ਨਸ਼ੇ ਅਤੇ ਹੋਰ ਸਮੱਸਿਆਵਾਂ ਖ਼ਿਲਾਫ਼ ਸੰਘਰਸ਼ ਦੀ ਲੋੜ ’ਤੇ ਜ਼ੋਰ
ਪੱਤਰ ਪ੍ਰੇਰਕ
ਸ਼ੇਰਪੁਰ, 11 ਜੂਨ
ਇੱਥੇ ਅੱਜ ਗੁਰਦੁਆਰਾ ਅਕਾਲ ਪ੍ਰਕਾਸ਼ ਸ਼ੇਰਪੁਰ ਵਿੱਚ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਸ਼ੇਰਪੁਰ ‘ਚ ਚਿੱਟੇ ਦੇ ਵਧੇ-ਫੁੱਲੇ ਕਾਲੇ ਕਾਰੋਬਾਰ, ਸਰਕਾਰੀ ਅਦਾਰਿਆਂ ਵਿੱਚ ਬਾ-ਦਸਤੂਰ ਚੱਲ ਰਹੀ ਰਿਸ਼ਵਤਖੋਰੀ-ਭ੍ਰਿਸ਼ਟਚਾਰ, ਸਬ-ਤਹਿਸੀਲ ਵਿੱਚ ਲੰਬੇ ਸਮੇਂ ਤੋਂ ਨਾਇਬ ਤਹਿਸੀਲਦਾਰ ਦੀ ਡੈਪੂਟੇਸ਼ਨ ਦੀ ਥਾਂ ਪੱਕੀ ਅਸਾਮੀ, ਸਰਕਾਰੀ ਹਸਪਤਾਲ ਵਿੱਚ ਬੰਦ ਕੀਤੀਆਂ ਐਮਰਜੈਂਸੀ ਸੇਵਾਵਾਂ ਮੁੜ ਬਹਾਲ ਕਰਨ, ਐੱਸਐੱਮਓ ਦੀ ਬਦਲੀ ਰੱਦ ਕਰਨ, ਮਾਹਿਰ ਡਾਕਟਰਾਂ ਸਮੇਤ ਸਿਹਤ ਅਮਲੇ ਦੀਆਂ ਤਕਰੀਬਨ ਚਾਰ ਦਰਜਨ ਖਾਲੀ ਅਸਾਮੀਆਂ ਤੁਰੰਤ ਭਰੇ ਜਾਣ, ਸੇਵਾ ਕੇਂਦਰ ਵਿੱਚ ਅਧਾਰ ਕਾਰਡਾਂ ਵਾਲੀ ਖਰਾਬ ਮਸ਼ੀਨ ਠੀਕ ਕਰਨ ਸਮੇਤ ਕਈ ਮੁੱਦਿਆਂ ‘ਤੇ ਵਿਚਾਰਾਂ ਹੋਈਆਂ। ਐਕਸ਼ਨ ਕਮੇਟੀ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਤੇ ਮੋਹਰੀ ਆਗੂ ਜਸਮੇਲ ਸਿੰਘ ਬੜੀ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਲਈ ਸੰਘਰਸ਼ ਦੀ ਲੋੜ ਹੈ। ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਐਕਸ਼ਨ ਕਮੇਟੀ ਨੇ ਪ੍ਰਸ਼ਾਸਨਿਕ ਸੁਧਾਰਾਂ ਲਈ ਸਰਕਾਰ ਨੂੰ 20 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਨਿਰਧਾਰਤ ਸਮੇਂ ਮਗਰੋਂ ਜੁਲਾਈ ਦੇ ਪਹਿਲੇ ਹਫ਼ਤੇ ਮੀਟਿੰਗ ਮਗਰੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਮਾਸਟਰ ਚਰਨ ਸਿੰਘ ਜਵੰਧਾ, ਸਰਪੰਚ ਰਣਜੀਤ ਸਿੰਘ ਧਾਲੀਵਾਲ, ਕਲੱਬ ਪ੍ਰਧਾਨ ਪਰਗਟ ਸਿੰਘ ਆਦਿ ਮੌਜੂਦ ਸਨ।