ਫੰਡਾਂ ’ਚ ਗਬਨ: ਸੀਤਲਵਾੜ ਤੇ ਪਤੀ ਨੂੰ ਜਾਂਚ ’ਚ ਸਹਿਯੋਗ ਦੀ ਹਦਾਇਤ
ਨਵੀਂ ਦਿੱਲੀ, 1 ਨਵੰਬਰ
ਸੁਪਰੀਮ ਕੋਰਟ ਨੇ ਮਨੁੱਖੀ ਹੱਕਾਂ ਬਾਰੇ ਕਾਰਕੁਨ ਤੀਸਤਾ ਸੀਤਲਵਾੜ ਤੇ ਉਸ ਦੇ ਪਤੀ ਜਾਵੇਦ ਆਨੰਦ ਨੂੰ ਕਥਤਿ ਫੰਡਾਂ ਦੇ ਗ਼ਬਨ ਨਾਲ ਸਬੰਧਤ ਕੇਸ ਦੀ ਜਾਂਚ ਵਿੱਚ ਗੁਜਰਾਤ ਪੁਲੀਸ ਨੂੰ ਸਹਿਯੋਗ ਦੇਣ ਦੀ ਹਦਾਇਤ ਕੀਤੀ ਹੈ। ਸਿਖਰਲੀ ਕੋਰਟ ਨੇ ਹਾਲਾਂਕਿ ਸੀਤਲਵਾੜ ਨੂੰ ਦਿੱਤੀ ਪੇਸ਼ਗੀ ਜ਼ਮਾਨਤ ਵਿੱਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ। ਵਧੀਕ ਸੌਲੀਸਿਟਰ ਜਨਰਲ ਐੱਸ.ਵੀ.ਰਾਜੂ ਨੇ ਇਕ ਹਲਫ਼ਨਾਮੇ ਰਾਹੀਂ ਸੀਤਲਵਾੜ ਤੇ ਉਸ ਦੇ ਪਤੀ ਵੱਲੋਂ ਜਾਂਚ ਵਿੱਚ ਸਹਿਯੋਗ ਨਾ ਦੇਣ ਦਾ ਦਾਅਵਾ ਕੀਤਾ ਸੀ, ਜਿਸ ਮਗਰੋਂ ਜਸਟਿਸ ਐੱਸ.ਕੇ.ਕੌਲ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਉਪਰੋਕਤ ਹੁਕਮ ਦਿੱਤੇ। ਬੈਂਚ, ਜਿਸ ਵਿਚ ਜਸਟਿਸ ਸੁਧਾਂਸ਼ੂ ਧੂਲੀਆ ਤੇ ਜਸਟਿਸ ਪੀ.ਕੇ.ਮਿਸ਼ਰਾ ਵੀ ਸ਼ਾਮਲ ਸਨ, ਨੇ ਸੀਤਲਵਾੜ ਨੂੰ ਮਿਲੀ ਪੇਸ਼ਗੀ ਜ਼ਮਾਨਤ ਨੂੰ ਚੁਣੌਤੀ ਦਿੰਦੀ ਗੁਜਰਾਤ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ, ‘‘ਅਜੇ ਤੱਕ ਚਾਰਜਸ਼ੀਟ ਦਾਖ਼ਲ ਨਹੀਂ ਹੋਈ। ਵਧੀਕ ਸੌਲੀਸਿਟਰ ਜਨਰਲ ਦਾ ਦਾਅਵਾ ਹੈ ਕਿ ਜਾਂਚ ’ਚ ਸਹਿਯੋਗ ਨਹੀਂ ਦਿੱਤਾ ਜਾ ਰਿਹੈ। -ਪੀਟੀਆਈ