ਬੱਚਿਆਂ ਨੂੰ ਮੋਬਾਈਲ ਤੋਂ ਦੂਰ ਤੇ ਬਜ਼ੁਰਗਾਂ ਦੇ ਨੇੜੇ ਰਹਿਣ ਲਈ ਪ੍ਰੇਰਿਆ
ਪੱਤਰ ਪ੍ਰੇਰਕ
ਸੰਗਤ ਮੰਡੀ, 7 ਸਤੰਬਰ
ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਵਿੱਚ ਦਾਦਾ-ਦਾਦੀ, ਨਾਨਾ-ਨਾਨੀ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਪਹੁੰਚੇ ਹੋਏ ਬੱਚਿਆਂ ਦੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦਾ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਦਾਦਾ-ਦਾਦੀ ਦਿਵਸ ਨਾਲ ਸਬੰਧਤ ਗੀਤ, ਕਵਿਤਾਵਾਂ ਅਤੇ ਗਰੁੱਪ ਡਾਂਸ ਅਤੇ ਹੋਰ ਪੇਸ਼ਕਾਰੀਆਂ ਸ਼ਾਮਲ ਸਨ। ਇਸ ਮੌਕੇ ਬੱਚਿਆਂ ਦੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਕੋਲੋਂ ਕਰਵਾਈਆਂ ਗਈਆਂ ਮਨੋਰੰਜਕ ਖੇਡਾਂ ਖਿੱਚ ਦਾ ਕੇਂਦਰ ਰਹੀਆਂ ਜਿਨ੍ਹਾਂ ਵਿੱਚ ‘ਕੱਪ ਪਿਰਾਮਿਡ’, ‘ਨਿਊਜ਼ ਪੇਪਰ ਗੇਮ’ ਅਤੇ ‘ਥਰੋ ਐਂਡ ਕੈਚ ਦਿ ਬਾਲ’ ਸ਼ਾਮਲ ਹਨ। ਸਕੂਲ ਦੇ ਚੇਅਰਮੈਨ ਜੀਐੱਸ ਢਿੱਲੋਂ, ਡਾਇਰੈਕਟਰ ਵਰਿੰਦਰ ਕੌਰ ਅਤੇ ਪ੍ਰਿੰਸੀਪਲ ਸਰਬਜੀਤ ਕੌਰ ਨੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਨੂੰ ‘ਜੀ ਆਇਆਂ’ ਆਖਿਆ। ਉਨ੍ਹਾਂ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਇਹ ਬਜ਼ੁਰਗ ਬਹੁਤ ਕੀਮਤੀ ਸਰਮਾਇਆ ਹਨ ਜਿਨ੍ਹਾਂ ਦੀ ਕਦਰ ਅਤੇ ਸੰਭਾਲ ਕਰਨਾ ਸਾਡਾ ਮੁਢਲਾ ਫਰਜ਼ ਹੈ। ਉਨ੍ਹਾਂ ਨੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਅਤੇ ਦਾਦੀ-ਦਾਦੀ, ਨਾਨਾ-ਨਾਨੀ ਦੇ ਕੋਲ ਰਹਿ ਕੇ ਉਨ੍ਹਾਂ ਦਾ ਕਹਿਣਾ ਮੰਨਣ ਅਤੇ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ।