ਡਰਾਈਵਰ ਨੂੰ ਕੱਢਣ ’ਤੇ ਭੜਕੇ ਬਿਜਲੀ ਮੁਲਾਜ਼ਮ
ਪੱਤਰ ਪ੍ਰੇਰਕ
ਚੰਡੀਗੜ੍ਹ, 5 ਜੁਲਾਈ
ਯੂ.ਟੀ. ਚੰਡੀਗੜ੍ਹ ਦੇ ਬਿਜਲੀ ਵਿਭਾਗ ਦੀ ਡਵੀਜ਼ਨ ਨੰਬਰ 4 ਤਾਇਨਾਤ ਇੱਕ ਡਰਾਈਵਰ ਨੂੰ ਗੱਡੀ ਦੀ ਪਾਸਿੰਗ ਖਤਮ ਹੋਣ ਦੀ ਆੜ ਹੇਠ ਨੌਕਰੀ ਤੋਂ ਕੱਢਣ ਦਾ ਵਿਰੋਧ ਕਰਦਿਆਂ ਅੱਜ ਬਿਜਲੀ ਕਾਮਿਆਂ ਵੱਲੋਂ ਕੰਮ ਦਾ ਬਾਈਕਾਟ ਕੀਤਾ ਗਿਆ ਅਤੇ ਸੈਕਟਰ 34 ਸਥਿਤ ਕਾਰਜਕਾਰੀ ਇੰਜਨੀਅਰ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ। ਇਕੱਠੇ ਹੋਏ ਕਾਮਿਆਂ ਨੇ ਡਰਾਈਵਰ ਨੂੰ ਕੱਢਣ ਵਾਲੇ ਕਾਰਜਕਾਰੀ ਇੰਜਨੀਅਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨੌਕਰੀ ਬਹਾਲੀ ਕਰਵਾਉਣ ਦੀ ਮੰਗ ਕੀਤੀ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਇੰਜਨੀਅਰਿੰਗ ਵਿਭਾਗ ਖਾਸ ਕਰਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਮਨਜ਼ੂਰਸ਼ੁਦਾ ਅਸਾਮੀਆਂ ’ਤੇ ਸੇਵਾਮੁਕਤ ਮੁਲਾਜ਼ਮ ਭਰਤੀ ਕਰਨ ਦੀ ਆੜ ਹੇਠ ਯੂ.ਟੀ. ਪ੍ਰਸ਼ਾਸਨ ਨੇ ਆਊਟਸੋਰਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਸ਼ੁਰੂਆਤ ਬਿਜਲੀ ਵਿਭਾਗ ਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਨਾਕਾਮੀ ਦਾ ਖਾਮਿਆਜ਼ਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ। ਵਾਹਨ ਕੰਡਮ ਹੋਣ ਦਾ ਬਹਾਨਾ ਲਗਾ ਕੇ ਡਰਾਈਵਰ ਨੂੰ ਕੱਢਣ ਦੀ ਬਜਾਇ ਇਸ ਨੂੰ ਐਡਜਸਟ ਕਰਨਾ ਚਾਹੀਦਾ ਹੈ। ਸਮੇਂ ਸਿਰ ਨਵੀਂ ਗੱਡੀ ਦਾ ਐਸਟੀਮੇਟ ਪਾਸ ਕਰਕੇ ਨਵੀਂ ਗੱਡੀ ਖ਼ਰੀਦਣੀ ਚਾਹੀਦੀ ਹੈ, ਜਿਸ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਗੱਲ ’ਤੇ ਵੀ ਇਤਰਾਜ਼ ਕੀਤਾ ਕਿ ਇਕ ਪਾਸੇ ਸੇਵਾਮੁਕਤ ਮੁਲਾਜ਼ਮਾਂ ਨੂੰ ਸੋਧੀਆਂ ਹੋਈਆਂ ਪੋਸਟਾਂ ’ਤੇ ਰੱਖਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਪੜ੍ਹੇ-ਲਿਖੇ ਆਊਟਸੋਰਸ ਡਰਾਈਵਰਾਂ ਦੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ।
ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ, ਉੱਪ ਪ੍ਰਧਾਨ ਸੁਖਵਿੰਦਰ ਸਿੰਘ ਸਿੱਧੂ, ਪਾਨ ਸਿੰਘ, ਕਸ਼ਮੀਰ ਸਿੰਘ, ਅਮਿਤ ਢੀਗਰਾ, ਰਾਜਿੰਦਰ ਠਾਕੁਰ ਆਦਿ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਡਰਾਈਵਰ ਨੂੰ ਬਰਖਾਸਤ ਕਰਨ ਦਾ ਬਹਾਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਅੰਤ ਵਿੱਚ ਯੂਨੀਅਨ ਦੇ ਪ੍ਰਧਾਨ ਧਿਆਨ ਸਿੰਘ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੱਲ੍ਹ ਤੱਕ ਮੁਲਾਜ਼ਮ ਨੂੰ ਡਿਊਟੀ ’ਤੇ ਨਾ ਲਿਆ ਗਿਆ ਤਾਂ ਉਹ 7 ਜੁਲਾਈ ਨੂੰ ਮੁੜ ਕੰਮ ਦਾ ਬਾਈਕਾਟ ਕਰਕੇ ਵਿਸ਼ਾਲ ਹੜਤਾਲ ਕਰਨਗੇ।