ਐਲਗਾਰ ਮਾਓਵਾਦੀ ਸਬੰਧ ਮਾਮਲਾ: ਅਦਾਲਤ ’ਚ ਪੇਸ਼ ਨਾ ਕੀਤੇ ਜਾਣ ਕਾਰਨ ਸੱਤ ਮੁਲਜ਼ਮਾਂ ਵੱਲੋਂ ਭੁੱਖ ਹੜਤਾਲ
ਮੁੰਬਈ, 18 ਅਕਤੂਬਰ
ਐਲਗਾਰ ਮਾਓਵਾਦੀ ਸਬੰਧ ਮਾਮਲੇ ’ਚ ਸੱਤ ਮੁਲਜ਼ਮਾਂ ਨੇ ਉਨ੍ਹਾਂ ਨੂੰ ਕੇਸ ਦੀ ਸੁਣਵਾਈ ਕਰ ਰਹੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਨਾ ਕੀਤੇ ਜਾਣ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਮੁਲਜ਼ਮਾਂ ਦੇ ਵਕੀਲ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਸੱਤ ਮੁਲਜ਼ਮ ਸੁਰੇਂਦਰ ਗਾਡਲਿੰਗ, ਸਾਗਰ ਗੋਖਲੇ, ਸੁਧੀਰ ਧਾਵਲੇ, ਰਮੇਸ਼ ਗੇਈਚੋਰ, ਹੈਨੀ ਬਾਬੂ, ਰੋਨਾ ਵਿਲਸਨ ਅਤੇ ਮਹੇਸ਼ ਰਾਊਤ ਇਸ ਸਮੇਂ ਨਵੀਂ ਮੁੰਬਈ ਨੇੜਲੀ ਤਾਲੋਜਾ ਜੇਲ੍ਹ ’ਚ ਬੰਦ ਹਨ। ਵਕੀਲ ਨੇ ਆਖਿਆ ਕਿ ਮੁਲਜ਼ਮਾਂ ਨੇ ਦਾਅਵਾ ਕੀਤਾ ਹੈ ਕਿ ਪੁਲੀਸ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਰੋਕ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਭੁੱਖ ਹੜਤਾਲ ਕੀਤੀ ਹੈ। ਦੱਸਣਯੋਗ ਹੈ ਕਿ ਗਾਡਲਿੰਗ ਤੇ 14 ਹੋਰ ਕਾਰਕੁਨਾਂ ਨੂੰ ਪੁਣੇ ’ਚ 31 ਦਸੰਬਰ 2017 ਨੂੰ ਐਲਗਾਰ ਪਰਿਸ਼ਦ ਸੰਮੇਲਨ ’ਚ ਕਥਿਤ ਭੜਕਾਊ ਤਕਰੀਰਾਂ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਸੀ। ਇਸ ਸਮਾਗਮ ਤੋਂ ਅਗਲੇ ਦਿਨ ਕੋਰੇਗਾਉਂ ਭੀਮਾ ’ਚ ਹਿੰਸਾ ਭੜਕ ਗਈ ਸੀ। ਪੁਣੇ ਪੁਲੀਸ ਮੁਤਾਬਕ ਸੰਮੇਲਨ ਨੂੰ ਮਾਓਵਾਦੀਆਂ ਦਾ ਸਮਰਥਨ ਸੀ। ਇਸ ਮਗਰੋਂ ਐੱਨਆਈਏ ਨੇ ਮਾਮਲੇ ਦੇ ਜਾਂਚ ਆਪਣੇ ਹੱਥ ਲੈ ਲਈ ਸੀ। -ਪੀਟੀਆਈ