ਵਿਦਿਆਰਥੀਆਂ ਵਿੱਚ ਵਿਗਿਆਨਕ ਨਜ਼ਰੀਆ ਪੈਦਾ ਕਰਨ ’ਤੇ ਜ਼ੋਰ
ਪ੍ਰਸ਼ੋਤਮ ਬੱਲੀ
ਬਰਨਾਲਾ, 16 ਨਵੰਬਰ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਅੱਜ ਸਥਾਨਕ ਤਰਕਸ਼ੀਲ ਭਵਨ ਵਿੱਚ ਸੂਬਾ ਪੱਧਰੀ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਕਰਵਾਈ ਗਈ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਅਹਿਮ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਰਕਸ਼ੀਲ ਕਾਰਕੁਨਾਂ, ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਿਦਵਾਨ ਡਾ. ਕੁਲਦੀਪ ਸਿੰਘ ਦੀਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸੱਤਾਧਾਰੀ ਜਮਾਤਾਂ ਨੇ ਸਿੱਖਿਆ ਨੀਤੀ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੀ ਥਾਂ ਰੂੜ੍ਹੀਵਾਦੀ ਪਾਠਕ੍ਰਮ ਸ਼ਾਮਲ ਕਰਕੇ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਆ ਅਪਣਾਉਣ ਤੋਂ ਵਾਂਝਿਆਂ ਕੀਤਾ ਹੈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਪ੍ਰੀਖਿਆ ਕਰਵਾਉਣ ਦੇ ਮਕਸਦ ’ਤੇ ਚਾਨਣਾ ਪਾਇਆ। ਇਸ ਮੌਕੇ ਸੂਬਾਈ ਪੱਧਰ ’ਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ 9 ਤੇ ਸੈਕੰਡਰੀ ਗਰੁੱਪ ਦੇ 14 ਵਿਦਿਆਰਥੀਆਂ ਨੂੰ ਨਕਦ ਇਨਾਮ, ਤਰਕਸ਼ੀਲ ਕਿਤਾਬਾਂ, ਯਾਦਗਾਰੀ ਚਿੰਨ੍ਹ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਜੋਗਿੰਦਰ ਕੁੱਲੇਵਾਲ ਦੀ ਨਿਰਦੇਸ਼ਨਾ ਹੇਠ ਬਾਲ ਕਲਾ ਮੰਚ ਕੁੱਲੇਵਾਲ ਦੇ ਵਿਦਿਆਰਥੀਆਂ ਨੇ ਕੋਰਿਓਗ੍ਰਾਫੀ ‘ਮੇਰੀ ਮੌਤ ’ਤੇ ਨਾ ਰੋਇਓ’ ਤੇ ਲੋਕ ਗਾਇਕ ਧਰਮਿੰਦਰ ਮਸਾਣੀ ਨੇ ਇਨਕਲਾਬੀ ਗੀਤ ਪੇਸ਼ ਕੀਤਾ। ਸੂਬਾ ਕਮੇਟੀ ਆਗੂ ਸੁਮੀਤ ਸਿੰਘ ਅੰਮ੍ਰਿਤਸਰ ਨੇ ਸਭ ਦਾ ਧੰਨਵਾਦ ਕੀਤਾ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰਾਮ ਸਵਰਨ ਲੱਖੇਵਾਲੀ ਨੇ ਨਿਭਾਈ।