ਪੱਛਮੀ ਏਸ਼ੀਆ ਵਿਚ ਇਰਾਨ ਦਾ ਅਹਿਮ ਧਿਰ ਵਜੋਂ ਉਭਾਰ
ਅਮਰੀਕਾ ਵਿਚ ਸਤੰਬਰ ਦੇ ਅਖ਼ੀਰ ਵਿਚ ਐਟਲਾਂਟਿਕ ਫੈਸਟੀਵਲ ਦੌਰਾਨ ਮੁਲਕ ਦੇ ਕੌਮੀ ਸਲਾਮਤੀ ਸਲਾਹਕਾਰ ਜੇਕ ਸੁਲੀਵਨ ਨੇ ਪੱਛਮੀ ਏਸ਼ੀਆ ਵਿਚ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਦੇ ਵੇਰਵੇ ਦਿੱਤੇ। ਉਨ੍ਹਾਂ ਕਿਹਾ ਕਿ ਯਮਨ ਵਿਚ ਜੰਗਬੰਦੀ ਚੱਲ ਰਹੀ ਹੈ, ਅਮਰੀਕੀ ਫ਼ੌਜਾਂ ਖ਼ਿਲਾਫ਼ ਇਰਾਨੀ ਹਮਲੇ ਰੁਕ ਗਏ ਹਨ, ਇਰਾਕ ਵਿਚ ਅਮਰੀਕੀ ਮੌਜੂਦਗੀ ਸਥਿਰ ਹੋ ਗਈ ਹੈ ਅਤੇ ਪੱਛਮੀ ਏਸ਼ੀਆ ਹੁਣ ਬੀਤੇ ਦੋ ਦਹਾਕਿਆਂ ਦੌਰਾਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸ਼ਾਂਤ ਹੈ। ਇਸ ਤੋਂ ਕੁਝ ਦਿਨਾਂ ਬਾਅਦ ਹੀ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ਉਤੇ ਕੀਤੇ ਗਏ ਅਚਨਚੇਤ ਵਹਿਸ਼ੀਆਨਾ ਹਮਲੇ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਖੋਖਲੇ ਸਾਬਤ ਕਰ ਦਿੱਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਬਾਇਡਨ ਪ੍ਰਸ਼ਾਸਨ ਅਤੇ ਇਸਰਾਈਲ ਦੀ ਨੇਤਨਯਾਹੂ ਸਰਕਾਰ ਜ਼ਮੀਨੀ ਹਕੀਕਤ ਤੋਂ ਕਿੰਨੇ ਦੂਰ ਸਨ। ਉਨ੍ਹਾਂ ਨੂੰ ਹਮਾਸ ਦੀ ਹਮਾਇਤ ਵਿਚ ਇਸਲਾਮੀ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਵੱਲੋਂ ਕੀਤੀਆਂ ਜਾ ਰਹੀਆਂ ਲੁਕਵੀਆਂ ਸਰਗਰਮੀਆਂ ਦਾ ਕੋਈ ਇਲਮ ਨਹੀਂ ਸੀ।
