ਪੰਜਾਬ ਦੇ ਸੜਕੀ ਲਾਂਘਿਆਂ ਰਾਹੀਂ ਭਾਰਤ-ਪਾਕਿ ਵਪਾਰ ਖੋਲ੍ਹਣ ’ਤੇ ਜ਼ੋਰ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਣੂੰ ਗਣੇਸ਼ ਪਿੰਗਲੇ ਆਡੀਟੋਰੀਅਮ ਵਿੱਚ ਪੰਜਾਬ ਦੇ ਸੜਕੀ ਲਾਂਘਿਆਂ ਰਾਹੀਂ ਭਾਰਤ-ਪਾਕਿਸਤਾਨ ਵਪਾਰ ਖੋਲ੍ਹਣ ਅਤੇ ਬਦਲਵੇਂ ਖੇਤੀ ਮਾਡਲ ਦੇ ਸਵਾਲ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਉੱਭਰ ਕੇ ਸਾਹਮਣੇ ਆਇਆ ਕਿ ਪੰਜਾਬ ਦੇ ਸੜਕੀ ਲਾਂਘਿਆਂ ਰਾਹੀਂ ਭਾਰਤ-ਪਾਕਿਸਤਾਨ ਵਪਾਰ ਖੋਲ੍ਹਣ ਅਤੇ ਬਦਲਵੇਂ ਖੇਤੀ ਵਿਕਾਸ ਮਾਡਲ ਸਣੇ ਪੰਜਾਬ ਦੇ ਆਰਥਿਕ, ਸਿਆਸੀ ਅਤੇ ਸਮਾਜਿਕ ਜੀਵਨ ਨਾਲ ਜੁੜੇ ਮੁੱਦਿਆਂ ’ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਬੇਪਰਵਾਹ ਹਨ। ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਮੁੱਦਿਆਂ ਬਾਰੇ ਮੁਹਿੰਮ ਵਿੱਢਣੀ ਪਵੇਗੀ। ਇਸ ਲਈ ਕਿਸਾਨ ਜਥੇਬੰਦੀਆਂ, ਲੇਖਕ ਅਤੇ ਬੁੱਧੀਜੀਵੀਆਂ ਸਣੇ ਹਰ ਵਰਗ ਨੂੰ ਹੰਭਲਾ ਮਾਰਨਾ ਪਵੇਗਾ।
ਸੈਮੀਨਾਰ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਆਗੂਆਂ ਅਤੇ ਕਾਰਕੁਨਾਂ ਤੋਂ ਇਲਾਵਾ ਬੁਲਾਰਿਆਂ ਦੇ ਰੂਪ ਵਿੱਚ ਅਰਥ ਸ਼ਾਸਤਰੀ ਡਾ. ਰਣਜੀਤ ਸਿੰਘ ਘੁੰਮਣ, ਹਿੰਦ ਪਾਕਿ ਦੋਸਤੀ ਮੰਚ ਦੇ ਆਗੂ ਅਤੇ ਪੱਤਰਕਾਰ ਸਤਨਾਮ ਸਿੰਘ ਮਾਣਕ, ਸਤਨਾਮ ਸਿੰਘ ਬਹਿਰੂ, ਲਖਵੀਰ ਸਿੰਘ ਨਿਜ਼ਾਮਪੁਰ, ਸਤਨਾਮ ਸਿੰਘ ਸਾਹਨੀ, ਹਰਨੇਕ ਸਿੰਘ ਮਹਿਮਾ, ਕੇਂਦਰੀ ਲੇਖਕ ਸਭਾ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ, ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਗ਼ਜ਼ਲਗੋ ਸੁਰਜੀਤ ਜੱਜ, ਫੋਕਲੋਰ ਰਿਸਰਚ ਅਕੈਡਮੀ ਦੇ ਮੁਖੀ ਰਮੇਸ਼ ਯਾਦਵ ਸ਼ਾਮਲ ਸਨ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਸਣੇ ਟਰੱਸਟੀ ਮੰਗਤ ਰਾਮ ਪਾਸਲਾ ਅਤੇ ਸੁਰਿੰਦਰ ਕੁਮਾਰੀ ਕੋਛੜ ਵੀ ਹਾਜ਼ਰ ਸਨ।
