ਭਰੂਣ ਮਿਲਣ ਦਾ ਮਾਮਲਾ: ਗਰਭਪਾਤ ਦੀ ਦਵਾਈ ਲਿਆ ਕੇ ਦੇਣ ਵਾਲਾ ਕਾਬੂ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 22 ਦਸੰਬਰ
ਰਤੀਆ ਦੇ ਪਿੰਡ ਨੰਗਲ ’ਚੋਂ ਲੜਕੇ ਦਾ ਭਰੂਣ ਮਿਲਣ ਦੇ ਮਾਮਲੇ ਦੀ ਜਾਂਚ ਤਹਿਤ ਸਦਰ ਥਾਣਾ ਪੁਲੀਸ ਨੇ ਇਕ ਲੜਕੀ ਨੂੰ ਗਰਭਪਾਤ ਦੀ ਦਵਾਈ ਵਾਲੀ ਕਿੱਟ ਸਪਲਾਈ ਕਰਨ ਦੇ ਦੋਸ਼ ਹੇਠ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜਗਦੀਸ਼ ਉਰਫ ਗੁਰੀ ਵਾਸੀ ਰਤੀਆ ਵਜੋਂ ਦੱਸੀ ਗਈ ਹੈ, ਜਿਸ ਨੂੰ ਅਦਾਲਤ ਨੇ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਸਦਰ ਥਾਣਾ ਇੰਚਾਰਜ ਓਮ ਪ੍ਰਕਾਸ਼ ਅਤੇ ਮਹਿਲਾ ਜਾਂਚ ਅਧਿਕਾਰੀ ਐੱਸਆਈ ਪ੍ਰਿਅੰਕਾ ਨੇ ਦੱਸਿਆ ਕਿ ਮੁਲਜ਼ਮ ਦਾ ਰਿਮਾਂਡ ਲੈਣ ਮਗਰੋਂ ਪੁਲੀਸ ਨੇ ਸਿਹਤ ਵਿਭਾਗ ਅਤੇ ਡਰੱਗ ਵਿਭਾਗ ਨੂੰ ਵੀ ਇਕ ਵਿਸ਼ੇਸ਼ ਟੀਮ ਗਠਿਤ ਕਰਨ ਲਈ ਪੱਤਰ ਲਿਖਿਆ ਹੈ ਤਾਂ ਕਿ ਪੰਜਾਬ ਦੇ ਜਿਸ ਇਲਾਕੇ ਦੇ ਮੈਡੀਕਲ ਸਟੋਰ ਤੋਂ ਉਕਤ ਦਵਾਈ ਲਿਆਂਦੀ ਗਈ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਾਲ 25 ਜੂਨ ਨੂੰ ਪਿੰਡ ਨੰਗਲ ’ਚ ਰੂੁੜੀ ਤੋਂ ਭਰੂਣ ਮਿਲਣ ਮਗਰੋਂ ਅਣਪਛਾਤੀ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਹਿਲਾ ਪੁਲੀਸ ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਇਹ ਭਰੂਣ ਕਿਸੇ ਲੜਕੀ ਨੇ ਸੁੱਟਿਆ ਸੀ, ਜਿਸ ਨੇ ਗਰਭਪਾਤ ਕਰਨ ਵਾਲੇ ਨਬਾਲਗ ਤੇ ਗਰਭਪਾਤ ਦੀ ਦਵਾਈ ਲਿਆ ਕੇ ਦੇਣ ਵਾਲੇ ਦਾ ਨਾਮ ਦੱਸਿਆ ਸੀ। ਪੁਲੀਸ ਮੁਤਾਬਕ ਮੁਲਜ਼ਮ ਨੇ ਪੁੱਛ ਪੜਤਾਲ ’ਚ ਮੰਨਿਆ ਹੈ ਕਿ ਉਸ ਨੇ ਗਰਭਪਾਤ ਦੀ ਦਵਾਈ ਪੰਜਾਬ ਦੇ ਇਲਾਕੇ ’ਚ ਇਕ ਮੈਡੀਕਲ ਸਟੋਰ ਤੋਂ ਲਿਆਂਦੀ ਸੀ, ਜਿਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।