ਹਾਲੀਆ ਸਾਲਾਂ ਦੌਰਾਨ ਇਰਾਨ ਪੱਛਮੀ ਏਸ਼ੀਆ ਵਿਚ ਨਿਵੇਕਲੀ ਤੇ ਅਹਿਮ ਧਿਰ ਬਣ ਕੇ ਉੱਭਰਿਆ ਹੈ, ਜਿਹੜਾ ਸਿਆਸੀ ਹਕੂਮਤ ਦੇ ਮੁੱਲਾ-ਮੌਲਾਣਾ ਆਧਾਰਿਤ ਅਗਵਾਈ ਵਾਲੇ ਮਾਡਲ ਨੂੰ ਹੋਰ ਮੁਲਕਾਂ ਵਿਚ ਫੈਲਾ ਕੇ ਫ਼ਾਰਸ ਦੀ ਖਾੜੀ ਤੋਂ ਭੂਮੱਧ ਸਾਗਰ ਤੱਕ ਦੇ ਖਿੱਤੇ ਵਿਚ ਤਾਕਤ ਦਾ ‘ਸ਼ੀਆ ਪ੍ਰਭਾਵ ਖੇਤਰ’ ਕਾਇਮ ਕਰ ਰਿਹਾ ਹੈ। ਇਰਾਕ ਵਿਚ ਸੁੰਨੀ ਅਗਵਾਈ ਵਾਲੀ ਬਾਥ ਪਾਰਟੀ ਸਰਕਾਰ ਇਸ ਦੇ ਆਗੂ ਅਤੇ ਇਰਾਕ ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਦਸੰਬਰ 2006 ਵਿਚ ਫਾਹੇ ਲਾਏ ਜਾਣ ਤੱਕ ਉਸ ਪਾਸੇ ਇਰਾਨ ਦੇ ਅਸਰ ਨੂੰ ਠੱਲ੍ਹਣ ਪੱਖੋਂ ਇਕ ਪ੍ਰਭਾਵਸ਼ਾਲੀ ਰੁਕਾਵਟ ਸੀ। ਅਮਰੀਕਾ ਲੰਬਾ ਸਮਾਂ ਇਰਾਨ ਨੂੰ ਖਿੱਤੇ ਵਿਚ ਅਸਥਿਰਤਾ ਪੈਦਾ ਕਰਨ ਵਾਲੇ ਉਸ ਦੇ ਰਵੱਈਏ ਲਈ ਸਜ਼ਾ ਦੇਣ ਵਾਸਤੇ ਦੋਹਰੀ ਨੀਤੀ ਦਾ ਇਸਤੇਮਾਲ ਕਰਦਾ ਰਿਹਾ। ਇਸ ਤਹਿਤ ਇਕ ਪਾਸੇ ਇਸ ਖ਼ਿਲਾਫ਼ ਤੇਲ ਦੀ ਬਰਾਮਦ ’ਤੇ ਪਾਬੰਦੀਆਂ ਆਇਦ ਕੀਤੀਆਂ ਗਈਆਂ ਅਤੇ ਨਾਲ ਹੀ ਅਹਿਮ ਮੁੱਦਿਆਂ ਜਿਵੇਂ ਪਰਮਾਣੂ ਹਥਿਆਰਾਂ ਦੀ ਸਮਰੱਥਾ ਆਦਿ ਉਤੇ ਗੱਲਬਾਤ ਵੀ ਕੀਤੀ ਜਾਂਦੀ ਰਹੀ। ਇਹ ਨੀਤੀ ਉਦੋਂ ਤੱਕ ਵਧੀਆ ਚੱਲੀ ਜਦੋਂ ਤੱਕ ਰੂਸ ਅਤੇ ਚੀਨ ਦੀ ਮਦਦ ਨਾਲ ਅਮਰੀਕਾ, ਇਰਾਨ ਉਤੇ ਭਾਰੀ ਦਬਾਅ ਪਾਉਣ ਦੇ ਸਮਰੱਥ ਸੀ। ਦੂਜੇ ਪਾਸੇ ਇਰਾਨ ਵੀ ਅਮਰੀਕਾ ਨਾਲ ਸਬੰਧ ਸੁਧਾਰ ਕੇ ਪਾਬੰਦੀਆਂ ਤੋਂ ਰਾਹਤ ਲੈਣ ਦਾ ਲਾਹਾ ਖੱਟ ਸਕਦਾ ਸੀ।