ਸੈਮੀਨਾਰ ਦੇ ਪ੍ਰਧਾਨਗੀ ਮੰਡਲ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਜਤਿੰਦਰ ਸਿੰਘ ਛੀਨਾ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਔਰਤ ਵਿੰਗ ਦੀ ਕਨਵੀਨਰ ਹਰਦੀਪ ਕੌਰ ਕੋਟਲਾ ਸ਼ਾਮਲ ਸਨ।
ਸੈਮੀਨਾਰ ਵਿੱਚ ਵਿਦਵਾਨ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਇੱਕ ਸੀਮਤ ਹਿੱਸੇ ਦੀ ਸਟੱਡੀ ਮੁਤਾਬਕ ਭਾਰਤ-ਪਾਕਿ ਵਪਾਰ ਬੰਦ ਹੋਣ ਕਾਰਨ ਪੰਜਾਬ ਨੂੰ ਵੀਹ ਹਜ਼ਾਰ ਕਰੋੜ ਰੁਪਏ ਸਾਲਾਨਾ ਦਾ ਨੁਕਸਾਨ ਹੋ ਰਿਹਾ ਹੈ। ਇਸ ਵਪਾਰ ਦੀਆਂ ਦੇਸ਼ ਦੀ ਆਰਥਿਕਤਾ ਦੇ ਵਾਧੇ ਦੇ ਸੰਦਰਭ ਵਿੱਚ ਅਸੀਮ ਸੰਭਾਵਨਾਵਾਂ ਹਨ ਪਰ ਸਿਆਸੀ ਪਾਰਟੀਆਂ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹਨ। ਬੁਲਾਰਿਆਂ ਨੇ ਕਿਹਾ ਕਿ ਇਹ ਵਪਾਰ ਪੰਜਾਬ ਦੀ ਖੇਤੀ ਇਸ ਨਾਲ ਜੁੜੀ ਸਨਅਤ, ਟਰਾਂਸਪੋਰਟ ਸਣੇ ਸਮਾਜ ਦੇ ਹਰ ਤਬਕੇ ਨੂੰ ਲਾਹਾ ਦੇਣ ਦੇ ਨਾਲ ਨਾਲ ਸਮੁੱਚੇ ਤਾਣੇ-ਬਾਣੇ ਨੂੰ ਲਾਹਾ ਦੇਵੇਗਾ।
ਰਸਾਇਣਕ ਖਾਦਾਂ ਅਤੇ ਬੇਹਿਸਾਬੇ ਪਾਣੀ ਦੀ ਵਰਤੋਂ ਤੇ ਟਿਕੇ ਹਰੇ ਇਨਕਲਾਬ ਦੇ ਖੇਤੀ ਵਿਕਾਸ ਮਾਡਲ ਦੀ ਥਾਂ ਬਦਲਵੇਂ ਖੇਤੀ ਮਾਡਲ ਦੇ ਸਵਾਲ ਨੂੰ ਸੰਬੋਧਿਤ ਹੁੰਦਿਆਂ ਬੁਲਾਰਿਆਂ ਨੇ ਕਿਹਾ ਕਿ ਹਰੇ ਇਨਕਲਾਬ ਦੇ ਮਾਡਲ ਨੇ ਸਾਡੀ ਫ਼ਸਲੀ ਅਤੇ ਜੈਵਿਕ ਵੰਨ ਸਵੰਨਤਾ ਨੂੰ ਬਹੁਤ ਬੁਰੀ ਸੱਟ ਮਾਰੀ ਹੈ। ਇਸ ਨੂੰ ਬਚਾਉਣ ਦੇ ਲਈ ਖੇਤੀ ਮਾਡਲ ਬਦਲਣ ਦੀ ਮੁਹਿੰਮ ਨੂੰ ਅਜੰਡੇ ’ਤੇ ਲਿਆਉਣਾ ਜ਼ਰੂਰੀ ਹੈ। ਪੰਜਾਬ ਨੂੰ ਅੱਜ ਅਜਿਹਾ ਖੇਤੀ ਮਾਡਲ ਚਾਹੀਦਾ ਹੈ ਜੋ ਕੁਦਰਤ ਪੱਖੀ ਅਤੇ ਹੰਢਣਸਾਰ ਹੋਵੇ ਜਿਸ ਦੇ ਕੇਂਦਰ ਵਿੱਚ ਕਾਰਪੋਰੇਟ ਦੀ ਥਾਂ ਅਤੇ ਕਿਸਾਨ ਹੋਣਾ ਜ਼ਰੂਰੀ ਹੈ।