ਕੈਂਸਰ ਦੇ ਇਲਾਜ ਲਈ ਔਰਤਾਂ ਦੀ ਜਾਂਚ ’ਤੇ ਜ਼ੋਰ
ਪੱਤਰ ਪ੍ਰੇਰਕ
ਚੰਡੀਗੜ੍ਹ, 1 ਦਸੰਬਰ
ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਅਤੇ ਅਮਰੀਕਨ ਸੁਸਾਇਟੀ ਆਫ ਕਲੀਨਿਕਲ ਓਨਕੋਲੋਜੀ (ਏ.ਐੱਸ.ਸੀ.ਓ.) ਵੱਲੋਂ ‘ਅੰਤਰਰਾਸ਼ਟਰੀ ਮਹਿਲਾ ਕੈਂਸਰ ਕਾਨਫਰੰਸ-2023’ ਅੱਜ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਦੀ ਸ਼ੁਰੂਆਤ ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਡਾ. ਗੌਰਵ ਪ੍ਰਕਾਸ਼ ਦੇ ਸਵਾਗਤੀ ਭਾਸ਼ਣ ਨਾਲ ਹੋਈ। ਚੰਡੀਗੜ੍ਹ ਅਤੇ ਗੁਆਂਢੀ ਸੂਬਿਆਂ ਵਿੱਚੋਂ 200 ਤੋਂ ਵੱਧ ਡਾਕਟਰ ਅਤੇ 100 ਨਰਸਾਂ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਈਆਂ। ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਨੂੰ ਸੰਬੋਧਨ ਕਰਦਿਆਂ ਏਐਸਸੀਓ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਕੈਂਸਰ ਦੇ ਮਰੀਜ਼ਾਂ ਦੀ ਵਧੀਆ ਸੰਭਵ ਦੇਖ-ਭਾਲ ਲਈ ਇਸ ਐਸੋਸੀਏਸ਼ਨ ਦਾ ਸਹਾਰਾ ਲੈਣ ਦਾ ਭਰੋਸਾ ਦਿੱਤਾ।
ਏਐਸਸੀਓ ਤੋਂ ਰੇਡੀਏਸ਼ਨ ਔਨਕੋਲੋਜਿਸਟ ਪ੍ਰੋ. ਓਨਯਿਨੇ ਬਾਲੋਗੁਨ ਨੇ ਵਿਸ਼ਵ ਭਰ ਵਿੱਚ ਔਰਤਾਂ ਦੇ ਕੈਂਸਰ ਉੱਤੇ ਚਾਨਣਾ ਪਾਇਆ ਅਤੇ ਬਹੁ-ਅਨੁਸ਼ਾਸਨੀ ਕੈਂਸਰ ਕਲੀਨਿਕ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਐਸੋਸੀਏਸ਼ਨ ਆਫ ਗਾਇਨੀਕੋਲੋਜਿਕ ਓਨਕੋਲੋਜਿਸਟਸ ਆਫ ਇੰਡੀਆ (ਏਜੀਓਆਈ) ਦੇ ਪ੍ਰਧਾਨ ਡਾ. ਰੁਪਿੰਦਰ ਸੇਖੋਂ ਨੇ ਭਾਰਤ ਵਿੱਚ ਵੱਖ-ਵੱਖ ਕੈਂਸਰਾਂ ਲਈ ਔਰਤਾਂ ਦੀ ਜਾਂਚ ਦੇ ਮਹੱਤਵ ਅਤੇ ਸੀਮਾਵਾਂ ’ਤੇ ਜ਼ੋਰ ਦਿੱਤਾ। ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿਭਾਗ ਦੇ ਮੁਖੀ ਅਤੇ ਆਰਗੇਨਾਈਜ਼ਿੰਗ ਚੇਅਰਪਰਸਨ ਪ੍ਰੋ. ਵਨੀਤਾ ਸੂਰੀ ਨੇ ਬਹੁ-ਅਨੁਸ਼ਾਸਨੀ ਕੈਂਸਰ ਦੇਖ-ਭਾਲ ਦੀ ਮਹੱਤਤਾ ’ਤੇ ਚਾਨਣਾ ਪਾਇਆ। ਕਾਨਫਰੰਸ ਵਿੱਚ ਏਐੱਸਸੀਓ ਤੋਂ ਪ੍ਰਸਿੱਧ ਕੌਮਾਂਤਰੀ ਫੈਕਲਟੀ ਡਾ. ਮੈਰੀ ਮੈਕਕਰਮੈਕ ਅਤੇ ਡਾ. ਚਾਰਲਸ ਨੇ ਵੀ ਸ਼ਿਰਕਤ ਕੀਤੀ।
ਕਾਨਫਰੰਸ ਵਿੱਚ ਛਾਤੀ ਦੇ ਕੈਂਸਰ ਵਿੱਚ ਸਬੂਤ ਆਧਾਰਿਤ ਵਧੀਆ ਅਭਿਆਸਾਂ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ। ਨੌਜਵਾਨ ਖੋਜਾਰਥੀਆਂ ਨੇ ਈ-ਪੋਸਟਰਾਂ ਰਾਹੀਂ ਆਪਣੀ ਖੋਜ ਪੇਸ਼ ਕੀਤੀ। ਕੁਇਜ਼ ਦੇ ਸ਼ੁਰੂਆਤੀ ਦੌਰ ਵਿੱਚ ਨੌਂ ਮੈਡੀਕਲ ਕਾਲਜਾਂ ਦੀ ਨੁਮਾਇੰਦਗੀ ਕਰਨ ਵਾਲੀਆਂ 14 ਟੀਮਾਂ ਵੱਲੋਂ ਉਤਸ਼ਾਹਪੂਰਵਕ ਹਿੱਸਾ ਲਿਆ ਗਿਆ।