ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ
ਪੱਤਰ ਪ੍ਰੇਰਕ
ਖਰੜ, 24 ਜੁਲਾਈ
ਪੰਜਾਬ ਅਤੇ ਯੂਟੀ ਸਾਂਝਾ ਮੁਲਾਜ਼ਮ ਮੰਚ (ਮੁਲਾਜ਼ਮ ਅਤੇ ਪੈਨਸ਼ਨਰਜ਼) ਵੱਲੋਂ ਅੱਜ ਪੰਜਾਬ ਸਰਕਾਰ ਵਿਰੁੱਧ ਰੈਲੀ ਕੱਢੀ ਗਈ। ਇਹ ਰੈਲੀ ਬਲਵੀਰ ਸਿੰਘ ਧਾਨੀਆ ਚੇਅਰਮੈਨ, ਸੁਰਿੰਦਰ ਸਿੰਘ ਜੰਡਪੁਰ ਪ੍ਰਧਾਨ ਖਰੜ ਯੂਨਿਟ ਦੀ ਅਗਵਾਈ ਹੇਠ ਕੱਢੀ ਗਈ, ਜਿਸ ਵਿੱਚ ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦਿਆਂ ਤੋਂ ਮੁਕਰਨ, ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੁੱਧ ਲਏ ਗਏ ਅਤੇ ਲਏ ਜਾਣ ਵਾਲੇ ਫੈ਼ਸਲਿਆਂ ਵਿਰੁੱਧ ਵੱਡੀ ਗਿਣਤੀ ’ਚ ਪੈਨਸ਼ਨਰਾਂ ਵੱਲੋਂ ਰੋਸ ਪ੍ਰਗਟਾਵਾ ਕੀਤਾ ਗਿਆ। ਇਸ ਸਬੰਧੀ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਵਲੋਂ ਪੰਜਾਬ ਸਰਕਾਰ ਮੁਰਦਾਬਾਦ , ਖਜ਼ਾਨਾ ਮੰਤਰੀ ਮੁਰਦਾਬਾਦ ਦੇ ਜ਼ੋਰਦਾਰ ਨਾਅਰੇ ਮਾਰਦੇ ਹੋਏ ਬੱਸ ਸਟੈਂਡ ਖਰੜ ਵਿੱਚ ਰੋਸ ਪ੍ਰਗਟਾਵਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ, ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨ, ਰਹਿੰਦੀਆ ਡੀਏ ਦੀਆਂ ਕਿਸ਼ਤਾਂ ਰਿਲੀਜ਼ ਕਰਨ, ਕੈਸ਼ਲੈੱਸ ਮੈਡੀਕਲ ਸਕੀਮ ਲਾਗੂ ਕਰਨ, ਨਵੀਂ ਭਰਤੀ ’ਤੇ ਕੇਂਦਰ ਸਕੇਲ ਲਾਗੂ ਕਰਨ ਨੂੰ ਨਿਕਾਰਿਆ ਗਿਆ। ਆਗੂਆਂ ਨੇ ਧਮਕੀ ਦਿੱਤੀ ਕਿ ਜੇ ਉਪਰੋਕਤ ਮੰਗਾਂ ਤੁਰੰਤ ਨਾ ਮੰਨੀਆਂ ਅਤੇ ਮੁਲਾਜ਼ਮ ਵਿਰੋਧੀ ਫ਼ੈਸਲੇ ਤੁਰੰਤ ਵਾਪਿਸ ਨਾ ਲਏ ਤਾਂ ਆਉਣ ਵਾਲੇ ਸਮੇਂ ਖਮਿਆਜ਼ਾ ਭੁਗਤਣ ਨੂੰ ਤਿਆਰ ਰਹਿਣ। ਰੈਲੀ ਵਿੱਚ ਸਵਰਨ ਸਿੰਘ, ਬੀਬੀ ਅਮਰਜੀਤ ਕੌਰ , ਰਜਿੰਦਰ ਸਿੰਘ, ਘੜੂੰਆ, ਗੁਰਦੇਵ ਸਿੰਘ ਭੱਟੀ, ਸੁਰਿੰਦਰ ਸਿੰਘ ਪਿੰਦਰ ਅਜਾਦ, ਸੰਤੋਖ ਸਿੰਘ ਬੈਨੀਪਾਲ, ਜਸਵੰਤ ਸਿੰਘ , ਹਰਭਜਨ ਸਿੰਘ , ਪ੍ਰੇਮ ਸਿੰਘ ਮਲੋਆ ਆਦਿ ਮੈਂਬਰ ਸ਼ਾਮਿਲ ਹੋਏ।