For the best experience, open
https://m.punjabitribuneonline.com
on your mobile browser.
Advertisement

ਚੋਣਾਂ ਦੌਰਾਨ ਸਿਆਸਤਦਾਨਾਂ ਨੂੰ ਪ੍ਰਦੂਸ਼ਨ ਸਬੰਧੀ ਸਵਾਲ ਕਰਨ ’ਤੇ ਜ਼ੋਰ

08:20 AM May 13, 2024 IST
ਚੋਣਾਂ ਦੌਰਾਨ ਸਿਆਸਤਦਾਨਾਂ ਨੂੰ ਪ੍ਰਦੂਸ਼ਨ ਸਬੰਧੀ ਸਵਾਲ ਕਰਨ ’ਤੇ ਜ਼ੋਰ
ਹੌਲੀ ਕਰਾਸ ਚਰਚ ਵਿੱਚ ਜਾਗਰੂਕਤਾ ਮੀਟਿੰਗ ਦੌਰਾਨ ਹਾਜ਼ਰ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਹੋਰ।
Advertisement

ਸਤਵਿੰਦਰ ਬਸਰਾ
ਲੁਧਿਆਣਾ, 12 ਮਈ
ਪਬਲਿਕ ਐਕਸ਼ਨ ਕਮੇਟੀ ਅਤੇ ਬੁੱਢਾ ਦਰਿਆ ਐਕਸ਼ਨ ਫਰੰਟ ਵੱਲੋਂ ਹੋਲੀ ਕਰਾਸ ਚਰਚ, ਲੁਧਿਆਣਾ ਵਿੱਚ ਮਿਨੀ ਵਾਤਾਵਰਨ ਮੇਲੇ ਦੇ ਰੂਪ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਿੱਥੇ ਲੋਕਾਂ ਅਤੇ ਖ਼ਾਸ ਕਰ ਕੇ ਬੱਚਿਆਂ ਨੂੰ ਬੁੱਢਾ ਦਰਿਆ, ਸਤਲੁਜ, ਮੱਤੇਵਾੜਾ ਜੰਗਲਾਂ ਵਿੱਚ ਵਧ ਰਹੇ ਪ੍ਰਦੂਸ਼ਣ ਸਬੰਧੀ ਜਾਗਰੂਕ ਕੀਤਾ ਗਿਆ, ਉੱਥੇ ਇਸ ਨੂੰ ਇੱਕ ਚੁਣੌਤੀ ਵਜੋਂ ਉਭਾਰਨ ਦੀ ਅਪੀਲ ਵੀ ਕੀਤੀ ਗਈ। ਦੋਵਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਪਾਣੀ ਦੇ ਕੁਦਰਤੀ ਸਰੋਤਾਂ, ਮਿੱਟੀ ਅਤੇ ਹਵਾ ਵਿੱਚ ਵਧ ਰਹੇ ਪ੍ਰਦੂਸ਼ਣ ਸਬੰਧੀ ਸਿਆਸਤਦਾਨਾਂ ਤੋਂ ਸਵਾਲ ਪੁੱਛੇ ਜਾਣੇ ਚਾਹੀਦੇ ਹਨ।
ਇਸ ਮੌਕੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਪਲਾਹਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਗੰਭੀਰ ਮੁੱਦਿਆਂ ’ਤੇ ਲੋਕ ਸਭਾ ਚੋਣਾਂ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਤੋਂ ਸਵਾਲ ਪੁੱਛਣ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮੁੱਦੇ ਸਬੰਧੀ ਜਵਾਬ ਦੇਣਾ ਉਮੀਦਵਾਰਾਂ ਦੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੂੰ ਸਵਾਲ ਪੁੱਛਣਾ ਸਾਡਾ ਅਧਿਕਾਰ ਹੈ। ਪਬਲਿਕ ਐਕਸ਼ਨ ਕਮੇਟੀ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਹੁਣ ਕਿਸੇ ਵੀ ਲਾਪਰਵਾਹੀ ਵਾਲੇ ਰਵੱਈਏ ਨੂੰ ਸਵੀਕਾਰ ਨਾ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ, ਡੇਅਰੀਆਂ, ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਜਾਂ ਤਾਂ ਰੋਕਿਆ ਜਾਵੇ ਜਾਂ ਬੰਦ ਕੀਤਾ ਜਾਵੇ ਅਤੇ ਜਾਂ ਕਿਸੇ ਹੋਰ ਥਾਂ ਤਬਾਦਲਾ ਕੀਤਾ ਜਾਵੇ। ਪੰਜਾਬ ਦੇ ਲੋਕਾਂ ਨੂੰ ਜ਼ੀਰੋ ਤਰਲ ਡਿਸਚਾਰਜ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹੋ ਪ੍ਰਦੂਸ਼ਣ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਵੀਪੀ ਮਿਸ਼ਰਾ, ਗੁਰਬਚਨ ਸਿੰਘ ਬੱਤਰਾ, ਐਡਵੋਕੇਟ ਆਰਐਸ ਅਰੋੜਾ, ਐਡਵੋਕੇਟ ਯੋਗੇਸ਼ ਖੰਨਾ, ਅਨੀਤਾ ਸ਼ਰਮਾ, ਸੁਖਵਿੰਦਰ ਸਿੰਘ ਗੋਲਡੀ, ਜਪਲੀਨ ਕੌਰ, ਨਰਿੰਦਰ ਸਿੰਘ, ਅਮੀਨ ਲਖਨਪਾਲ, ਮਹਿੰਦਰ ਸਿੰਘ ਸੇਖੋਂ, ਮਨਿੰਦਰਜੀਤ ਸਿੰਘ ਬੈਨੀਪਾਲ ਅਤੇ ਕਰਨਲ ਸੀਐਮ ਲਖਨਪਾਲ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×