ਟਰਾਂਸਫਾਰਮਰ ਲਾਉਣ ਲਈ ਬਿਜਲੀ ਕਾਮਿਆਂ ਨੇ ਪੁਰਾਣੇ ਦਰੱਖਤ ਵੱਢੇ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 26 ਨਵੰਬਰ
ਪਿੰਡ ਮਲਕ ਅਤੇ ਜਗਰਾਉਂ ਪੱਤੀ ਦੇ ਗੁਰੂਘਰਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਲਈ ਟਰਾਂਸਫਾਰਮਰ ਲਾਉਣ ਦੀ ਆੜ ਵਿੱਚ ਵਿਭਾਗ ’ਚ ਠੇਕੇਦਾਰ ਪ੍ਰਣਾਲੀ ਅਧੀਨ ਕੰਮ ਕਰਨ ਵਾਲੇ ਕਾਮਿਆਂ ਨੇ ਰਸਤੇ ’ਚ ਲੱਗੇ ਕਰੀਬ 10-15 ਵਰ੍ਹੇ ਪੁਰਾਣੇ ਦਰੱਖਤ ਵੱਢ ਦਿੱਤੇ ਹਨ। ਇਸ ਸਬੰਧੀ ਦੁੱਖ ਦਾ ਇਜ਼ਹਾਰ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੇ ਪੱਤੀ ਦੇ ਪ੍ਰਧਾਨ ਸੁਖਦੇਵ ਸਿੰਘ, ਸਕੱਤਰ ਪਰਵਾਰ ਸਿੰਘ ਢਿੱਲੋਂ, ਸਮਾਜ ਸੇਵੀ ਜਗਤਾਰ ਸਿੰਘ ਅਤੇ ਮਨਦੀਪ ਸਿੰਘ ਆਦਿ ਨੇ ਆਖਿਆ ਕਿ ਵਿਭਾਗ ਨੇ ਟਰਾਂਸਫਾਰਮਰ ਲਗਾਉਣ ਤੋਂ ਪਹਿਲਾਂ ਮੋਟੀ ਕੇਬਲ ਪਾ ਕੇ ਕੁਦਰਤ ਦੇ ਕਿਸੇ ਵੀ ਨੁਕਸਾਨ ਤੋਂ ਬਿਨਾਂ ਕੰਮ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਬਾਅਦ ਦੁਪਹਿਰ ਕਿਸੇ ਵੀ ਮੋਹਤਬਰ ਦੀ ਸਹਿਮਤੀ ਅਤੇ ਹਾਜ਼ਰੀ ਤੋਂ ਬਿਨਾਂ ਵਿਭਾਗ ਦੇ ਕਾਮਿਆਂ ਨੇ ਦਰੱਖਤ (ਜੋ ਗਰੀਨ ਸੁਸਾਇਟੀ ਮਲਕ ਵੱਲੋਂ ਲਾਏ ਗਏ ਸਨ) ਵੱਢ ਦਿੱਤੇ। ਉਨ੍ਹਾਂ ਦੱਸਿਆ ਕਿ ਵੱਢੇ ਗਏ ਦਰੱਖਤਾਂ ’ਚ ਟਾਹਲੀ ਅਤੇ ਡੇਕਾਂ (ਦਰੇਕਾਂ) ਵੀ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਵਿਭਾਗ ਕੀਤੇ ਵਾਅਦੇ ਮੁਤਾਬਕ ਮੋਟੀ ਕੇਬਲ ਪਾ ਕੇ ਟਰਾਂਸਫਾਰਮਰ ਲਾਏ।
ਇਸ ਦੌਰਾਨ ਸੜਕ ’ਤੇ ਵੱਢੇ ਪਏ ਦਰੱਖਤਾਂ ਦੀਆਂ ਤਸਵੀਰਾਂ ਏਡੀਸੀ ਕੁਲਪ੍ਰੀਤ ਸਿੰਘ (ਜਗਰਾਉਂ) ਅਤੇ ਕਾਰਜ-ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੂੰ ਭੇਜ ਕੇ ਮਾਮਲੇ ਤੋਂ ਜਾਣੂ ਕਰਵਾਇਆ ਗਿਆ।
ਜਗਰਾਉਂ ਇਲਾਕੇ ’ਚ ਜਿੱਥੇ ਗਰੀਨ ਮਿਸ਼ਨ ਪੰਜਾਬ ਦੀ ਟੀਮ ਸਾਂਝੀਆਂ ਜਨਤਕ ਥਾਵਾਂ ’ਤੇ ਜੰਗਲ ਲਗਾਉਣ ਅਤੇ ਧਰਤੀ ਹੇਠਲਾ 33 ਪ੍ਰਤੀਸ਼ਤ ਹਿੱਸਾ ਹਰਿਆਲੀ ਰਕਬੇ ਹੇਠ ਕਰਨ ਲਈ ਦਿਨ ਰਾਤ ਜੁੱਟੀ ਹੋਈ ਹੈ, ਉੱਥੇ ਦੂਸਰੇ ਪਾਸੇ ਨਿੱਤ ਦਿਨ ਵੱਡੇ 15-20 ਵਰ੍ਹਿਆਂ ਦੇ ਦਰੱਖਤਾਂ ਦੀ ਲੋਕਾਂ ਵੱਲੋਂ ਬੇਦਰਦੀ ਨਾਲ ਕਟਾਈ ਕੀਤੀ ਜਾ ਰਹੀ ਹੈ। ਗਰੀਨ ਮਿਸ਼ਨ ਟੀਮ ਦੇ ਸਥਾਨਕ ਆਗੂ ਸਤਪਾਲ ਦੇਹੜਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਸਬੰਧੀ ਅਤੇ ਰਜਬਾਹਾ ਰੋਡ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਦੇ ਨਾਲ ਵੀ ਇੱਕ ਵੱਡਾ ਦਰੱਖਤ ਕੱਟੇ ਜਾਣ ਬਾਰੇ ਪਤਾ ਲੱਗਾ ਹੈ ਜੋ ਬਹੁਤ ਮੰਦਭਾਗਾ ਹੈ। ਉਨ੍ਹਾਂ ਮੰਗ ਕੀਤੀ ਕਿ ਦਰੱਖਤ ਵੱਢਣ ਵਾਲਿਆਂ ਖਿਲਾਫ਼ ਪ੍ਰਸ਼ਾਸਨ ਸਖ਼ਤ ਰੁਖ਼ ਅਪਣਾਏ। ਇਸ ਸਬੰਧੀ ਪਾਵਰਕੌਮ ਦੇ ਐਕਸੀਅਨ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨਾਲ ਗੱਲ ਕਰਨ ’ਤੇ ਉਨ੍ਹਾਂ ਆਖਿਆ ਕਿ ਉਹ ਖ਼ੁਦ ਇਸ ਮਾਮਲੇ ਦੀ ਜਾਂਚ ਕਰਨਗੇ।