਰਕਾਂ। ਖੇਡਾਂ ਸਿਰਫ ਜਿੱਤਣ ਲਈ ਨਹੀਂ ਹਨ; ਇਹ ਸਾਡੇ ਸਰੀਰ, ਸਾਡੇ ਦਿਮਾਗ ਅਤੇ ਸਾਡੀ ਭਾਵਨਾ ਨੂੰ ਮਾਨਣ ਲਈ ਹਨ। ਇਸ ਖੇਡ ਦਿਵਸ ’ਤੇ ਆਓ ਸਭ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਣ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੀਏ।’ ਇਸ ਤੋਂ ਇਲਾਵਾ ਜੈਕੀ ਸ਼ਰਾਫ ਨੇ ਪੈਰਿਸ ਓਲੰਪਿਕਸ 2024 ਵਿੱਚ ਭਾਰਤੀ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੀਆਂ ਤਸਵੀਰਾਂ ਨਾਲ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ, ‘ਭਾਰਤੀ ਅਥਲੀਟਾਂ ਦਾ ਓਲੰਪਿਕ ਵਿੱਚ ਸਨਮਾਨ। ਭਾਰਤ ਨੇ ਪੈਰਿਸ ਓਲੰਪਿਕ ਵਿੱਚ ਪੰਜ ਕਾਂਸੀ ਅਤੇ ਇੱਕ ਚਾਂਦੀ ਸਮੇਤ ਛੇ ਤਗ਼ਮੇ ਜਿੱਤ ਕੇ ਆਪਣੀ ਮੁਹਿੰਮ ਮੁਕੰਮਲ ਕੀਤੀ।’ ਜੈਕੀ ਸ਼ਰਾਫ ਨੇ ਹੋਰਾਂ ਭਾਰਤੀ ਖਿਡਾਰੀਆਂ ਦੀਆਂ ਪ੍ਰਾਪਤੀਆਂ ਵੀ ਸਾਂਝੀਆਂ ਕੀਤੀਆਂ ਹਨ। ਰਕੁਲ ਪ੍ਰੀਤ ਸਿੰਘ ਨੇ ਕੌਮੀ ਖੇਡ ਦਿਵਸ ਲਈ ਇੱਕ ਵਿਸ਼ੇਸ਼ ਵੀਡੀਓ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਹੈ। -ਏਐੱਨਆਈ