ਮੁਲਾਜ਼ਮ ਜਥੇਬੰਦੀ ਵੱਲੋਂ ਚੀਫ਼ ਇੰਜਨੀਅਰ ਦਫ਼ਤਰ ਅੱਗੇ ਧਰਨਾ
ਦੀਪਕ ਠਾਕੁਰ
ਤਲਵਾੜਾ, 24 ਦਸੰਬਰ
ਇੱਥੇ ਭਾਖੜਾ ਬਿਆਸ ਐਂਪਲਾਈਜ਼ ਯੂਨੀਅਨ (ਏਟਕ) ਨੇ ਮੁਲਾਜ਼ਮ ਮੰਗਾਂ ਦੇ ਹੱਕ ’ਚ ਸਥਾਨਕ ਚੀਫ਼ ਇੰਜਨੀਅਰ ਦਫ਼ਤਰ ਮੂਹਰੇ ਧਰਨਾ ਦਿੱਤਾ। ਇੱਕ ਰੋਜ਼ਾ ਧਰਨੇ ਦੀ ਅਗਵਾਈ ਯੂਨੀਅਨ ਪ੍ਰਧਾਨ ਅਸ਼ੋਕ ਕੁਮਾਰ ਨੇ ਕਰਦਿਆਂ ਬੀਬੀਐੱਮਬੀ ਪ੍ਰਸ਼ਾਸਨ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਦੋਸ਼ ਲਾਏ। ਯੂਨੀਅਨ ਦੇ ਸਕੱਤਰ ਸ਼ਿਵ ਕੁਮਾਰ ਨੇ ਦੱਸਿਆ ਕਿ ਸਾਲ 2022-23 ਅਤੇ 2023-24 ਦਾ ਨਿਰਧਾਰਤ ਇੰਸੈਂਟਿਵ ਬੀਬੀਐੱਮਬੀ ਅਧਿਕਾਰੀਆਂ/ ਕਰਮਚਾਰੀਆਂ ਨੂੰ ਜਲਦ ਰਿਲੀਜ਼, ਰਾਜਸਥਾਨ ਤੇ ਭਾਈਵਾਲ ਸੂਬਿਆਂ ਤੋਂ ਆਏ ਮੁਲਾਜ਼ਮਾਂ ਨੂੰ ਬੀਬੀਐੱਮਬੀ ਦੇ ਪੇਅ ਸਕੇਲ ਦੇਣ, ਰੋਜ਼ਾਨਾ ਅਤੇ ਪਾਰਟ ਟਾਈਮ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਪਹਿਲੀ ਜਨਵਰੀ 2016 ਤੋਂ 30 ਜੂਨ 2021 ਦੇ ਪੇਅ ਸਕੇਲ ਦਾ ਬਕਾਇਆ ਜਾਰੀ ਕਰਨ, ਤਲਵਾੜਾ ਬਿਆਸ ਡੈਮ ਦੇ ਗੋਲਡਨ ਜੁਬਲੀ ਦੇ ਮੌਕੇ ’ਤੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਦੋ ਵਾਧੂ ਤਨਖਾਹਾਂ ਦੇਣ ਆਦਿ ਮੰਗਾਂ ਲਈ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਯੂਨੀਅਨ ਆਗੂ ਸੁਰੇਸ਼ ਕੁਮਾਰ ਸੈਣੀ ਨੇ ਦੱਸਿਆ ਕਿ ਜਥੇਬੰਦੀ ਨੇ ਉਕਤ ਮੰਗਾਂ ਨਾ ਮੰਨੇ ਜਾਣ ’ਤੇ ਅਗਲੇ ਸਾਲ ਬੀਬੀਐੱਮਬੀ ਹੈੱਡਕੁਆਰਟਰ ਚੰਡੀਗੜ੍ਹ ਵਿੱਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਉਪਰੰਤ ਯੂਨੀਅਨ ਨੇ ਮੰਗ ਪੱਤਰ ਚੀਫ਼ ਇੰਜਨੀਅਰ ਪੌਂਗ ਡੈਮ ਅਰੁਣ ਕੁਮਾਰ ਸਿਡਾਨਾ ਨੂੰ ਦਿੱਤਾ।