ਇਸ ਦੌਰਾਨ ਇਕ ਪਾਸੇ ਯੂਕਰੇਨ ਜੰਗ ਕਾਰਨ ਅਮਰੀਕਾ ਤੇ ਰੂਸ ਦੀ ਦੁਸ਼ਮਣੀ ਵਧ ਗਈ ਅਤੇ ਦੂਜੇ ਪਾਸੇ ਹਾਲੀਆ ਸਾਲਾਂ ਦੌਰਾਨ ਅਮਰੀਕਾ ਅਤੇ ਚੀਨ ਦਰਮਿਆਨ ਵਧ ਰਹੀ ‘ਠੰਢੀ ਜੰਗ’ ਨੇ ਇਰਾਨ ਉਤੇ ਦਬਾਅ ਪਾਉਣ ਦੀ ਅਮਰੀਕੀ ਸਮਰੱਥਾ ਨੂੰ ਬਹੁਤ ਕਮਜ਼ੋਰ ਕਰ ਦਿੱਤਾ। ਇਰਾਨ 2018 ਤੋਂ ਬਾਅਦ ਅਮਰੀਕੀ ਪਾਬੰਦੀਆਂ ਨੂੰ ਮਾਤ ਦੇ ਕੇ ਚੀਨ ਨੂੰ ਤੇਲ ਬਰਾਮਦ ਕਰ ਸਕਦਾ ਹੈ। ਇਸੇ ਤਰ੍ਹਾਂ ਰੂਸ ਨੂੰ ਵੀ ਯੂਕਰੇਨ ਖ਼ਿਲਾਫ਼ ਆਪਣੀ ਜੰਗ ਲਈ ਇਰਾਨ ਤੋਂ ਡਰੋਨ ਅਤੇ ਮਿਜ਼ਾਈਲਾਂ ਖ਼ਰੀਦਣ ਦੀ ਲੋੜ ਹੈ। ਹੁਣ ਦੋਵਾਂ ਰੂਸ ਅਤੇ ਚੀਨ ਦੀ ਇਰਾਨ ਦੇ ਪਰਮਾਣੂ ਪ੍ਰੋਗਰਾਮ ਜਾਂ ਇਸ ਦੇ ਪੱਛਮੀ ਏਸ਼ੀਆ ਵਿਚਲੇ ਦੂਜੇ ਮੁਲਕਾਂ ਪ੍ਰਤੀ ਰਵੱਈਏ ਉਤੇ ਕੋਈ ਰੋਕ ਲਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ।
ਇਰਾਨ ਦੇ ਸਿਖਰਲੇ ਆਗੂ ਆਇਤੁੱਲਾ ਖੁਮੈਨੀ ਨੇ ਨਵੰਬਰ 2020 ਵਿਚ ਇਕ ਤਕਰੀਰ ਦੌਰਾਨ ਐਲਾਨ ਕੀਤਾ ਸੀ ਕਿ ‘ਅਮਰੀਕਾ ਸੰਸਾਰ ਦੀ ਮੋਹਰੀ ਤਾਕਤ ਨਹੀਂ ਹੈ, ਇਹ ਹੁਣ ਖੁਰ ਰਿਹੈ। ਏਸ਼ੀਆ ਮਾਲੀ, ਸਿਆਸੀ ਅਤੇ ਫ਼ੌਜੀ ਤਾਕਤ ਦਾ ਕੇਂਦਰ ਬਣੇਗਾ।’’ ਉਨ੍ਹਾਂ ਇਰਾਨ ਦੇ ਮਿਜ਼ਾਈਲ ਪ੍ਰੋਗਰਾਮ ਅਤੇ ਹੋਰ ਫ਼ੌਜੀ ਕੋਸ਼ਿਸ਼ਾਂ ਨੂੰ ‘ਹਿਫ਼ਾਜ਼ਤੀ’ ਕਰਾਰ ਦਿੱਤਾ, ਜਿਨ੍ਹਾਂ ਦਾ ਨਿਸ਼ਾਨਾ ਦੁਸ਼ਮਣਾਂ ਨੂੰ ਰੋਕਣਾ ਹੈ।
