ਮੁਲਾਜ਼ਮਾਂ ਵੱਲੋਂ ਸੈਕਟਰ-36 ਵਿੱਚ ਰੈਲੀ
ਕੁਲਦੀਪ ਸਿੰਘ
ਚੰਡੀਗੜ੍ਹ, 24 ਜੁਲਾਈ
ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਕਥਿਤ ਨੀਤੀ ਵਿਰੁੱਧ ਘੜੇ ਭੰਨ ਮੁਜ਼ਾਹਰੇ ਦੇ ਅੱਜ ਪੰਜਵੇਂ ਦਨਿ ਇੱਥੇ ਸੈਕਟਰ-36 ਵਿਖੇ ਮੁਲਾਜ਼ਮਾਂ ਨੇ ਸਾਂਝੀ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਦਾ ਕੇਂਦਰੀ ਤਨਖਾਹ ਸਕੇਲਾਂ ਦਾ ਪੱਤਰ ਸਾੜਿਆ ਅਤੇ ਸਰਕਾਰ ਦੀਆਂ ਮੁਲਾਜ਼ਮਾਂ ਵਿਰੁੱਧ ਨੀਤੀਆਂ ਦਾ ਖ਼ਿਲਾਫ਼ ਘੜਾ ਭੰਨਿਆਂ। ਮੁਲਾਜ਼ਮਾਂ ਨੇ ਕਾਲੇ ਝੰਡੇ ਹੱਥਾਂ ਵਿੱਚ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਰੈਲੀ ਨੂੰ ਸਾਂਝੇ ਮੁਲਾਜ਼ਮ ਮੰਚ ਦੇ ਕਨਵੀਨਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਸੱਜਣ ਸਿੰਘ, ਚੰਡੀਗੜ੍ਹ ਦੇ ਪ੍ਰਮੁੱਖ ਆਗੂ ਕ੍ਰਿਸ਼ਨ ਪ੍ਰਸਾਦ, ਚੰਦਨ ਸਿੰਘ, ਰਮਨ ਕੁਮਾਰ ਸ਼ਰਮਾ, ਭੁਪਿੰਦਰ ਸਿੰਘ ਅਤੇ ਸਤਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਮੁਲਾਜ਼ਮ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਇਸ ਗੱਲ ਦੀ ਸਖ਼ਤ ਆਲੋਚਨਾ ਕੀਤੀ ਕਿ ਪੰਜਾਬ ਸਰਕਾਰ ਨੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਹੈ ਜਦਕਿ ਪੰਜਾਬ ਦੇ ਛੇਵੇਂ ਪੇਅ ਕਮਿਸ਼ਨ ਨੇ ਅਜੇ ਰਿਪੋਰਟ ਦੇਣੀ ਹੈ। ਊਨ੍ਹਾਂ ਕਿਹਾ ਕਿ ਸਰਕਾਰ ਦਾ 17 ਜੁਲਾਈ ਦਾ ਪੱਤਰ ਪੰਜਾਬ ਵਿੱਚ ਲਾਗੂ ਕੀਤਾ ਹੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ 27 ਜੁਲਾਈ ਨੂੰ ਅਗਲੇ ਐਕਸ਼ਨ ਦਾ ਐਲਾਨ ਕਰਨਗੇ। ਰੈਲੀ ਵਿੱਚ ਮੰਗ ਕੀਤੀ ਗਈ ਕਿ ਜਾਰੀ ਕੀਤਾ ਪੱਤਰ ਤੁਰੰਤ ਵਾਪਸ ਲਿਆ ਜਾਵੇ। ਪੇਅ ਕਮਿਸ਼ਨ ਤੋਂ ਪੰਜਾਬ ਦੇ ਸਕੇਲਾਂ ਦੀ ਰਿਪੋਰਟ ਲੈ ਕੇ ਨਵੇਂ ਸਕੇਲ ਲਾਗੂ ਕੀਤੇ ਜਾਣ।