ਇਹ ਗੱਲ ਕਿ ਇਰਾਨ ਆਪਣੇ ਭਵਿੱਖੀ ਸਿਆਸੀ, ਮਾਲੀ, ਊਰਜਾ ਅਤੇ ਸੁਰੱਖਿਆ ਭਾਈਵਾਲ ਵਜੋਂ ਚੀਨ ਵੱਲ ਦੇਖੇਗਾ, ਉਦੋਂ ਸਾਫ਼ ਹੋ ਗਈ ਜਦੋਂ ਦੋਵਾਂ ਮੁਲਕਾਂ ਨੇ ਮਾਰਚ 2021 ਵਿਚ ਰਣਨੀਤਕ ਭਾਈਵਾਲੀ ਦਾ 25 ਸਾਲਾ ਅਹਿਦਨਾਮਾ ਸਹੀਬੰਦ ਕੀਤਾ। ਇਸ ਵਿਚ ਕੱਚੇ ਤੇਲ ਦੀ ਬਰਾਮਦ, ਗ਼ੈਰਫ਼ੌਜੀ ਪਰਮਾਣੂ ਊਰਜਾ ਦੀ ਬਰਾਮਦ ਵਿਚ ਗਹਿਰੇ ਸਹਿਯੋਗ, ਵਪਾਰ ਲਈ ਆਪਣੀਆਂ ਕੌਮੀ ਕਰੰਸੀਆਂ ਦੀ ਵਰਤੋਂ ਅਤੇ ਨਾਲ ਹੀ ਸਾਇੰਸ ਤੇ ਤਕਨਾਲੋਜੀ ਅਤੇ ਸੁਰੱਖਿਆ ਵਿਚ ਸਹਿਯੋਗ ਆਦਿ ਵਰਗੇ ਮਾਮਲੇ ਸ਼ਾਮਲ ਹਨ। ਚੀਨ ਨੇ ਹੀ ਇਰਾਨ ਦੇ ਐੱਸਸੀਓ (ਸ਼ੰਘਾਈ ਸਹਿਯੋਗ ਸੰਸਥਾ) ਅਤੇ ਬਰਿਕਸ ਵਿਚ ਦਾਖਲੇ ਦਾ ਰਾਹ ਪੱਧਰਾ ਕੀਤਾ। ਚੀਨ ਨੇ ਇਸੇ ਸਾਲ ਮਾਰਚ ਵਿਚ ਇਰਾਨ ਅਤੇ ਸਾਊਦੀ ਅਰਬ ਦਰਮਿਆਨ ਸਫ਼ਾਰਤੀ ਸਬੰਧਾਂ ਦੀ ਬਹਾਲੀ ਅਤੇ ਤਣਾਅ ਘਟਾਉਣ ਲਈ ਇਕਰਾਰਨਾਮਾ ਕਰਵਾਇਆ।
ਇਰਾਨ ਦੀਆਂ ਤੇਲ ਬਰਾਮਦਾਂ ਉਤੇ ਅਮਰੀਕੀ ਪਾਬੰਦੀਆਂ ਉਸ ਦੇ ਅਰਥਚਾਰੇ ਨੂੰ ਤਾਂ ਭਾਵੇਂ ਨੁਕਸਾਨ ਪਹੁੰਚਾ ਰਹੀਆਂ ਹਨ, ਪਰ ਇਹ ਉਸ ਦੇ ਇਨਕਲਾਬੀ ਜੋਸ਼ ਜਾਂ ਉਸ ਵੱਲੋਂ ਬਹਿਰੀਨ, ਕੁਵੈਤ, ਸਾਊਦੀ ਅਰਬ ਅਤੇ ਹੋਰ ਮੁਲਕਾਂ ਵਿਚ ਸ਼ੀਆ ਗਰੁੱਪਾਂ ਨੂੰ ਦਿੱਤੀ ਜਾ ਰਹੀ ਮਦਦ ਨੂੰ ਰੋਕਣ ਵਿਚ ਨਾਕਾਮ ਰਹੀਆਂ ਹਨ। ਸ਼ੀਆ ਧਾਰਮਿਕ ਆਗੂਆਂ ਦਾ ਵਰਗ ਕੱਟੜਪੰਥੀਆਂ ਨੂੰ ਮੁੜ ਇਕਜੁੱਟ ਕਰਨ, ਨਰਮ ਖ਼ਿਆਲੀਆਂ ਨੂੰ ਖੁੱਡੇ ਲਾਉਣ ਅਤੇ ਆਈਆਰਜੀਸੀ ਤੇ ਆਪਣੀ ਪਸੰਦ ਦੇ ਹੋਰ ਗਰੁੱਪਾਂ ਨੂੰ ਸੱਤਾ ਵਿਚ ਬਣੇ ਰਹਿਣ ਲਈ ਸਹਿਯੋਗ ਦੇਣ ਵਿਚ ਕਾਮਯਾਬ ਰਿਹਾ ਹੈ। ਇਸ ਨੇ ਵੱਡੀ ਗਿਣਤੀ ਵਿਚ ਆਪਣੀ ਸ਼ਹਿ ਪ੍ਰਾਪਤ ਦਹਿਸ਼ਤੀ ਸਹਿਯੋਗੀ ਪੈਦਾ ਕਰ ਲਏ ਹਨ ਜਿਵੇਂ ਲਬਿਨਾਨ ਵਿਚ ਹਿਜ਼ਬੁੱਲਾ, ਯਮਨ ਵਿਚ ਹੂਥੀ, ਗਾਜ਼ਾ ਵਿਚ ਹਮਾਸ ਤੇ ਇਸਲਾਮੀ ਜਿਹਾਦ ਆਦਿ ਜਿਨ੍ਹਾਂ ਵਿਚੋਂ ਕੁਝ ਤਾਂ ਰਵਾਇਤੀ ਹਥਿਆਰਾਂ ਦੇ ਮਾਮਲੇ ਵਿਚ ਆਪਣੇ ਵਿਰੋਧੀਆਂ ਦੀ ਬਰਾਬਰੀ ਕਰਨ ਪੱਖੋਂ ਬੈਲਿਸਟਿਕ ਮਿਜ਼ਾਈਲਾਂ ਬਣਾਉਣ ਅਤੇ ਡਰੋਨ ਹਮਲੇ ਕਰਨ ਦੇ ਵੀ ਸਮਰੱਥ ਹਨ।
ਇਰਾਨ ਉਦੋਂ ਵੀ ਇਰਾਕ ਨਾਲ ਅੱਠ ਸਾਲ ਲੰਬੀ (1980-88) ਜੰਗ ਲੜਨ ਦੇ ਸਮਰੱਥ ਸੀ ਜਦੋਂ ਪੱਛਮ ਅਤੇ ਕਰੀਬ ਸਾਰੇ ਹੀ ਅਰਬ ਮੁਲਕ ਸੱਦਾਮ ਹੁਸੈਨ ਦੀ ਹਕੂਮਤ ਦੀ ਹਮਾਇਤ ਕਰ ਰਹੇ ਸਨ; ਉਹ ਹਾਲੀਆ ਟਕਰਾਵਾਂ ਦੌਰਾਨ ਸੀਰੀਆ ਵਿਚਲੇ ਆਪਣੇ ਭਾਈਵਾਲਾਂ ਅਤੇ ਯਮਨ ਵਿਚ ਹੂਥੀਆਂ ਦੀ ਹਿਫ਼ਾਜ਼ਤ ਕਰਨ ਵਿਚ ਕਾਮਯਾਬ ਰਿਹਾ ਅਤੇ ਅਮਰੀਕਾ ਦੀ ਹਮਾਇਤ ਪ੍ਰਾਪਤ ਸਾਊਦੀ ਅਰਬ ਲਈ ਪਰੇਸ਼ਾਨੀ ਦਾ ਸਬੱਬ ਬਣ ਗਿਆ। ਇਸ ਦੇ ਨਾਲ ਹੀ ਇਸ ਨੇ ਹਮਾਸ ਦੀ ਮਦਦ ਕਰ ਕੇ ਹਾਸ਼ੀਏ ਉਤੇ ਧੱਕੇ ਗਏ ਫ਼ਲਸਤੀਨ ਦੇ ਮੁੱਦੇ ਨੂੰ ਮੁੜ-ਸੁਰਜੀਤ ਕਰ ਦਿੱਤਾ ਹੈ,
ਡੋਨਲਡ ਟਰੰਪ ਵੱਲੋਂ ਛੇੜੀ ਗਈ ‘ਵੱਧ ਤੋਂ ਵੱਧ ਦਬਾਅ’ ਵਾਲੀ ਮੁਹਿੰਮ ਦੀ ਨਾਕਾਮੀ ਤੋਂ ਬਾਅਦ ਬਾਇਡਨ ਪ੍ਰਸ਼ਾਸਨ ਨੇ ਕਤਰ ਰਾਹੀਂ ਚੁੱਪਚਾਪ ਸਮਝੌਤੇ ਕਰ ਕੇ ਇਰਾਨ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ। ਅਜਿਹੇ ਸਮਝੌਤਿਆਂ ਵਿਚੋਂ ਇਕ ਇਰਾਨ ਨੂੰ ਇਸ ਉਮੀਦ ਨਾਲ ਪਾਬੰਦੀਆਂ ਵਿਚ ਢਿੱਲ ਦੇ ਕੇ ਤੇਲ ਬਰਾਮਦ ਕਰਨ ਦੀ ਇਜਾਜ਼ਤ ਦੇਣ ਬਾਰੇ ਸੀ ਕਿ ਉਹ ਬੰਬ ਬਣਾਉਣ ਲਈ ਯੂਰੇਨੀਅਮ ਨੂੰ ਸੋਧਣ ਦੀ ਆਪਣੀ ਕਾਰਵਾਈ ਜਾਂ ਤਾਂ ਟਾਲ ਦੇਵੇਗਾ ਜਾਂ ਰੋਕ ਦੇਵੇਗਾ।
ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਮੁਤਾਬਕ ਬਾਇਡਨ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਨੇ ਇਰਾਨ ਅਤੇ ਉਸ ਦੇ ਵਿਦੇਸ਼ੀ ਸਹਿਯੋਗੀਆਂ ਖ਼ਿਲਾਫ ਸਿਰਫ਼ ਚਾਰ ਵਾਰ ਫ਼ੌਜੀ ਕਾਰਵਾਈ ਕੀਤੀ ਹੈ ਜਦੋਂਕਿ ਇਰਾਨ ਨੇ ਇਸ ਅਰਸੇ ਦੌਰਾਨ ਅਮਰੀਕੀਆਂ ਉਤੇ 83 ਹਮਲੇ ਕੀਤੇ। ਇਨ੍ਹਾਂ ਵਿਚੋਂ ਹਾਲੀਆ ਹਮਲਾ ਜੋ ਹਮਾਸ ਵੱਲੋਂ ਇਜ਼ਰਾਈਲ ਉਤੇ ਕੀਤਾ ਗਿਆ, ਨੇ ਸਾਫ਼ ਕਰ ਦਿੱਤਾ ਹੈ ਕਿ ਇਰਾਨ ਦਾ ਇਨ੍ਹਾਂ ਸਮਝੌਤਿਆਂ ਉਤੇ ਚੱਲਣ ਦਾ ਕੋਈ ਇਰਾਦਾ ਨਹੀਂ। ਇਰਾਨ ਕੋਲ ਇਹ ਯਕੀਨੀ ਬਣਾਉਣ ਦੇ ਜ਼ਿਆਦਾ ਮੌਕੇ ਹਨ ਕਿ ਗਾਜ਼ਾ ਵਿਚ ਜਾਰੀ ਮੌਜੂਦਾ ਜੰਗ ਅਗਾਂਹ ਨਾ ਫੈਲੇ ਕਿਉਂਕਿ ਜੰਗ ਵਿਚ ਉਸ ਦੇ ਦਾਖਲੇ ਨਾਲ ਅਮਰੀਕਾ ਨੂੰ ਵੀ ਸਿੱਧਾ ਦਖਲ ਦੇਣਾ ਪਵੇਗਾ, ਪਰ ਇਸ ਦੇ ਮਾੜੇ ਇਲਾਕਾਈ ਤੇ ਆਲਮੀ ਸਿੱਟੇ ਨਿਕਲਣਗੇ। ਇਸ ਸਾਰੇ ਹਾਲਾਤ ਦੌਰਾਨ ਭਾਰਤ ਅਤੇ ਹੋਰਨਾਂ ਲਈ ਇਕ ਅਹਿਮ ਸੁਨੇਹਾ ਇਹੋ ਹੈ ਕਿ ਉਨ੍ਹਾਂ ਨੂੰ ਖਿੱਤੇ ਵਿਚ ਉੱਭਰਦੀ ਭੂ-ਸਿਆਸੀ ਸਥਿਤੀ ਵਿਚ ਇਰਾਨ ਦੀ ਅਹਿਮੀਅਤ ਦੇ ਮੱਦੇਨਜ਼ਰ ਉਸ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਕਿਉਂਕਿ ਅਮਰੀਕਾ ਖ਼ੁਦ ਇਰਾਨ ਨਾਲ ਲੈਣ-ਦੇਣ ਤੇ ਸਮਝੌਤੇ ਕਰਨ ਤੋਂ ਨਹੀਂ ਝਜਿਕਦਾ।
*ਲੇਖਕ ਸਾਬਕਾ ਰਾਜਦੂਤ ਹੈ।